ਅਮਰੀਕਾ ‘ਚ ਫ਼ਤਿਹਗੜ੍ਹ ਸਾਹਿਬ ਦੇ ਪੰਜਾਬੀ ਨੌਜਵਾਨ ਦਾ ਕਾਤਲ 7 ਸਾਲ ਬਾਅਦ FBI ਵੱਲੋਂ ਕਾਬੂ

TeamGlobalPunjab
2 Min Read

ਲਾਸ ਵੇਗਸ: ਅਮਰੀਕਾ ਵਿਚ ਸੱਤ ਸਾਲ ਪਹਿਲਾਂ ਕਤਲ ਕੀਤੇ ਫ਼ਤਿਹਗੜ੍ਹ ਸਾਹਿਬ ਦੇ ਮਨਪ੍ਰੀਤ ਸਿੰਘ ਘੁੰਮਣ ਦਾ ਕਾਤਲ ਐਫ਼.ਬੀ.ਆਈ. ਨੇ ਕਾਬੂ ਕਰ ਲਿਆ ਹੈ। ਮਾਜਰੀ ਕਿਸ਼ਨੇ ਵਾਲੀ ਪਿੰਡ ਦਾ ਮਨਪ੍ਰੀਤ ਸਿੰਘ, ਕੈਲੇਫ਼ੋਰਨੀਆ ਦੇ ਸਾਊਥ ਲੇਕ ਤਾਹੋ ਸ਼ਹਿਰ ਵਿਚ ਇਕ ਗੈਸ ਸਟੇਸ਼ਨ ‘ਤੇ ਕੰਮ ਕਰ ਰਿਹਾ ਸੀ ਜਦੋਂ 6 ਅਗਸਤ 2013 ਨੂੰ ਇਕ ਅਣਪਛਾਤਾ ਹਮਲਾਵਰ ਗੋਲੀ ਮਾਰ ਕੇ ਫ਼ਰਾਰ ਹੋ ਗਿਆ।

ਲਾਸ ਵੇਗਸ ਮੈਟਰੋਪਾਲਿਟਨ ਪੁਲਿਸ ਦੇ ਸਹਿਯੋਗ ਨਾਲ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਅਫ਼ਸਰਾਂ ਨੇ ਮੰਗਲਵਾਰ ਨੂੰ 34 ਸਾਲ ਦੇ ਸ਼ੌਨ ਡੋਨੋਹੋਅ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਵੇਲੇ ਲਾਸ ਵੇਗਸ ਦਾ ਵਸਨੀਕ ਸ਼ੌਨ, ਮਨਪ੍ਰੀਤ ਸਿੰਘ ਦੇ ਕਤਲ ਵੇਲੇ ਸਾਉਥ ਲੋਕ ਤਾਹੋ ਸ਼ਹਿਰ ਵਿਚ ਰਹਿੰਦਾ ਸੀ। ਪੁਲਿਸ ਵੱਲੋਂ ਉਸ ਵੇਲੇ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਸੀ ਕਿ 2479 ਲੇਕ ਤਾਹੋ ਬੁਲੇਵਾਰਡ ‘ਤੇ ਸਥਿਤ ਗੈਸ ਸਟੇਸ਼ਨ ‘ਤੇ ਇਕ ਨਕਾਬਪੋਸ਼ ਹਮਲਾਵਰ ਨੇ ਮਨਪ੍ਰੀਤ ਸਿੰਘ ਘੁੰਮਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਕੋਈ ਸੁਰਾਗ ਹੱਥ ਨਹੀਂ ਲੱਗਿਆ ਜਿਸ ਤੋਂ ਬਾਅਦ ਇਹ ਮਾਮਲਾ ਐਲ ਡੋਰਾਡੋ ਕਾਉਂਟੀ ਦੀ ਕੋਲਡ ਕੇਸ ਟਾਸਕ ਫੋਰਸ ਦੇ ਸਪੁਰਦ ਕਰ ਦਿਤਾ ਗਿਆ। ਕਈ ਸਾਲ ਦੀ ਜਾਂਚ ਪੜਤਾਲ ਮਗਰੋਂ ਜੁਲਾਈ 2017 ਵਿਚ ਐਲ ਡੋਰਾਡੇ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਵੱਲੋਂ ਕਤਲ ਦੀ ਵਾਰਦਾਤ ਸਬੰਧੀ ਇਕ ਵੀਡੀਓ ਜਾਰੀ ਕੀਤੀ ਗਈ ਜਿਸ ਰਾਹੀਂ ਕਾਤਲ ਨੂੰ ਫੜ੍ਹਨ ਦਾ ਰਾਹ ਪੱਧਰਾ ਹੋ ਗਿਆ। ਇਕ ਗਵਾਹ ਨੇ 2019 ਦੀਆਂ ਗਰਮੀਆਂ ਵਿਚ ਇਹ ਵੀਡੀਓ ਵੇਖੀ ਅਤੇ ਜਾਂਚਕਰਤਾਵਾਂ ਨਾਲ ਸੰਪਰਕ ਕਰਦਿਆਂ ਦੱਸਿਆ ਕਿ ਯੌਨ ਡੋਨੋਹੋਅ ਨਾਮ ਦੇ ਵਿਅਕਤੀ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਕਾਤਲ ਦੀ ਪਹਿਚਾਣ ਹੁੰਦਿਆਂ ਹੀ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿਤੀ ਅਤੇ ਹੁਣ ਉਸਨੂੰ ਲਾਸ ਵੇਗਸ ਤੋਂ ਕਾਬੂ ਕਰ ਲਿਆ।

Share this Article
Leave a comment