ਨਵੀਂ ਦਿੱਲੀ : ਕੇਂਦਰ ਅਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨ ਨੂੰ ਲੈ ਕੇ ਸਥਿਤੀ ਗੰਭੀਰ ਬਣੀ ਹੋਈ ਹੈ। ਸੱਤ ਗੇੜਾਂ ਦੀਆਂ ਮੀਟਿੰਗਾਂ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਜਿਸ ਤਹਿਤ ਅੱਜ ਦਿੱਲੀ ਦੀਆਂ ਸਰਹੱਦਾਂ ‘ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ।
ਟਰੈਕਟਰ ਮਾਰਚ ਕੱਢਣ ਲਈ ਕਿਸਾਨ ਜਥੇਬੰਦੀਆਂ ਨੇ ਚਾਰ ਥਾਵਾਂ ਨਿਰਧਾਰਿਤ ਕੀਤੀਆਂ ਹਨ। ਜਿਨ੍ਹਾਂ ਵਿੱਚੋਂ ਪਹਿਲੀ – ਸਿੰਘੂ ਬਾਰਡਰ ਤੋਂ ਮਾਰਚ ਕੱਢਿਆ ਜਾਵੇਗਾ ਜੋ ਟਿਕਰੀ ਬਾਰਡਰ ਵੱਲ ਰਵਾਨਾ ਹੋਵੇਗਾ। ਇਸੇ ਤਰ੍ਹਾਂ ਦੂਸਰਾ ਜਥਾ ਟਿਕਰੀ ਬਾਰਡਰ ਤੋਂ ਕੁੰਡਲੀ ਵੱਲ ਨੂੰ ਚਾਲੇ ਪਾਏਗਾ। ਦੂਸਰੇ ਜਥੇ ਦਾ ਐਂਟਰੀ ਪੁਆਇੰਟ ਸਾਂਪਲਾ ਦਾ ਕੇਐਮਪੀ ਹੋਵੇਗਾ। ਪਹਿਲੇ ਅਤੇ ਦੂਸਰੇ ਜਥੇ ਸਾਂਪਲਾ ਅਤੇ ਕੁੰਡਲੀ ਬਾਰਡਰ ਦੇ ਸੈਂਟਰ ਵਿੱਚ ਜਾ ਕੇ ਵਾਪਸ ਆਪਣੇ ਸ਼ੁਰੂਆਤੀ ਥਾਂ ’ਤੇ ਪਹੁੰਚ ਜਾਣਗੇ।
ਕਿਸਾਨ ਜਥੇਬੰਦੀਆਂ ਨੇ ਤੀਸਰਾ ਜਥਾ ਗਾਜ਼ੀਪੁਰ ਤੋਂ ਪਲਵਲ ਵੱਲ ਨੂੰ ਰਵਾਨਾ ਕਰਨਾ ਹੈ। ਜਿਸ ਦਾ ਐਂਟਰੀ ਪੁਆਇੰਟ ਦਸਨਾ ਵਿੱਚ ਹੋਵੇਗਾ। ਇਸੇ ਤਰ੍ਹਾਂ ਚੌਥਾ ਅਤੇ ਆਖ਼ਰੀ ਜਥਾ ਰਿਵਾਲਸਰ ਤੋਂ ਪਲਵਲ ਵੱਲ ਭੇਜਿਆ ਜਾਵੇਗਾ ਅਤੇ ਇਹ ਦੋਨੋਂ ਜਥੇ ਪਲਵਲ ਤੋਂ ਵਾਪਸ ਆਪਣੀ ਥਾਂ ‘ਤੇ ਆ ਜਾਣਗੇ। ਇਸ ਤਰ੍ਹਾਂ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ। ਸੱਤ ਜਨਵਰੀ ਨੂੰ ਕਿਸਾਨ ਜਥੇਬੰਦੀਆਂ ਨੇ ਟਰੈਕਟਰ ਮਾਰਚ ਉਲੀਕਿਆ ਅਤੇ ਛੱਬੀ ਜਨਵਰੀ ਨੂੰ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਵੀ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਦੌਰਾਨ ਕਿਸਾਨ ਖੇਤੀ ਕਾਨੂੰਨ ਨਾਲ ਜੁੜੀਆਂ ਵੱਖ ਵੱਖ ਝਾਕੀਆਂ ਪੇਸ਼ ਕਰਨਗੇ।