ਫਤਹਿ ਬਾਜਵਾ ਨੇ ਜਾਖੜ ਤੇ ਹੋਰਨਾਂ ਕਾਂਗਰਸੀ ਆਗੂਆਂ ਤੇ ਖੜ੍ਹੇ ਕੀਤੇ ਵੱਡੇ ਸਵਾਲ

TeamGlobalPunjab
3 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਕਾਂਗਰਸ ਦੇ ਵਿਧਾਇਕ ਅਤੇ ਸੀਨੀਅਰ ਆਗੂ ਫਤਹਿਜੰਗ ਸਿੰਘ ਬਾਜਵਾ ਨੇ ਅੱਜ ਆਪਣੀ ਪਾਰਟੀ ਦੇ ਕਈ ਆਗੂਆਂ ਤੇ ਸਵਾਲ ਖੜ੍ਹੇ ਕੀਤੇ। ਆਪਣੇ ਪੁੱਤਰ ਅਰਜੁਨ ਫ਼ਤਹਿ ਸਿੰਘ ਬਾਜਵਾ ਵੱਲੋਂ ਪੁਲਿਸ ਇੰਸਪੈਕਟਰ ਦੀ ਨੌਕਰੀ ਤੋਂ ਮਨ੍ਹਾ ਕਰਨ ਸਬੰਧੀ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਨੇ ਵੀ ਚੇਅਰਮੈਨੀ ਲਈ ਹੋਈ ਹੈ, ਨਾਲ ਹੀ ਹੋਰ ਬਹੁਤ ਸਾਰੇ ਮੰਤਰੀਆਂ ਤੇ ਆਗੂਆਂ ਦੇ ਪੁੱਤ ਪੋਤਰੇ ਸਿਆਸੀ ਪ੍ਰਭਾਵ ਵਰਤ ਕੇ ਚੇਅਰਮੈਨ ਬਣੇ ਹੋਏ ਹਨ। ਜੋ ਆਗੂ ਤੇ ਮੰਤਰੀ ਅਰਜੁਨ ਅਰਜੁਨ ਫਤਿਹ ਸਿੰਘ ਬਾਜਵਾ ਦੀ ਨੌਕਰੀ ਦਾ ਵਿਰੋਧ ਕਰਦੇ ਹਨ ਉਹ ਆਪਣੇ ਪੁੱਤਰ, ਪੋਤਰਿਆਂ ਅਤੇ ਭਤੀਜਿਆਂ ਤੋਂ ਵੀ ਤੋਂ ਵੀ ਅਸਤੀਫ਼ੇ ਦਵਾਉਣ।

ਬਾਜਵਾ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਹੀ ਕਹਿ ਦਿੱਤਾ ਸੀ ਜਦੋਂ ਕੈਬਨਿਟ ਵਿਚ ਉਸਦੇ ਪੁੱਤਰ ਦੀ ਨੌਕਰੀ ਦਾ ਮਤਾ ਜਾਣਾ ਸੀ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਜਿਸ ਕਾਰਨ ਉਹ ਅਤੇ ਉਨ੍ਹਾਂ ਦਾ ਪਰਿਵਾਰ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਨੌਕਰੀ ਤੋਂ ਜਵਾਬ ਦੇਣ ਸਬੰਧੀ ਪੱਤਰ ਉਨ੍ਹਾਂ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਕੀਤਾ ਸੀ ਜਿੰਨਾਂ ਨੇ ਉਹ ਪੱਤਰ ਹਾਈਕਮਾਨ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਦੇ ਹਵਾਲੇ ਕੀਤਾ ਹੈ। ਬਾਜਵਾ ਨੇ ਕਿਹਾ ਕਿ ਉਸ ਦੇ ਪਿਤਾ ਦੀ ਕੁਰਬਾਨੀ ਕਾਰਨ ਇਹ ਨੌਕਰੀ ਉਸ ਦੇ ਪੁੱਤਰ ਅਰਜੁਨ ਨੂੰ ਮਿਲੀ ਸੀ ਪਰ ਇਸ ਦਾ ਵਿਰੋਧ ਗਲਤ ਤਰੀਕੇ ਨਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਤਾਂ ਵੱਡੀਆਂ ਕੁਰਬਾਨੀਆਂ ਦੇਣ ਵਾਲੇ ਹਨ ਜਿਸ ਕਾਰਨ ਨੌਕਰੀਆਂ ਕੁਰਬਾਨੀਆਂ ਨਾਲੋਂ ਵੱਡੀਆਂ ਨਹੀਂ। ਬਾਜਵਾ ਨੇ ਅਕਾਲੀ ਦਲ ਉੱਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਨੇ ਕੋਈ ਕੁਰਬਾਨੀ ਨਹੀਂ ਕੀਤੀ।

ਇਸ ਮੌਕੇ ਅਰਜੁਨ ਫਤਿਹ ਸਿੰਘ ਬਾਜਵਾ ਨੇ ਕਿਹਾ ਕਿ ਉਸ ਦੀ ਨੌਕਰੀ ਦਾ ਵਿਰੋਧ ਗਲਤ ਢੰਗ ਨਾਲ ਕੀਤਾ ਗਿਆ। ਉਹ ਤਾਂ ਕਈ ਸਾਲਾਂ ਤੋਂ ਸਮਾਜ ਸੇਵਾ ਨੂੰ ਸਮਰਪਿਤ ਹਨ ਅਤੇ ਸਮਾਜ ਦੀ ਸੇਵਾ ਕਰਦੇ ਰਹਿਣਗੇ। ਪੁਲੀਸ ਵਿੱਚ ਜਾ ਕੇ ਵੀ ਉਨ੍ਹਾਂ ਸਮਾਜ ਦੀ ਸੇਵਾ ਕਰਨੀ ਸੀ ਜਿਸ ਕਾਰਨ ਨੌਕਰੀ ਲੈਣੀ ਕੋਈ ਗਲਤ ਗੱਲ ਨਹੀ। ਉਨ੍ਹਾਂ ਕਿਹਾ ਕਿ ਉਸ ਨੇ ਤਾਂ ਆਪਣੇ ਦਾਦੇ ਦਾ ਪਿਆਰ ਨਹੀਂ ਦੇਖਿਆ। ਇਹ ਘਾਟ ਹਮੇਸ਼ਾਂ ਰੜਕਦੀ ਰਹੇਗੀ ਪਰ ਸਾਡੇ ਵਿਰੋਧੀ ਗ਼ਲਤ ਰਾਜਨੀਤੀ ਕਰ ਰਹੇ ਹਨ।

Share this Article
Leave a comment