ਫ਼ਤਿਹ ਦਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ – ਡਾ. ਰੂਪ ਸਿੰਘ

TeamGlobalPunjab
18 Min Read

“ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ, ਮੌਤ ਭੀ ਹਯਾਤ ਹੈ”
ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ, ਸਿੱਖ ਕੌਮ ਦਾ ਸਿੱਕਾ ਚਲਾਉਣ ਵਾਲੇ, ਸੂਬਾ ਸਰਹਿੰਦ ਨੂੰ ਸੋਧਾ ਲਾਣ ਵਾਲੇ, ਸੂਰਬੀਰ ਯੋਧੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਿਸ਼ੇਸ਼ ਬਖਸ਼ਿਸ਼ ਦੇ ਪਾਤਰ,ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਮਹਾਂ ਨਾਇਕ ਹੋਏ ਹਨ। ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਅਸੀਂ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ। ਬਾਬਾ ਜੀ ਦੀ ਮਹਾਨ ਸ਼ਹਦਾਤ ‘ਤੇ ਸਿੱਖ ਪੰਥ ਦੇ ਉਘੇ ਵਿਦਵਾਨ ਤੇ ਸਿੱਖ ਚਿੰਤਕ ਡਾ. ਰੂਪ ਸਿੰਘ ਦਾ ਵਿਸ਼ੇਸ਼ ਖੋਜ ਭਰਪੂਰ ਲੇਖ ਪ੍ਰਕਸ਼ਿਤ ਕੀਤਾ ਜਾ ਰਿਹਾ ਹੈ ਇਸ ਲੇਖ ਵਿੱਚ ਬਾਬਾ ਜੀ ਦੇ ਜੀਵਨ ਦੀ ਜਾਣਕਾਰੀ ਸੰਖੇਪ ਵਿੱਚ ਬੜੇ ਸੁਚੱਜੇ ਢੰਗ ਨਾਲ ਦਿੱਤੀ ਗਈ ਹੈ। -ਡਾ. ਗੁਰਦੇਵ ਸਿੰਘ


-ਡਾ. ਰੂਪ ਸਿੰਘ

ਫ਼ਤਿਹ ਦਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ

ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪੰਥਕ ਸੇਵਾਵਾਂ ਬਾਰੇ ਵੀਚਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ’ਤੇ ਪੰਛੀ ਝਾਤ ਪਾਉਣੀ ਜਰੂਰੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਜੰਮੂ ਰਿਆਸਤ ਪੁਣਛ ਖੇਤਰ ਦੇ ਪਿੰਡ ਰਾਜੋਰੀ ’ਚ 16 ਅਕਤੂਬਰ, 1670 ਈ: ’ਚ ਰਾਮਦੇਵ ਰਾਜਪੂਤ ਦੇ ਘਰ ਹੋਇਆ, ਬਚਪਨ ’ਚ ਸ਼ਿਕਾਰ ਖੇਡਣ ਦੀ ਲਗਨ ਲਛਮਨ ਦੇਵ ਨੂੰ ਵੀ ਲੱਗ ਗਈ ਕਿਉਂਕਿ ਜੰਗਲੀ ਤੇ ਪਹਾੜੀ ਇਲਾਕੇ ’ਚ ਸ਼ਿਕਾਰੀ ਸੁਭਾਉ ਹੋਣਾ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਆਪ ਸ਼ਿਕਾਰ ਹੋ ਜਾਉਗੇ। ਇਕ ਦਿਨ ਇਨ੍ਹਾਂ ਪਾਸੋਂ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ-ਇਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹਿਰਨੀ ਤੇ ਹਿਰਨੀ ਦੇ ਬੱਚੇ ਦਮ ਤੋੜ ਗਏ-ਨਰਮ ਦਿਲ ਲਛਮਣ ਦੇਵ ਦਾ ਦਿਲ ਟੁੱਟ ਗਿਆ, ਉਸਨੇ ਕਮਾਨ ਤੋੜ ਦਿੱਤੀ-ਤੀਰ ਵਗਾਹ ਮਾਰੇ-ਸ਼ਿਕਾਰੀ ਪਹਿਰਾਵਾ ਲਾਹ-ਫਕੀਰੀ ਬਾਣਾ ਧਾਰਣ ਕਰ ਲਿਆ। ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਹੀ ਘਰ-ਬਾਰ ਤਿਆਗ ਪਹਾੜੀ ਚੋਟੀਆਂ ਤੇ ਢਲਾਣਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਜੀਵਨ ’ਤੇ ਫ਼ਤਿਹ ਕਰਨ ਦੇ ਢੰਗ ਤਰੀਕੇ ਭਾਲਦਾ ਜਮਾਦਰੂ ਸ਼ਿਕਾਰੀ ਬਿਰਤੀ ਸੁਭਾਅ ਤਿਆਗ ਕੇ ਪਹਿਲੀ ਫ਼ਤਿਹ ਪ੍ਰਾਪਤ ਕੀਤੀ। ਮੈਦਾਨੀ ਇਲਾਕੇ ਪੰਜਾਬ, ਯੂ.ਪੀ ਆਦਿ ਦਾ 7 ਸਾਲ ਭ੍ਰਮਣ ਕੀਤਾ ਤੇ ਜਾਨਕੀਦਾਸ ਵੈਸ਼ਨਵ ਸਾਦ ਦਾ ਚੇਲਾ ਬਣ ਗਿਆ। ਸਾਧਾਂ-ਸੰਤਾਂ, ਜੋਗੀਆਂ ਦੀ ਸੰਗਤ ਕੀਤੀ ਪਰ ਮਨ ਕਾਬੂ ਨਾ ਆਇਆ ਭਾਵ ਮਨ ਜਿੱਤਣ ਵਾਸਤੇ ਹੋਰ ਭਰਮਣ ਕਰਨ ਲੱਗਾ।

