FATF ਦੀ ਸਖ਼ਤ ਚੇਤਾਵਨੀ: ਪਾਕਿਸਤਾਨ ਗ੍ਰੇਅ ਲਿਸਟ ਤੋਂ ਬਾਹਰ, ਪਰ ਖ਼ਤਰਾ ਹਾਲੇ ਬਾਕੀ!

Global Team
2 Min Read

ਨਿਊਜ਼ ਡੈਸਕ: ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਨੇ ਪਾਕਿਸਤਾਨ ਨੂੰ ਇੱਕ ਵਾਰ ਮੁੜ ਸਖ਼ਤ ਚਿਤਾਵਨੀ ਦਿੱਤੀ ਹੈ। ਐੱਫਏਟੀਐੱਫ ਨੇ ਕਿਹਾ ਕਿ ਅਕਤੂਬਰ 2022 ਵਿੱਚ ਗ੍ਰੇਅ ਲਿਸਟ ਤੋਂ ਬਾਹਰ ਨਿਕਲਣਾ ਇਹ ਮਤਲਬ ਨਹੀਂ ਕਿ ਪਾਕਿਸਤਾਨ ਮਨੀ ਲਾਂਡਰਿੰਗ ਤੇ ਅੱਤਵਾਦੀ ਫੰਡਿੰਗ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋ ਗਿਆ ਹੈ।

ਅਪਰਾਧ ਰੋਕਣ ਲਈ ਲਗਾਤਾਰ ਕੰਮ ਕਰਨਾ ਜ਼ਰੂਰੀ

ਫਰਾਂਸ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਐੱਫਏਟੀਐੱਫ ਪ੍ਰਧਾਨ ਐਲੀਸਾ ਡੀ ਆਂਦਾ ਮਾਦਰਾਜ਼ੋ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਸਮੇਤ ਸਾਰੇ ਦੇਸ਼ਾਂ ਨੂੰ ਅਪਰਾਧਾਂ ਨੂੰ ਰੋਕਣ ਤੇ ਟਾਲਣ ਲਈ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਹੈ।

ਮਾਦਰਾਜ਼ੋ ਨੇ ਸਪੱਸ਼ਟ ਕਿਹਾ ਕਿ ਗ੍ਰੇਅ ਲਿਸਟ ਤੋਂ ਬਾਹਰ ਨਿੱਕਲਣਾ ਇਹ ਅਧਿਕਾਰ ਨਹੀਂ ਦਿੰਦਾ ਕਿ ਅੱਤਵਾਦੀ ਫੰਡਿੰਗ ਵਿਰੁੱਧ ਕਾਰਵਾਈ ਵਿੱਚ ਢਿੱਲ ਦਿੱਤੀ ਜਾਵੇ। ਐੱਫਏਟੀਐੱਫ ਨੇ ਸ਼ੁੱਕਰਵਾਰ ਨੂੰ ਆਪਣੀ ਤਾਜ਼ਾ ਮੀਟਿੰਗ ਵਿੱਚ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਉਸ ਨੂੰ ਮਨੀ ਲਾਂਡਰਿੰਗ ਤੇ ਅੱਤਵਾਦੀ ਫੰਡਿੰਗ ਰੋਕਣ ਲਈ ਆਪਣੀਆਂ ਵਚਨਬੱਧਤਾਵਾਂ ਨਿਰੰਤਰ ਪੂਰੀਆਂ ਕਰਨੀਆਂ ਪੈਣਗੀਆਂ।

2022 ਵਿੱਚ ਗ੍ਰੇਅ ਲਿਸਟ ਤੋਂ ਬਾਹਰ ਆਇਆ ਸੀ ਪਾਕਿਸਤਾਨ

ਜੂਨ 2018 ਵਿੱਚ ਪਾਕਿਸਤਾਨ ਨੂੰ ਐੱਫਏਟੀਐੱਫ ਦੀ ਗ੍ਰੇ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ। ਬਾਅਦ ਵਿੱਚ ਕਈ ਸੁਧਾਰ ਕਰਨ ਤੋਂ ਬਾਅਦ ਅਕਤੂਬਰ 2022 ਵਿੱਚ ਉਹ ਇਸ ਸੂਚੀ ਤੋਂ ਬਾਹਰ ਆ ਗਿਆ। ਪਰ ਐੱਫਏਟੀਐੱਫ ਨੇ ਸਪੱਸ਼ਟ ਕੀਤਾ ਕਿ ਅੱਤਵਾਦੀ ਫੰਡਿੰਗ ਬਾਰੇ ਨਿਗਰਾਨੀ ਜਾਰੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੇ ਗੰਭੀਰ ਨਤੀਜੇ ਹੋ ਸਕਦੇ ਹਨ।

ਪਾਕਿਸਤਾਨ ‘ਤੇ ਲੱਗਦੇ ਰਹੇ ਹਨ ਇਹ ਦੋਸ਼

ਐੱਫਏਟੀਐੱਫ ਨੇ ਪਾਕਿਸਤਾਨ ਤੋਂ ਅੱਤਵਾਦੀ ਸੰਗਠਨਾਂ ਦੇ ਵਿੱਤੀ ਨੈੱਟਵਰਕ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੇ ਅੰਤਰਰਾਸ਼ਟਰੀ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਹ ਚਿਤਾਵਨੀ ਉਸ ਸਮੇਂ ਆਈ ਹੈ ਜਦੋਂ ਪਾਕਿਸਤਾਨ ‘ਤੇ ਅੱਤਵਾਦੀ ਸਮੂਹਾਂ ਨੂੰ ਵਿੱਤੀ ਸਹਾਇਤਾ ਰੋਕਣ ਵਿੱਚ ਅਸਫਲ ਰਹਿਣ ਦੇ ਦੋਸ਼ ਲੱਗਦੇ ਰਹੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment