Father’s Day: ਬੱਚਿਆਂ ਦੀਆਂ ਖ਼ਾਹਿਸ਼ਾਂ ਤੇ ਸੁਫ਼ਨਿਆ ਦੀ ਪੂਰਤੀ ਨੂੰ ਸਮਰਪਿਤ ਹੁੰਦਾ ਹੈ ਪਿਤਾ

TeamGlobalPunjab
7 Min Read

ਲੱਖ ਛੁਪਾਵਾਂ ਮਾਂ ਆਪਣੀ ਤੋਂ, ਦੁੱਖ ਨਹੀਉਂ ਛੁਪਦਾ ਮੇਰਾ
ਪੜ੍ਹੀ ਲਿਖ਼ੀ ਨਹੀਂ ਮਾਂ ਮੇਰੀ ਪਰ ਝੱਟ ਪੜ੍ਹ ਲੈਂਦੀ ਚਿਹਰਾ।

ਕਿਸੇ ਸ਼ਾਇਰ ਦੇ ਇਹ ਬਾਕਮਾਲ ਬੋਲ ਇਸ ਗੱਲ ਦੀ ਸ਼ਾਹਦੀ ਭਰਦੇ ਨੇ ਕਿ ਮਾਂ ਦਾ ਰਿਸ਼ਤਾ ਇੰਨਾ ਗੂੜ੍ਹਾ ਤੇ ਨੇੜੇ ਦਾ ਹੁੰਦਾ ਹੈ ਕਿ ਮਾਂ ਬੱਚੇ ਦੀ ਹਰ ਦੱਸੀ ਤੇ ਅਣਦੱਸੀ ਗੱਲ ਨੂੰ ਉਸਦੇ ਚਿਹਰੇ ਦੇ ਹਾਵ-ਭਾਵ ਤੋਂ ਜਾਣ ਜਾਂਦੀ ਹੈ। ਨਿਰਸੰਦੇਹ ਮਾਂ ਤਾਂ ਰੱਬ ਦਾ ਦੂਜਾ ਰੂਪ ਹੈ ਤੇ ਉਸਦਾ ਦੇਣ ਕਦੇ ਨਹੀਂ ਦਿੱਤਾ ਜਾ ਸਕਦਾ ਹੈ ਪਰ ਹਰ ਧੀ ਜਾਂ ਪੁੱਤ ਦੇ ਜੀਵਨ ਨੂੰ ਸੁਆਰਨ ਤੇ ਸਜਾਉਣ ਵਿੱਚ ਬਾਪ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਇੱਕ ਬਾਪ ਭਾਵ ਇੱਕ ਪਿਤਾ ਉਮਰ ਭਰ ਤੰਗੀਆਂ-ਤੁਰਸ਼ੀਆਂ ਝੱਲ ਕੇ ਵੀ ਆਪਣੇ ਬੱਚਿਆਂ ਦੀਆਂ ਖ਼ਾਹਿਸ਼ਾਂ ਤੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਜੱਦੋਜਹਿਦ ਕਰਦਾ ਰਹਿੰਦਾ ਹੈ। ਜ਼ਿੰਦਗੀ ਦੇ ਸੰਘਰਸ਼ ਭਰੇ ਬਿਖੜੇ ਪੈਂਡੇ ‘ਤੇ ਚੱਲਦਿਆਂ ਹੋਇਆਂ ਉਹ ਆਪਣੇ ਸੁਫ਼ਨੇ ਤੇ ਆਪਣੀਆਂ ਖ਼ਾਹਿਸ਼ਾਂ ਤਾਂ ਭੁੱਲ ਹੀ ਜਾਂਦਾ ਹੈ। ਕਿਸੇ ਵਿਦਵਾਨ ਦਾ ਕਥਨ ਹੈ-‘‘ ਹਰੇਕ ਮੁੰਡੇ ਦੇ ਜੀਵਨ ਦਾ ਪਹਿਲਾ ਮਹਾਂਨਾਇਕ ਅਤੇ ਹਰੇਕ ਧੀ ਦਾ ਪਹਿਲਾ ਪਿਆਰ,ਉਸਦਾ ਅੱਬਾ ਭਾਵ ਪਿਤਾ ਹੀ ਹੁੰਦਾ ਹੈ’’।

ਕੋਈ ਅਤਿਕਥਨੀ ਨਹੀਂ ਕਿ ਮੁੰਡਿਆਂ ਦੇ ਮੁਕਾਬਲੇ ਧੀਆਂ ਦੀ ਆਪਣੇ ਬਾਬਲ ਨਾਲ ਸਾਂਝ ਕਿਤੇ ਜ਼ਿਆਦਾ ਹੁੰਦੀ ਹੈ। ਮਨੋਵਿਗਿਆਨੀ ਮੰਨਦੇ ਹਨ ਕਿ ਹਰੇਕ ਲੜਕੇ ਦੀ ਆਪਣੀ ਮਾਂ ਨਾਲ ਅਤੇ ਹਰੇਕ ਲੜਕੀ ਦੀ ਆਪਣੇ ਪਿਤਾ ਨਾਲ ਦਿਲੀ ਸਾਂਝ ਹੁੰਦੀ ਹੈ। ਧੀ ਬੇਸ਼ੱਕ ਬਾਪ ਤੋਂ ਭੈਅ ਵੀ ਖਾਂਦੀ ਹੈ ਪਰ ਬਾਪ ਨਾਲ ਉਸਦਾ ਪਿਆਰ ਅਕਹਿ ਤੇ ਅਮੁੱਕ ਹੁੰਦਾ ਹੈ। ਇਸ ਪ੍ਰਥਾਇ ਇੱਕ ਵਿਦਵਾਨ ਦੇ ਬੋਲ ਹਨ –‘‘ ਹਰੇਕ ਕੁੜੀ ਆਪਣੀ ਪਤੀ ਲਈ ਰਾਣੀ ਚਾਹੇ ਹੋਵੇ ਜਾਂ ਨਾ ਹੋਵੇ ਪਰ ਆਪਣੇ ਬਾਪ ਲਈ ਉਹ ਰਾਜਕੁਮਾਰੀ ਜ਼ਰੂਰ ਹੁੰਦੀ ਹੈ।’’ ਧੀਆਂ ਆਪਣੇ ਬਾਬਲ ਦੀਆਂ ਲਾਡਲੀਆਂ ਹੁੰਦੀਆਂ ਹਨ ਤੇ ਸਹੁਰੇ ਘਰ ਜਾ ਕੇ ਵੀ ਬਾਪ ਦੀ ਗਲਵਕੜੀ ਦਾ ਨਿੱਘ ਕਦੇ ਨਹੀਂ ਭੁੱਲਦੀਆਂ ਹਨ। ਪਿਤਾ ਦੇ ਪਿਆਰ ਨਾਲ ਸਰਾਬੋਰ ਇੱਕ ਧੀ ਦੇ ਬੋਲ ਹਨ:

‘‘ਮੇਰੇ ਅੰਦਰ ਅੱਜ ਵੀ ਬਚਪਨ ਜਿਊਂਦਾ ਏ
ਮੈਨੂੰ ਅੱਜ ਵੀ ਬਾਬਲ ‘ਲਾਡੋ’ ਆਖ ਬੁਲਾਉਂਦਾ ਏ।’’

- Advertisement -

ਭਾਰਤੀ ਸਮਾਜ ਵਿੱਚ ਇੱਕ ਪਿਤਾ ਬਾਰੇ ਆਮ ਰਾਏ ਹੈ ਕਿ ਉਹ ਸੁਭਾਅ ਦਾ ਸਖ਼ਤ ਹੁੰਦਾ ਹੈ ਪਰ ਇਹ ਗੱਲ ਸਾਰੇ ਜਾਣਦੇ ਨੇ ਕਿ ਉਹ ਬਾਹਰੋਂ ਕਿੰਨਾ ਵੀ ਸਖ਼ਤ ਕਿਉਂ ਨਾ ਹੋਵੇ ਪਰ ਅੰਦਰੋਂ ਦਿਲ ਤੋਂ ਬੇਹੱਦ ਨਰਮ ਤੇ ਔਲ੍ਹਾਦ ਨੂੰ ਹੱਦੋਂ ਵੱਧ ਪਿਆਰ ਕਰਨ ਵਾਲਾ ਹੁੰਦਾ ਹੈ। ਕਿਸੇ ਸਿਆਣੇ ਨੇ ਠੀਕ ਹੀ ਕਿਹਾ ਸੀ-‘‘ ਬਾਪ ਸੁਭਾਅ ਦਾ ਗਰਮ ਪਰ ਦਿਲ ਦਾ ਨਰਮ ਤੇ ਬੇਬੇ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲਾ ਹੁੰਦਾ ਹੈ। ਬੇਬੇ ਪਿਆਰ ਛੁਪਾਉਂਦੀ ਨਹੀਂ ਹੈ ਪਰ ਬਾਪੂ ਪਿਆਰ ਵਿਖ਼ਾਉਂਦਾ ਨਹੀਂ ਹੈ।’’ ਇਸੇ ਤਰ੍ਹਾਂ ਇੱਕ ਹੋਰ ਵਿਦਵਾਨ ਨੇ ਪਿਤਾ ਦੀ ਮਹਾਨਤਾ ਪ੍ਰਗਟਾਉਂਦਿਆਂ ਫ਼ਰਮਾਇਆ ਹੈ-‘‘ ਪਿਤਾ ਕਈ ਵਾਰ ਨਿੰਮ ਦੇ ਰੁੱਖ ਵਰਗਾ ਹੁੰਦਾ ਹੈ ਜਿਸਦੇ ਪੱਤੇ ਤਾਂ ਕੁਸੈਲੇ ਹੁੰਦੇ ਹਨ ਪਰ ਉਹ ਛਾਂ ਹਮੇਸ਼ਾ ਠੰਡੀ ਹੀ ਦਿੰਦਾ ਹੈ’’। ਪਿਤਾ ਹੀ ਅਸਲ ਵਿੱਚ ਕਿਸੇ ਬੱਚੇ ਨੂੰ ਪਹਿਲਾਂ ਘਰ ਵਿੱਚ ਤੇ ਫਿਰ ਦੁਨੀਆਂ ਵਿੱਚ ਚੱਲਣਾ ਸਿਖਾਉਂਦਾ ਹੈ। ਉਹ ਆਪ ਤਕਲੀਫ਼ਾਂ ਝੱਲ ਲੈਂਦਾ ਹੈ ਪਰ ਔਲ੍ਹਾਦ ਦੇ ਸੁੱਖ ਲਈ ਪੂਰੀ ਵਾਹ ਲਾ ਦਿੰਦਾ ਹੈ। ਉਹ ਦੁਨੀਆਂ ਦਾ ਇਕੱਲਾ ਐਸਾ ਸ਼ਖ਼ਸ ਹੁੰਦਾ ਹੈ ਜੋ ਇਹ ਚਾਹੁੰਦਾ ਹੈ ਕਿ ਉਸਦੇ ਬੱਚੇ ਉਸ ਤੋਂ ਵੀ ਵੱਧ ਕਾਮਯਾਬ ਹੋਣ। ਇੱਕ ਅਜਿਹੇ ਪਿਤਾ ਦਾ ਫ਼ਰਜ਼ੰਦ ਆਪਣੇ ਪਿਤਾ ਬਾਰੇ ਜਜ਼ਬਾਤ ਬਿਆਨ ਕਰਦਿਆਂ ਹੋਇਆਂ ਆਖਦਾ ਹੈ:

‘‘ ਪਿਤਾ ਹਾਰ ਕਰ ਬਾਜ਼ੀ ਹਮੇਸ਼ਾ ਮੁਸਕੁਰਾਇਆ
ਸ਼ਤਰੰਜ ਕੀ ਉਸ ਜੀਤ ਕੋ ਮੈਂ ਅਬ ਸਮਝ ਪਾਇਆ।’’

ਇੱਕ ਸਮਰਪਿਤ ਪਿਤਾ ਖ਼ੁਦ ਫ਼ਾਕੇ ਕੱਟ ਕੇ ਵੀ ਬੱਚਿਆਂ ਦਾ ਪੇਟ ਭਰਨ ਲਈ ਦਿਨ ਰਾਤ ਮੁਸ਼ੱਕਤ ਕਰਦਾ ਹੈ। ਔਲ੍ਹਾਦ ਦੀ ਬਿਹਤਰ ਪਰਵਰਿਸ਼ ਹੀ ਉਸਦੀ ਜ਼ਿੰਦਗੀ ਦਾ ਇੱਕਮਾਤਰ ਮਕਸਦ ਹੁੰਦੀ ਹੈ। ਉਰਦੂ ਦੇ ਕਿਸੇ ਸ਼ਾਇਰ ਦੇ ਬਹੁਤ ਹੀ ਖ਼ੂਬਸੂਰਤ ਬੋਲ ਹਨ:

‘‘ ਜੇਬ ਖ਼ਾਲੀ ਹੋ ਫ਼ਿਰ ਭੀ ਮਨ੍ਹਾ ਕਰਤੇ ਨਹੀਂ ਦੇਖਾ
ਮੈਂਨੇ ਅਪਨੇ ਅੱਬਾ ਸੇ ਅਮੀਰ ਸ਼ਖ਼ਸ ਨਹੀਂ ਦੇਖਾ। ’’
ਅਤੇ
‘‘ ਉਮਰ ਭਰ ਏਕ ਪੈਰ ਪਰ ਦੌੜਤਾ ਹੈ ਹਰ ਪਿਤਾ
ਅਪਨੇ ਬੱਚੋਂ ਕੋ ਉਨਕੇ ਪੈਰੋਂ ਪੇ ਖੜ੍ਹੇ ਕਰਨੇ ਕੇ ਲੀਏ।’’

ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ ਤੇ ਇੱਕ ਬਾਪ ਅਖ਼ੀਰ ਬਜ਼ੁਰਗ ਹੋ ਜਾਂਦਾ ਹੈ। ਉਮਰ ਦੇ ਇਸ ਮੁਕਾਮ ‘ਤੇ ਉਸਨੂੰ ਔਲ੍ਹਾਦ ਦੇ ਸਹਾਰੇ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਕਹਿੰਦੇ ਹਨ –‘‘ ਜਦੋਂ ਪੁੱਤ ਦੇ ਪੈਰ ‘ਚ ਬਾਪ ਦੀ ਜੁੱਤੀ ਆਉਣ ਲੱਗ ਪਏ ਤਾਂ ਪੁੱਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸਦੇ ਪਿਤਾ ਨੂੰ ਉਸਦੇ ਸਹਾਰੇ ਦੀ ਲੋੜ ਹੈ ’’। ਪਰ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਨਾਸ਼ੁਕਰੇ ਬੱਚੇ ਉਮਰ ਦੇ ਇਸ ਪੜ੍ਹਾਅ ‘ਤੇ ਆਪਣੇ ਮਾਪਿਆਂ ਨੂੰ ਜਾਂ ਤਾਂ ਇੱਕਲਿਆਂ ਛੱਡ ਜਾਂਦੇ ਹਨ ਜਾਂ ਫਿਰ ਬਿਰਧ ਆਸ਼ਰਮਾਂ ਦੇ ਹਵਾਲੇ ਕਰ ਜਾਂਦੇ ਹਨ। ਕਈ ਅਖੌਤੀ ਪੁੱਤ ਤੇ ਧੀਆਂ ਆਪਣੇ ਮਾਪਿਆਂ ਨੂੰ ਸਮਾਜਿਕ ਸ਼ਰਮ ਕਰਕੇ ਆਪਣੇ ਨਾਲ ਤਾਂ ਰੱਖਦੇ ਹਨ ਪਰ ਵਰਤੋਂਵਿਹਾਰ ਬੜਾ ਹੀ ਬੁਰਾ ਕਰਦੇ ਹਨ। ਇਹ ਸੋਚ ਤੇ ਵਿਹਾਰ ਬੇਹੱਦ ਸ਼ਰਮਨਾਕ ਹੈ। ਕਿਸੇ ਸਿਆਣੇ ਨੇ ਠੀਕ ਹੀ ਕਿਹਾ ਹੈ-‘‘ ਮਾਪੇ ਜਾਣਦੇ ਹਨ ਕਿ ਉਹ ਰਹਿ ਤਾਂ ਰਹੇ ਨੇ ਪੁੱਤਾਂ ਦੇ ਘਰ ਪਰ ਉਵੇਂ ਨਹੀਂ ਜਿਵੇਂ ਪੁੱਤ ਰਹਿੰਦੇ ਸੀ ਉਨ੍ਹਾ ਦੇ ਘਰ ’’।

- Advertisement -

ਕੁਝ ਇੱਕ ਅਜਿਹੇ ਪੁੱਤ ਤੇ ਧੀਆਂ ਵੀ ਹਨ ਜੋ ਮਾਪਿਆਂ ਨੂੰ ਬੇਹੱਦ ਪਿਆਰ ਕਰਦੇ ਹਨ ਤੇ ਆਖ਼ਰੀ ਸਾਹ ਤੱਕ ਉਨ੍ਹਾ ਦਾ ਸਤਿਕਾਰ ਕਰਦੇ ਰਹਿੰਦੇ ਹਨ। ਉਹ ਦਿਨ ਰਾਤ ਰੱਬ ਅੱਗੇ ਮਾਪਿਆਂ ਦੀ ਸੁੱਖਸਾਂਦ ਦੀਆਂ ਦੁਆਵਾਂ ਕਰਦੇ ਹਨ ਤੇ ਉਹਨਾਂ ਦੀ ਹਰ ਘੜੀ ਦੇਖ਼ਭਾਲ ਕਰਦੇ ਹਨ। ਅਜਿਹੀ ਔਲ੍ਹਾਦ ਦੇ ਬੁੱਲਾਂ ‘ਤੇ ਹਮੇਸ਼ਾ ਹੀ ਇਹ ਦੁਆ ਰਹਿੰਦੀ ਹੈ:

‘‘ ਉਂਗਲੀ ਪਕੜ ਕੇ ਚਲਨਾ ਸਿਖਾਇਆ ਹਮਕੋ
ਅਪਨੀ ਨੀਂਦ ਦੇ ਕੇ ਚੈਨ ਸੇ ਸੁਲਾਇਆ ਹਮਕੋ
ਕੋਈ ਦੁੱਖ ਨਾ ਦੇਨਾ ਐ ਖ਼ੁਦਾ ਉਨ ਕੋ
ਲੇ ਲੇਨਾ ਜਾਨ ‘ਗਰ ਭੂਲ ਸੇ ਭੀ ਰੁਲਾਇਆ ਉਨਕੋ।’’

ਜਿਹੜੇ ਧੀਆਂ-ਪੁੱਤ ਆਪਣੇ ਬਾਪ ਨੂੰ ਹਮੇਸ਼ਾ ਲਈ ਗੁਆ ਚੁੱਕੇ ਹਨ ਉਹ ਪਿਤਾ ਦੇ ਨਾ ਹੋਣ ਦਾ ਦਰਦ ਸਮਝਦੇ ਹਨ। ਅੱਜ ‘ ਪਿਤਾ ਦਿਵਸ ’ ਦੇ ਮੌਕੇ ‘ਤੇ ਆਪਣੇ ਪਿਤਾ ਤੋਂ ਸੱਖਣੇ ਵਿਹੜੇ ਵੱਲ ਝਾਤੀ ਮਾਰ ਕੇ ਨਮ ਅੱਖਾਂ ਨਾਲ ਆਖ਼ਦੇ ਨੇ :

‘‘ਰੁੱਤਾਂ ਮੁੜ ਮੁੜ ਆਉਂਦੀਆਂ ਨੇ
ਪਾਪਾ ਤੁਸੀਂ ਕਿਉਂ ਨਹੀਂ ਆਉਂਦੇ
ਓਹੀ ਘਰ ਓਹੀ ਹੈ ਵਿਹੜਾ
ਪਰ ਤੁਸੀਂ ਨਜ਼ਰ ਨਹੀਂ ਆਉਂਦੇ। ’’

ਸੋ ਜਿਨ੍ਹਾ ਭਾਗਾਂ ਵਾਲਿਆਂ ਕੋਲ ਮਾਪਿਆਂ ਜਿਹੀ ਅਨਮੋਲ ਦੌਲਤ ਮੌਜੂਦ ਹੈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮਾਪਿਆਂ ਦੀ ਰੱਜ ਕੇ ਸੇਵਾ ਕਰਨ ਤੇ ਉਨ੍ਹਾਂ ਤੋਂ ਢੇਰ ਸਾਰੀਆਂ ਦੁਆਵਾਂ ਲੈਣ।

 

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

Share this Article
Leave a comment