ਭਾਰਤ ਭਰਮਣ ਕਰਦਾ-ਭਾਉਂਦਾ/ਭਟਕਦਾ ਮਨਵਾੜ ਹੁੰਦਾ ਹੋਇਆ ਨਾਂਦੇੜ ’ਚ ਲਛਮਣ ਦਾਸ ਬੈਰਾਗੀ ਗੁਦਾਵਰੀ ਦੇ ਰਮਣੀਕ ਕੰਢੇ ’ਤੇ ਡੇਰਾ ਬਣਾ ਬੈਠ ਗਿਆ। ਭੁਲੇ-ਭਟਕੇ ਲਾਚਾਰ, ਲੋੜਵੰਦ ਲੋਕ ਆਉਂਦੇ, ਲਛਮਣਦਾਸ ਦੇ ਚਰਨ ਸਪਰਸ਼ ਕਰਦੇ-ਅਸ਼ੀਰਵਾਦਾਂ ਪ੍ਰਾਪਤ ਕਰ ਆਤਮਿਕ ਸੰਤੁਸ਼ਟੀ ਪ੍ਰਾਪਤ ਕਰਦੇ। ਉਸ ਵੇਲੇ ਤੀਕ ਲਛਮਣ ਦਾਸ–ਮਾਧੋਦਾਸ ਬੈਰਾਗੀ ਨਾਂ ਨਾਲ ਪ੍ਰਸਿੱਧ ਹੋ ਚੁੱਕਾ ਸੀ। ਡੇਰਾ ਚਲ ਪਿਆ-ਚੇਲੇ ਥਾਪ ਲਏ-ਆਏ ਗਏ ਮਹਾਂਪੁਰਸ਼ਾਂ ਨੂੰ ਕਰਾਮਾਤੀ ਪਲੰਘ ’ਤੇ ਬਿਠਾਉਣਾ ਤੇ ਉਲਟਾ ਦੇਣਾ-ਇਹ ਮਾਧੋਦਾਸ ਦਾ ਸ਼ੌਕ ਸੀ। ਮਾਧੋਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਨਣ ਦਾ ਸਫਰ ਬੜਾ ਕਲਾਤਮਕ ਹੈ। ਮਾਧੋਦਾਸ ਬੈਰਾਗੀ 18 ਸਾਲ ਗੋਦਾਵਰੀ ਦੇ ਕਿਨਾਰੇ ਨਾਂਦੇੜ ਰਿਹਾ। ਇਸ ਸਮੇਂ ਦੌਰਾਨ ਉਸਨੂੰ ਆਪਣੇ ਤਪ-ਤੇਜ, ਬੁੱਧੀ ਤੇ ਸ਼ਕਤੀ ’ਤੇ ਬਹੁਤ ਫਖ਼ਰ ਸੀ। ਸਧਾਰਣ ਲੋਕਾਂ ਦੀ ਮਨੋਆਸਥਾ ’ਤੇ ਉਹ ਫ਼ਤਿਹ ਕਰ ਚੁੱਕਾ ਸੀ। ਮਾਧੋਦਾਸ ਦੇ ਕਰਾਮਾਤੀ ਤੇ ਸ਼ਕਤੀਸ਼ਾਲੀ ਹੋਣ ਬਾਰੇ ਮਹੰਤ ਜੈਂਤ ਰਾਮ ਨੇ ਗੁਰੂ ਗੋਬਿੰਦ ਸਿੰਘ ਦੱਸ ਦਿਤਾ ਸੀ।

- Advertisement -

ਦੱਖਣ ਯਾਤਰਾ ਸਮੇਂ 1708 ਈ: ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਪਹੁੰਚੇ। ਗੁਰਦੇਵ ਪਿਤਾ ਸਿੰਘਾਂ ਦੇ ਦਲ ਸਮੇਤ ਗੁਦਾਵਰੀ ਦੇ ਕਿਨਾਰੇ ਮਾਧੋਦਾਸ ਦੇ ਡੇਰੇ ਪਹੁੰਚੇ ’ਤੇ ਪਲੰਘ ’ਤੇ ਬਿਰਾਜਮਾਨ ਹੋ ਗਏ, ਉਸ ਸਮੇਂ ਮਾਧੋਦਾਸ ਡੇਰੇ ਵਿਚ ਨਹੀਂ ਸੀ-ਜਦ ਡੇਰੇ ਪਹੁੰਚਾ ਤਾਂ ਗੁਰੂ ਜੀ ਨੂੰ ਪਲੰਘ ’ਤੇ ਬੈਠਾ ਦੇਖ ਕੇ ਬਹੁਤ ਕ੍ਰੋਧਵਾਨ ਹੋਇਆ ਕਿ ਕੌਣ ਹੈ, ਜੋ ਮੇਰੇ ਪਲੰਘ ’ਤੇ ਬਿਰਾਜਮਾਨ ਹੈ ? ਗੁੱਸੇ ’ਚ ਆਮ ਵਾਂਗ ਪਲੰਘ ਉਲਟਾਉਣ ਦਾ ਯਤਨ ਕੀਤਾ ਪਰ ਸਭ ਅਸਫਲ। ਕਈ ਰਿਧੀਆਂ-ਸਿਧੀਆਂ, ਕਰਾਮਾਤਾਂ ਕਰਨ ਦਾ ਯਤਨ ਕੀਤਾ ਪਰ ਅਖੀਰ ਚਰਨੀਂ ਢਹਿ ਪਿਆ। ਮਨ ਜਿੱਤਣ ਦੀ ਗੁੜਤੀ ਤੇ ਮੌਤ ’ਤੇ ਵੀ ਫ਼ਤਿਹ ਪ੍ਰਾਪਤ ਕਰਨ ਵਾਸਤੇ ਜੋਦੜੀ ਕਰਨ ਲੱਗਾ। ਨੈਣ ਨੀਵੇਂ ਕਰਕੇ ਕਹਿਣ ਲੱਗਾ-ਸੁਆਮੀ ਬਖਸ਼ ਲਵੋ, ਮੈਂ ਤੁਹਾਡਾ ‘ਬੰਦਾ ਹਾਂ। ਜੀਵਨ ਲਕਸ਼ ਗੁਰਮਤਿ ਅਨੁਸਾਰ ਜੀਵਨ ਮੁਕਤੀ ਹੈ। ਜੀਵਨ-ਮੁਕਤੀ ਦਾ ਭਾਵ ਨਿਰਭਉ-ਨਿਰਵੈਰ ਨਾਲ ਇਤਨਾ ਜੁੜ ਜਾਣਾ ਹੈ ਕੇ ਖੁਦ ਵੀ ਨਿਰਭਉ-ਨਿਰਵੈਰ ਹੋ ਜਾਣਾ। ਮਨੁੱਖੀ ਜੀਵਨ ’ਚ ਸਭ ਤੋਂ ਵੱਡਾ ਡਰ ਮੌਤ ਦਾ ਹੁੰਦਾ ਹੈ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਪੰਥਕ ਪਰਿਵਾਰ ਦਾ ਮੈਂਬਰ ਬਣ, ਫ਼ਤਿਹ ਦੀ ਬਾਦਸ਼ਾਹਤ ਪ੍ਰਾਪਤ ਕਰਨ ਲਈ ਗੁੜ੍ਹਤੀ ਪ੍ਰਾਪਤ ਕੀਤੀ। ਗੁਰੂ ਜੀ ਨੇ ਬੰਦਾ ਸਿੰਘ ਨੂੰ ਤੋੜੀ ਹੋਈ ਕਮਾਨ ਦੀ ਥਾਂ ਨਾ ਟੁੱਟਣ ਵਾਲੀ ਕਮਾਨ ਤੇ ਫੌਲਾਦੀ ਤੀਰ ਬਖਸ਼ਿਸ਼ ਕੀਤੇ ਤੇ ਹੁਕਮ ਕੀਤਾ ਕਿ ਪਹਿਲਾਂ ਨਿਰਦੋਸ਼ ਜਾਨਵਰਾਂ ਦਾ ਸ਼ਿਕਾਰ ਕਰਦਾ ਸਾਂ-ਹੁਣ ਤੂੰ ਜ਼ਬਰ-ਜ਼ੁਲਮ ਤੇ ਅਤਿਆਚਾਰ ਦੀ ਹਨੇਰੀ ਨੂੰ ਠੱਲਣ ਵਾਸਤੇ ਅਤਿਆਚਾਰੀ ਹਾਕਮਾਂ-ਜ਼ਾਲਮਾਂ ਦਾ ਸ਼ਿਕਾਰ ਕਰ ਅਤੇ ਜ਼ਬਰ-ਜ਼ੁਲਮ ਦੀ ਖੂਨੀ ਹਨੇਰੀ ਰੋਕਣ ਵਾਸਤੇ ਮੌਤ ਦੇ ਭੈ ਤੋਂ ਸੁਤੰਤਰ ਹੋ ਫ਼ਤਿਹ ਦਾ ਬਾਦਸ਼ਾਹ ਬਣ। ਜਦ ਵੀ ਤੈਨੂੰ ਜ਼ਰੂਰਤ ਪਵੇ ਗੁਰੂ ਗ੍ਰੰਥ- ਗੁਰੂ ਪੰਥ ਅਗੇ ਅਰਦਾਸ ਕਰੀ ਤੈਨੂੰ ਫ਼ਤਿਹ ਪ੍ਰਾਪਤ ਹੋਵੇਗੀ। ਗੁਰੂ-ਪੰਥ ਤੇਰੀ ਸਹਾਇਤਾ ਕਰੇਗਾ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਜੀ ਦੇ ਹੁਕਮ ਦਾ ਆਖਰੀ ਸਾਹਾਂ ਤੀਕ ਪਬੰਦ ਰਿਹਾ। ਬੰਦਾ-ਬੰਦੇ-ਬੰਦਗੀ ਸ਼ਬਦ ’ਚ ਇਕ ਰੂਹਾਨੀ ਸਾਂਝ ਹੈ। ਬੰਦਾ ਹੀ ਬੰਦਗੀ ਅਖਤਿਆਰ ਕਰ ਸਕਦਾ ਹੈ ਅਤੇ ਬੰਦਾ ਤਦ ਹੀ ਬੰਦਾ ਹੈ ਜੇ ਉਹ ਬੰਦਗੀ ਅਖਤਿਆਰ ਕਰਦਾ ਹੈ। ਗੁਰਬਾਣੀ ਦੇ ਕਥਨ ਹਨ:

ਬੰਦੇ ਬੰਦਗੀ ਇਕਤੀਆਰ ॥
ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ॥ (ਪੰਨਾ ੭੨੪) 

ਘਰਿ ਤਿਆਗ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੁਆਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਹੀ ‘ਬੰਦਗੀ’ ਕਰਨੀ ਸ਼ੁਰੂ ਕਰ ਦਿੱਤੀ, ਪਰ ਇਹ ਬੰਦਗੀ ਗੁਰਮਤਿ ਵਿਚਾਰਧਾਰਾ ਅਨੁਸਾਰੀ ਨਹੀਂ ਸੀ-ਗੁਰੂ ਜੀ ਦੇ ਮਿਲਾਪ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੀਵਨ ਆਦਰਸ਼ ਦੀ ਸਮਝ ਲੱਗੀ ਤਾਂ ਉਹ ਬੋਲ ਉੱਠਿਆ ਹੇ ਗੁਰੂਦੇਵ! ਮੈਂ ਤੇਰਾ ਦਾਸ, ਗੁਲਾਮ, ਬੰਦਾ ਹਾਂ, ਹੇ ਮਾਲਕ ਸੁਆਮੀ ਤੇਰੀ ਕੀਰਤੀ ਹੀ ਹੁਣ ਮੇਰੇ ਮਨ ਨੂੰ ਭਾਉਂਦੀ ਹੈ:

ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ॥  (ਅੰਗ ੪੮੦) 

ਗੁਰੂ ਜੀ ਨੇ ਬਾਬਾ ਬੰਦਾ ਸਿੰਘ ਨੂੰ ਸਮਝਾਇਆ ਕਿ ਬੰਦੇ ਚਸਮ ਦੀਦੰ ਫਨਾਇ ॥ ਜੋ ਕੁਝ ਦਿਖਾਈ ਦੇਂਦਾ ਹੈ–ਸਭ ਨਾਸ਼ਵਾਨ ਹੈ। ਆਪਣੇ ਮਨ ਨੂੰ ਇਕਾਗਰ ਕਰਨ ’ਤੇ ਦੁਬਿਧਾ ਨੂੰ ਛੱਡ ਤੇ ਪਰੇਸ਼ਾਨੀਆਂ ਤੋਂ ਬਚ: ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥ (ਅੰਗ ੭੨੭) ਬੰਦੇ ਦੀ ਭਟਕਣਾ–ਗੁਰੂ ਮਿਲਾਪ ਤੋਂ ਬਾਅਦ ਖਤਮ ਹੋ ਗਈ–ਬਸ ਫਿਰ ਕੀ ਸੀ, ਇਸ ਸੰਸਾਰ ਦੀ ਕੋਈ ਵੀ ਸ਼ਕਤੀ ਉਸ ਨੂੰ ਡਰਾ, ਧਮਕਾ, ਭਟਕਾ ਨਹੀਂ ਸਕੀ। ਫਿਰ ਭਾਵੇਂ ਉਸ ਦੇ ਸਾਹਮਣੇ ਉਸ ਦੇ 4 ਸਾਲ ਦੇ ਬੱਚੇ ਦੇ ਟੁਕੜੇ ਕੀਤੇ ਜਾਂਦੇ ਹਨ, – ਦਿਲ ਕੱਢ ਮੂੰਹ ’ਚ ਪਾਇਆ, ਬੋਟੀਆਂ ਦਾ ਹਾਰ ਪਰੋ ਕੇ ਗਲ ਵਿਚ ਪਾਇਆ, ਪਰ ਬੰਦਾ ਤਾਂ ਸਭ-ਕੁਝ ਤਨ-ਮਨ ਗੁਰੂ ਨੂੰ ਸਉਂਪ ਚੁੱਕਾ ਸੀ ਉਸ ਦੀ ਤਾਂ ਇਕ ਹੀ ਅਰਦਾਸ ਸੀ : ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥ (ਅੰਗ ੧੧੦੪)

- Advertisement -

ਪੰਥ ਪ੍ਰਕਾਸ਼ ’ਚ ਇਕ ਲਾਈਨ ਅੰਕਿਤ ਹੈ : ਬੰਦਾ ਲਾਗਯੋ ਤੁਰਕਨ ਬੰਦਾ –ਇਸ ਵਿਚ ਦੂਸਰਾ ‘ਬੰਦਾ’ ਸ਼ਬਦ ਦਾ ਅਰਥ ਹੈ–ਅਮਰ ਬੇਲ ਜੋ ਦਰਖਤਾਂ ਦੀ ਖੁਰਾਕ ’ਤੇ ਪਲਦੀ ਹੈ। ਇਥੇ ਅਰਥ ਹਨ ਬੰਦਾ ਸਿੰਘ ਬਹਾਦਰ ਨੇ ਜ਼ਬਰ-ਜ਼ੁਲਮ ਦੇ ਦਰਖਤ ਨੂੰ ਇਉਂ ਨਿਚੋੜ ਦਿੱਤਾ ਜਿਵੇਂ ਅਮਰ ਬੇਲ ਦਰਖਤ ਦਾ ਰਸ ਸੁਕਾ ਦਿੰਦੀ ਹੈ।

ਗੁਰਮਤਿ ਵਿਚਾਰਧਾਰਾਂ ਦਾ ਧਾਰਣੀ ਸੂਰਮਾਂ ਰਣ ਤੱਤੇ ਨੂੰ ਛੱਡ ਕੇ ਸਾਥੀਆਂ ਨੂੰ ਧੋਖਾ, ਦਗਾ ਨਹੀਂ ਦੇਂਦਾ ਗੁਰਬਾਣੀ ਦਾ ਉਪਦੇਸ ਹੈ : ਰਣ ਰੂਤੋ ਤਾਜੋ ਨਾਹੀ ਸੂਰੋ ਥਾਰੋ ਨਾਉ…

ਬਾਬਾ ਬੰਦਾ ਸਿੰਘ ਬਹਾਦਰ ਬਚਨ ਦਾ ਬਲੀ ਸੂਰਮਾ ਸੀ। ਗੁਰੂ ਨਾਲ ਕੀਤੇ ਆਇਦ ਅਨੁਸਾਰ ਉਹ ਰਣ ਤੱਤੇ ਵਿਚ ਸਮੇਂ ਸਮੇਂ ਜੂਝਦਾ ਹੈ ਤੇ ਮੌਤ ਦੇ ਭਿਆਨਕ ਰੂਪ ਨੂੰ ਸਾਹਮਣੇ ਤੱਕ ਕੇ ਵੀ ਘਬਰਾਉਂਦਾ ਨਹੀਂ ਸਗੋਂ ਮੌਤ ’ਤੇ ਵੀ ਫ਼ਤਿਹ ਪ੍ਰਾਪਤ ਕਰਦਾ ਹੈ। ਅਤਿ ਬਿਖੜੇ ਸਮੇਂ ਸਿੱਖ ਬਾਦਸ਼ਾਹਤ ਕਾਇਮ ਕਰਨਾ ਉਸ ਦੀ ਵਿਸ਼ੇਸ਼ ਪੰਥਕ ਸੇਵਾ ਸੀ। ਗੁਰੂ ਗੋਬਿੰਦ ਸਿੰਘ ਤੋਂ ਥਾਪੜਾ ਪ੍ਰਾਪਤ ਕਰ ਮੁਠੀ ਭਰ ਸਿਰ-ਲੱਥ ਯੋਧਿਆਂ ਦੀ ਸਹਾਇਤਾ ਨਾਲ ਪੰਜਾਬ ’ਚੋ ਜ਼ਬਰ ਜੁਲਮ ਦੀਆਂ ਜੜਾਂ ਉਖਾੜ ਸੁੱਟੀਆਂ। ਭਾਰਤ ਦੇ ਸਿਰ ਦਾ ਤਾਜ ਕਹੀ ਜਾਦੀ ਸਰਹਿੰਦ ਨੂੰ ਫਤਹਿ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੇਸਰੀ ਪਰਚਮ ਝੁਲਾ ਫ਼ਤਿਹ ਦਿਵਸ ਮਨਾਇਆ। ਜੇਕਰ ਉਸ ਸਮੇਂ ਦੇ ਹਾਲਾਤਾਂ ਦਾ ਅਧਿਐਨ ਕੀਤਾ ਜਾਵੇਂ ਤਾਂ ਇਕ ਇੰਕਲਾਬ ਦੇ ਦਰਸ਼ਨ ਹੁੰਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਫੌਜੀ ਦਸਤੇ ’ਚ ਸਿੱਖ, ਮੁਸਲਮਾਨ,ਹਿੰਦੂ ਤੇ ਉਦਾਸੀ ਸਾਮਲ ਸਨ। ਬਾਬਾ ਬੰਦਾ ਸਿੰਘ ਬਹਾਦਰ ਸੋਨੀਪਤ, ਸਮਾਣਾ, ਘੁੜਾਮ, ਸਾਹਬਾਦ, ਕਪੂਰੀ ਤੇ ਸਢੋਰ ’ਤੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ। 12 ਮਈ,1710 ਈ: ਚਪੜਚਿੜੀ ਦੇ ਮੈਦਾਨ ’ਚ ਲਹੂ ਡੋਲਵੀ ਜੰਗ ਹੋਈ, ਜਿਸ ਵਿਚ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਮਾਰਿਆ ਗਿਆ। 14 ਮਈ, 1710 ਨੂੰ ਪੰਥਕ ਸੇਨਾਵਾਂ ਨੇ ਸਰਹਿੰਦ ਤੋਂ ਹੈਦਰੀ ਝੰਡੇ ਉਤਾਰ, ਕੇਸਰੀ ਪਰਚਮ ਝੁਲਾ ਦਿਤੇ। ਗੁਰੂ ਮਾਰੀ ਸਰਹਿੰਦ ਦੀ ਥਾਂ ਬਾਬਾ ਜੀ ਨੇ ਮੁਖਲਿਸਗੜ ਨੂੰ ਪੰਥਕ ਸਰਕਾਰ ਦੀ ਰਾਜਧਾਨੀ ਬਣਾਇਆ ਇਸ ਦਾ ਨਾਂ ਲੌਹਗੜ੍ਹ ਰੱਖਿਆ ਗਿਆ। ਉਸ ਦੀ ਪੰਥ ਪ੍ਰਸਤੀ- ਪੰਥਕ ਸੇਵਾ ਦਾ ਸਬੂਤ ਹੈ ਕਿ ਉਸ ਨੇ ਬਾਦਸ਼ਾਹੀ ਪ੍ਰਾਪਤ ਕਰ ਆਪਣੇ ਨਾ ਦਾ ਸਿੱਕਾ ਜਾਰੀ ਨਹੀਂ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਸਮੇਂ ਤੀਕ ਹਉਮੈ-ਹੰਕਾਰ ਰੂਪੀ ਖੂਨੀ ਸਰਹਿੰਦ ’ਤੇ ਫ਼ਤਿਹ ਪ੍ਰਾਪਤ ਕਰ ਲਈ ਸੀ। ਬਾਦਸ਼ਾਹਤ ਦੀਆਂ ਪਰਸਪਰ ਨਿਸ਼ਾਨੀਆਂ ਸਿੱਕਾ, ਮੋਹਰ ਤੇ ਕੈਲੰਡਰ ਗੁਰੂ ਨਾਨਕ ਦੇ ਨਾਂ ਦਾ ਜਾਰੀ ਕਰਕੇ, ਬਾਬਾ ਜੀ ਸੁਆਰਥ, ਹਊਮੈ-ਹੰਕਾਰ, ਖ਼ੁਦਗਰਜ਼ੀ ’ਤੇ ਫ਼ਤਿਹ ਪ੍ਰਾਪਤ ਕੀਤੀ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਜਾਰੀ ਕੀਤਾ, ਜਿਸ ਤੇ ਇਹ ਸਬਦ ਉਕਰੇ ਗਏ:

ਸਿੱਕਾ ਜਦ ਬਰ ਹਰ ਦੋ ਆਲਮ ਤੇਗਿ ਨਾਨਕ ਸਾਹਿਬ ਅਸਤ॥
ਫਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜਲਿ ਸੱਚਾ ਸਾਹਿਬ ਅਸਤ॥

ਉਸ ਦੀ ਮੋਹਰ ਵੀ ਪੰਥਕ ਸਰੂਪ ਦੀ ਫ਼ਤਿਹ ਨੂੰ ਪ੍ਰਗਟ ਕਰਦੀ ਸੀ :
ਦੇਗੋ ਤੇਗੋ ਫਤਹਿ ਓ ਨੁਸਰਤਿ ਬੇ-ਦਿਰੰਗ॥
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ॥

ਪੰਜਾਬ ਵਾਸੀਆ ਵਿਚੋਂ ਗੁਲਾਮੀ ਨੂੰ ਜੜ੍ਹਾਂ ਤੋਂ ਮੁਕਾਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲੀਆਂ ਸੰਮਤ ਦੇ ਬਰਾਬਰ ਨਾਨਕ ਸ਼ਾਹੀ ਸੰਮਤ ਜਾਰੀ ਕੀਤਾ। ਇਸ ਤਰ੍ਹਾਂ ਨਿਰਮਲ ਸਿੱਖ ਹੋਂਦ ਹਸਤੀ ਨੂੰ ਪ੍ਰਗਟ ਹੋਣ ’ਚ ਸ਼ਕਤੀ ਮਿਲੀ, ਸਿੱਖ ਸੁਤੰਤਰ ਸੋਚ ਦੇ ਧਾਰਣੀ ਹੋ ਵਿਚਰਣ ਲੱਗੇ। ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਇਸ ਪ੍ਰਾਪਤੀ ਨੂੰ ਕੇਵਲ ਗੁਰੂ ਦੀ ਬਖਸ਼ਿਸ਼ ਮੰਨਦਾ ਸੀ, ਉਸ ਦਾ ਕਹਿਣਾ ਸੀ ਕਿ ਉਹ ਤਾਂ ਗੁਰੂ ਦਾ ਸੇਵਾਦਾਰ ਹੈ। ਉਸ ਮੰਨਦਾ ਸੀ ਕਿ ਇਹ ਬਖਸ਼ਿਸ ਗੁਰੂ ਨਾਨਕ ਦੀ ਹੈ- ਫਤਹਿ ਗੁਰੂ ਗੋਬਿੰਦ ਸਿੰਘ ਮਾਹਰਾਜ ਦੀ ਹੈ। ਯਮਨਾ ਤੋਂ ਲੈ ਕੇ ਦਰਿਆ ਰਾਵੀ ਦੇ ਵਿਸਾਲ ਇਲਾਕੇ ’ਚ ਬੰਦਾ ਸਿੰਘ ਬਹਾਦੁਰ ਨੇ ਲੱਗਭਗ 6 ਸਾਲ ਰਾਜ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਅਹਿਸਾਸ ਕਰਵਾ ਦਿਤਾ ਕਿ ਖਾਲਸਾ ਪਰਿਵਾਰ ਦੇ ਮੈਂਬਰ ਸੁਤੰਤਰ ਸੋਚ, ਹੋਂਦ, ਹਸਤੀ ਤੇ ਵਿਚਾਰ ਲੈ ਕੇ ਪੈਦਾ ਹੋਏ ਹਨ। ਪੰਜਾਬ ਦੇ ਕਿਸਾਨਾਂ ਨੂੰ ਜਗੀਰਦਾਰੀ ਪ੍ਰਬੰਧ ਮੁਕਤ ਕਰਵਾਇਆ ਤੇ ਸਾਬਤ ਕਰ ਦਿੱਤਾ ਕਿ ਖੇਤ ਦਾ ਮਾਲਕ ਉਹੀ ਹੈ ਜੋ ਖੇਤੀ ਕਰ ਰਿਹਾ ਹੈ। ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿਸਾਲ ਖੇਤਰ ’ਚ ਧਾਰਮਿਕ, ਸਮਾਜਿਕ, ਆਰਥਿਕ, ਰਾਜਸੀ ਸੁਤੰਤਰਤਾ ਦੇ ਝੰਡੇ ਗੱਡੇ। ਦੱਬੇ ਕੁਚਲੇ ਲੋਕਾਂ ਨੂੰ ਸੁਤੰਤਰਤਾ ਦਾ ਅਹਿਸਾਸ ਹੋਇਆ। ਲੋਕਾਂ ਦੇ ਦਿਲਾਂ ’ਤੇ ਰਾਜ ਸਥਾਪਿਤ ਕਰ ਲੋਕ ਮਾਨਸਿਕਤਾ ਤੇ ਫ਼ਤਿਹ ਪ੍ਰਾਪਤ ਕੀਤੀ। ਵਿਸ਼ਾਲ ਮੁਗਲ ਰਾਜ ਢਹਿ-ਢੇਰੀ ਹੋਣ ‘ਤੇ ਸੂਫੀ ਫਕੀਰ ਬੁਲੇ ਸ਼ਾਹ ਦੇ ਬੋਲ ਗੂੰਜ ਉੱਠੇ :

ਭੂਰਿਆ ਵਾਲੇ ਰਾਜੇ ਕੀਤੇ , ਮੁਗਲਾ ਜ਼ਹਿਰ ਪਿਆਲੇ ਪੀਤੇ।

ਡਾ. ਹਰੀ ਰਾਮ ਗੁਪਤਾ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਜਾਤ-ਪਾਤ, ਧਰਮ, ਨਸਲ ਦੇ ਬੰਧਨਾਂ ਨੂੰ ਤੋੜਿਆ,ਅਖੌਤੀ ਨੀਚ ਜਾਤਾਂ ਭੰਗੀਆਂ, ਚਮਾਰਾਂ ਨੂੰ ਉੱਚ ਪਦਵੀਆਂ ਦਿਤੀਆਂ ਗਈਆਂ। ਸਮਾਜਿਕ ਬਰਾਬਰੀ ਲਈ ਵਿਸ਼ੇਸ ਪ੍ਰਬੰਧ ਕੀਤੇ। ਇਸ ਤਰ੍ਹਾਂ ਬ੍ਰਾਹਮਣ, ਖੱਤਰੀ ਉੱਚ-ਜਾਤੀਆਂ ਦੇ ਲੋਕ ਨੀਵੀਆਂ ਜਾਤਾਂ ਦੇ ਲੋਕਾਂ ਸਾਹਮਣੇ ਹੱਥ ਜੋੜੀ ਖੜੇ ਦਿਖਾਈ ਦਿਤੇ। ਬਾਬਾ ਬੰਦਾ ਸਿੰਘ ਦੇ ਰਾਜ ਪ੍ਰਬੰਧ ’ਚ ਸਭ ਦਾ ਮਾਣ ਸਤਿਕਾਰ ਕੀਤਾ ਜਾਂਦਾ ਸੀ।

