ਫਰਿਜ਼ਨੋ : ਅਮਰੀਕਾ ਵਿੱਚ ਮੀਂਹ ਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਬਦਤਰ ਕਰ ਦਿੱਤੀ ਹੈ । ਮੱਧ ਟੈਨੇਸੀ ਵਿੱਚ ਹੜ੍ਹ ਆਉਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।ਹਮਫਰੇਜ਼ ਕਾਉਂਟੀ ਦੇ ਸ਼ੈਰਿਫ ਕ੍ਰਿਸ ਡੇਵਿਸ ਨੇ 30 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਦੇ ਇਲਾਵਾ ਬਰਾਮਦ ਕੀਤੀਆਂ ਗਈਆਂ ਲਾਸ਼ਾਂ ‘ਚੋਂ ਦੋ ਲਾਸ਼ਾ ਬੱਚਿਆਂ ਦੀ ਵੀ ਬਰਾਮਦ ਹੋਈਆਂ ਹਨ।
ਨੈਸ਼ਵਿਲੇ ਤੋਂ ਲਗਭਗ 50 ਮੀਲ (80 ਕਿਲੋਮੀਟਰ) ਪੱਛਮ ‘ਚ ਸਥਿਤ ਹੰਫਰੀਜ਼ ਕਾਉਂਟੀ ਨੇ ਇੱਕ ਦਿਨ ਤੋਂ ਵੀ ਘੱਟ ਸਮੇਂ ‘ਚ 17 ਇੰਚ (43 ਸੈਂਟੀਮੀਟਰ) ਮੀਂਹ ਦਾ ਸਾਹਮਣਾ ਕੀਤਾ, ਜਿਸ ਕਾਰਨ ਪਾਣੀ ਨਾਲ ਸੜਕਾਂ ਬੰਦ ਹੋਣ ਦੇ ਨਾਲ ਕਮਿਊਨੀਕੇਸ਼ਨ ਅਤੇ ਆਵਾਜ਼ਾਈ ‘ਚ ਵੀ ਵਿਘਨ ਪਿਆ। ਹਿਕਮੈਨ ਕਾਉਂਟੀ ਅਫਸਰ ਰੌਬ ਐਡਵਰਡਸ ਦੇ ਅਨੁਸਾਰ ਬਾਰਿਸ਼ ਕਾਰਨ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋ ਗਿਆ ਹੈ। ਬਾਰਿਸ਼ ਦੇ ਪਾਣੀ ਵਿੱਚ ਬਹੁਤ ਸਾਰੇ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ ਅਤੇ ਮੋਬਾਈਲ ਸੇਵਾਵਾਂ ਠੱਪ ਹੋ ਗਈਆਂ ਹਨ ।ਟੈਨੇਸੀ ਦੇ ਗਵਰਨਰ ਬਿਲ ਲੀ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਟੇਨੇਸੀ ਦੇ ਲੋਕਾਂ ਨੂੰ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਚੌਕਸ ਰਹਿਣ ਲਈ ਕਿਹਾ ਹੈ।
ਨੈਸ਼ਨਲ ਮੌਸਮ ਸੇਵਾ ਨੈਸ਼ਵਿਲ ਦੇ ਅਨੁਸਾਰ, ਇਸ ਬਾਰਿਸ਼ ਨੇ 2010 ਤੋਂ ਇਸ ਖੇਤਰ ‘ਚ 24 ਘੰਟਿਆਂ ਦੌਰਾਨ ਪਈ 9.45 ਇੰਚ (24 ਸੈਂਟੀਮੀਟਰ) ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
- Advertisement -