ਸਭੇ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥੩॥ (ਅੰਗ ੯੭) ਦਾ ਉਪਦੇਸ਼ ਅਮਲ ’ਚ ਪ੍ਰਗਟ ਕੀਤਾ। ਪ੍ਰਬੰਧ ’ਚ ਸਿੱਖ ਮੁਸਲਮਾਨ ਅਤੇ ਹਿੰਦੂ ਸਭ ਨੂੰ ਸਤਿਕਾਰ ਪ੍ਰਾਪਤ ਸੀ। ਬੰਦਾ ਸਿੰਘ ਬਹਾਦਰ ਨੇ ਹਿੰਦੂਆਂ ਜਾਂ ਮੁਸਲਮਾਨਾਂ ‘ਤੇ ਕਿਸੇ ਕਿਸਮ ਦੀਆ ਪਾਬੰਦਿਆ ਨਹੀਂ ਲਾਈਆਂ, ਮੁਸਲਮਾਨ ਸਿਪਾਹੀਆਂ ਨੂੰ ਸਮੇਂ ਸਿਰ ਨਮਾਜ਼ ਅਦਾ ਕਰਨ ਦੀ ਅਜ਼ਾਜਿਤ ਵੀ ਸੀ, 15000 ਦੇ ਕਰੀਬ ਮੁਸਲਮਾਨ ਉਸ ਦੀਆਂ ਫੌਜਾਂ ਵਿਚ ਸ਼ਾਮਿਲ ਸਨ। ਗੁਰਦਾਸ ਨੰਗਲ ਦੇ ਪਿੰਡ ਵਿਚ ਦੁਨੀਚੰਦ ਦੀ ਹਵੇਲੀ ਸੀ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ 7 ਦਸੰਬਰ, 1715 ਈ: ਨੂੰ 8 ਮਹੀਨੇ ਘੇਰੇ ਪਿਛੋਂ ਸੱਤ ਸੌ ਸਪਾਹੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ। 8 ਮਹੀਨੇ ਸਿੰਘਾਂ ਨੇ ਬਹੁਤ ਕਸ਼ਟਾਂ ਨਾਲ ਕੱਟੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਜੀਰਾਂ ਵਿੱਚ ਜਕੜ ਪਿੰਜਰੇ ’ਚ ਬੰਦ ਕਰਕੇ ਹਾਥੀ ’ਤੇ ਬਿਠਾ ਦਿੱਤਾ। ਮੁਗਲ ਤੇ ਇਸਾਈ ਇਤਿਹਾਸ ਕਾਰ ਇਸ ਗੱਲ ਦੀ ਗਵਾਈ ਭਰਦੇ ਹਨ ਕਿ ਇਕ ਵੀ ਸਿੱਖ ਦੇ ਚੇਹਰੇ “ਤੇ ਇਤਨੇ ਬਿਖੜੇ ਸਮੇਂ ਉਦਾਸੀ ਨਹੀਂ ਸੀ। ਰੋਜ਼ਾਨਾ ਸੌ –ਸੌ ਸਿੱਖ ਨੂੰ ਸਰੇਆਮ ਆਮ ਲੋਕਾਂ ਦੇ ਸਹਮਣੇ ਕਤਲ ਕੀਤਾ ਜਾਂਦਾ। ਇਕ ਵੀ ਸਿੱਖ ਨੇ ਇਸਲਾਮ ਨਹੀਂ ਪ੍ਰਵਾਨਿਆ ਤੇ ਨਾ ਹੀ ਮੌਤ ਤੋਂ ਡਰਿਆ। ਬਾਬਾ ਜੀ ਦੇ ਸਾਰੇ ਸਾਥੀ ਵੀ ਜੀਵਨ ’ਤੇ ਫ਼ਤਿਹ ਪ੍ਰਾਪਤ ਕਰ ਚੁੱਕੇ ਸਨ। 9 ਜੂਨ, 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਦਿਨ ਨਿਸ਼ਚਤ ਕੀਤਾ ਗਿਆ। ਬਾਬਾ ਜੀ ਵੀ ਅੱਗੇ ਮੌਤ ਜਾਂ ਇਸਲਾਮ ’ਚੋ ਇਕ ਨੂੰ ਪ੍ਰਵਾਨ ਕਰਨ ਦੀ ਸ਼ਰਤ ਰੱਖੀ। ਬਾਬਾ ਜੀ ਨੇ ਮੌਤ ਨੂੰ ਪ੍ਰਵਾਨ ਕੀਤਾ। ਬਾਬਾ ਜੀ ਦੇ ਸਨਮੁਖ ਉਸ ਦੇ ਚਾਰ ਸਾਲ ਦੇ ਬੱਚੇ ਬਾਬਾ ਅਜੈ ਸਿੰਘ ਨੂੰ ਸ਼ਹੀਦ ਕੀਤਾ ਗਿਆ ਤਾਂ ਜੋ ਬਾਬਾ ਜੀ ਡੋਲ ਜਾਣ ਪਰ ਬਾਬਾ ਬੰਦਾ ਸਿੰਘ ਬਹਾਦਰ ਅਟੱਲ ਤੇ ਸ਼ਾਂਤ ਰਹੇ। ਅਖੀਰ ਬਾਬਾ ਜੀ ਦੇ ਸਰੀਰ ਦੇ ਮਾਸ ਨੂੰ ਜਮੂਰਾਂ ਨਾਲ ਨੋਚਿਆ ਗਿਆ। ਅਖੀਰ ਅਕਹਿ ਤਸੀਹੇ ਦੇ ਕੇ ਬਾਬਾ ਜੀ ਨੂੰ ਸ਼ਹੀਦ ਕਰ ਦਿਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਗੈਬੀ ਸ਼ਕਤੀਆਂ ਦਾ ਧਾਰਣੀ ਮੰਨਿਆ ਜਾਂਦਾ ਸੀ। ਜਿਸ ਤਰ੍ਹਾਂ ਉਸ ਨੂੰ ਸ਼ਹੀਦ ਕੀਤਾ ਗਿਆ ਉਹ ਵੀ ਗੈਬੀ ਵਰਤਾਰੇ ਵਾਲਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪੰਥਕ ਸੇਵਾਵਾਂ ਸਦਕਾ ਹੀ 1799 ਈ. ਨੂੰ ਲਾਹੌਰ ਦੇ ਕਿਲੇ ’ਤੇ ਕੇਸਰੀ ਪਰਚਮ ਝੁਲਾਉਣ ’ਚ ਸਿੱਖ ਸਫਲ ਹੋਏ। ਮੁਗਲਾਂ ਵਾਸਤੇ ਉਹ ਰੱਤ ਦਾ ਤਿਹਾਇਆ ਰਾਖਸ਼ ਸੀ। ਹਿੰਦੂਆਂ ਦਾ ਸ਼੍ਰੋਮਣੀ ਨਾਇਕ ਅਤੇ ਸਿੱਖਾਂ ਦਾ ਪਹਿਲਾ ਬਾਦਸ਼ਾਹ ਸੀ। ਉਸ ਪਾਸ ਬਹਾਦਰੀ ਤੇ ਰੂਹਾਨੀਅਤ ਅਤੇ ਅਦੁੱਤੀ ਯੁੱਧਨੀਤੀ ਵੀ ਸੀ।

ਪੰਥ ਪ੍ਰਕਾਸ਼ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦਿਨ ਰਾਤ ‘ਪੰਥ ਲਈ ਜੂਝਦਾ ਸੀ, ਉਹ ਕਦੇ ਪੂਰੀ ਤਰ੍ਹਾਂ ਸੌ ਵੀ ਨਹੀਂ ਸਕਿਆ ਤੇ ਸਿੱਖ ਪੰਥ ਦੀ ਉਸਾਰੀ ਲਈ ਕਦੇ ਹੰਬਿਆ ਨਹੀਂ। ਸਾਹਮਣੇ ਹੁੰਦੀ ਤਬਾਹੀ ਤੋਂ ਉਸ ਨੂੰ ਕਦੇ ਮਥੇ ਵੱਟ ਨਹੀ ਪਿਆ। ਖਾਫ਼ੀ ਖਾਂ ਸਮਕਾਲੀ ਲੇਖਕ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਇਕ ਵੀ ਸਿੱਖ ਨੇ ਮੋਤੋਂ ਡਰ ਇਸਲਾਮ ਨੂੰ ਨਹੀਂ ਕਬੂਲ ਕੀਤਾ। ਉਹ ਇਕ ਸਿੱਖ ਬੱਚੇ ਦੀ ਕਹਾਣੀ ਵੀ ਦ੍ਰਿਸ਼ਟੀਗੋਚਰ ਕਰਦਾ ਹੈ, ਜਿਸ ਦੀ ਮਾਂ ਕਹਿੰਦੀ ਹੈ ਕਿ ਇਹ ਸਿੱਖ ਨਹੀਂ। ਇਸ ਨੂੰ ਬਖਸ਼ਿਸ਼ ਦਿੱਤਾ ਜਾਵੇ-ਪਰ ਸਿੱਖ ਬੱਚਾ ਕਹਿੰਦਾ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ, ਮੇਰੇ ਨਾਲ ਵੀ ਉਹੀ ਸਲੂਕ ਕੀਤਾ ਜਾਵੇ ਜੋ ਮੇਰੇ ਭਰਾਵਾਂ ਨਾਲ ਕੀਤਾ ਗਿਆ ਹੈ। ਅਖੀਰ ਉਹ ਵੀ ਸ਼ਹਾਦਤ ਦਾ ਜਾਮ ਪੀਂਦਾ ਹੈ। ਇਹ ਬਾਬਾ ਬੰਦਾ ਸਿੰਘ ਜੀ ਹੀ ਸੀ ਜਿਸ ਨੇ ਬਿਖਰੀ ਹੋਈ ਸਿੱਖ ਸ਼ਕਤੀ ਨੂੰ ਇਕੱਤਰ ਤੇ ਇਕਾਗਰ ਕਰ ਬਹਾਦਰੀ ਨਵੇਂ ਕੀਰਤੀਮਾਨ ਸਥਾਪਤ ਕਰ ਫ਼ਤਿਹ ਦੀ ਬਾਦਸ਼ਾਹਤ ਕਾਇਮ ਕੀਤੀ।

ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਨੇ 1704 ਈ: ’ਚ ਸਰਹਿੰਦ ਦੀਆਂ ਦੀਵਾਰਾਂ ’ਚ ਛੋਟੀ ਉਮਰ ’ਚ ਮੌਤ ’ਤੇ ਫ਼ਤਿਹ ਪ੍ਰਾਪਤ ਕੀਤੀ। ਸਰਹਿੰਦ ਫ਼ਤਿਹ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਸੁਤੰਤਰ ਸਿੱਖ ਸੋਚ, ਸੁਤੰਤਰ ਰਾਜ ਦੀ ਸਥਾਪਨਾ ਕੀਤੀ। ਫ਼ਤਿਹ ਦੀ ਬਾਦਸ਼ਾਹਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੋਦਾਵਰੀ ਦੇ ਕਿਨਾਰੇ ਉਸ ਵੇਲੇ ਪ੍ਰਾਪਤ ਹੋਈ ਜਦ ਅਸੀਮ ਸ਼ਕਤੀ ਦੇ ਮਾਲਕ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਪਿੱਠ ’ਤੇ ਥਾਪੜਾ ਦੇ ਫ਼ਤਿਹ ਸ਼ਕਤੀ ਦਾ ਪ੍ਰਵੇਸ਼ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਚਾਰ ਸਾਲ ਦੇ ਸਪੁੱਤਰ ਬਾਬਾ ਅਜੈ ਸਿੰਘ ਸਮੇਤ ਦਿੱਲੀ ’ਚ ਮੌਤ ਨੂੰ ਮਖੌਲਾਂ ਕਰ ਮੌਤ ’ਤੇ ਫ਼ਤਿਹ ਪ੍ਰਾਪਤ ਕੀਤੀ। ਗੁਰਬਾਣੀ ਦੇ ਪਾਵਨ ਕਥਨ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਮਨ ’ਤੇ ਜਿੱਤ ਪ੍ਰਾਪਤ ਕਰਕੇ ਸਦੀਵੀ ਫ਼ਤਿਹ ਪ੍ਰਾਪਤ ਕਰ ਲਈ:

ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੨੫੮) 

Share this Article
Leave a comment