-ਬਲਦੇਵ ਸਿੰਘ ਢਿੱਲੋਂ
-ਵੀਰਇੰਦਰ ਸਿੰਘ ਸੋਹੂ
ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਜਾਂ ਪ੍ਰਬੰਧ ਦੀਆਂ ਤਕਨੀਕਾਂ ਨੂੰ ਕਿਸਾਨਾਂ ਦੁਆਰਾ ਅਪਨਾਉਣ ਦੀ ਦਰ ਨੀਤੀਕਾਰਾਂ ਦੀ ਉਮੀਦ ਨਾਲੋਂ ਘੱਟ ਰਹੀ ਹੈ। ਸਾਲ 2019 ਦੌਰਾਨ ਵੀ ਪਰਾਲੀ ਦੇ ਪ੍ਰਬੰਧ ਲਈ ਖੇਤੀ ਮਸ਼ੀਨਰੀ ਨੂੰ ਪ੍ਰਚਲਤ ਕਰਨ ਲਈ ਸਰਕਾਰ ਦੁਆਰਾ ਬੇਸ਼ੁਮਾਰ ਸਹੂਲਤਾਂ ਪ੍ਰਦਾਨ ਕਰਨ ਦੇ ਬਾਵਜੂਦ ਝੋਨੇ ਦੀ ਵਾਢੀ ਤੋਂ ਬਾਅਦ ਖੇਤਾਂ ਵਿੱਚ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਕੁਝ ਖਾਸ ਗਿਰਾਵਟ ਨਜ਼ਰ ਨਹੀਂ ਆਈ। ਇਨ੍ਹਾਂ ਪਰਾਲੀ ਪ੍ਰਬੰਧਨ ਤਕਨੀਕਾਂ ਵਿੱਚ ਪਰਾਲੀ ਨੂੰ ਖੇਤ ਵਿੱਚ ਸਤਹ ਉਪਰ ਮਲਚ ਰੱਖਣ ਲਈ (ਸੁਪਰ ਐਸ ਐਮ ਐਸ ਕੰਬਾਈਨ, ਹੈਪੀ ਸੀਡਰ) ਖੇਤ ਵਿੱਚ ਵਾਹੁਣ ਲਈ (ਚੌਪਰ, ਰੋਟਾਵੇਟਰ, ਐਮ ਬੀ ਪਲਾਓ) ਅਤੇ ਖੇਤ ਵਿੱਚੋਂ ਬਾਹਰ ਕੱਢਣ ਲਈ (ਗੱਠਾਂ ਬਣਾਉਣ ਵਾਲੀ ਬੇਲਰ) ਮਸ਼ੀਨਾਂ ਸ਼ਾਮਲ ਹਨ। ਪੰਜਾਬ ਦਾ ਕਿਸਾਨ ਜੋ ਨਵੀਆਂ ਤਕਨੀਕਾਂ ਨੂੰ ਅਪਨਾਉਣ ਲਈ ਹਮੇਸ਼ਾਂ ਤੱਤਪਰ ਰਹਿਣ ਲਈ ਜਾਣਿਆ ਜਾਂਦਾ ਹੈ ਉਸਨੇ ਇਸ ਵਾਰ ਪਰਾਲੀ ਪ੍ਰਬੰਧਨ ਤਕਨੀਕਾਂ ਨੂੰ ਅਪਨਾਉਣ ਲਈ ਸਰਕਾਰ ਦੁਆਰਾ ਦਿੱਤੀਆਂ ਗਈਆਂ ਸਲਾਹਾਂ, ਦਲੀਲਾਂ, ਰਿਆਇਤਾਂ ਜਾਂ ਹੋਰ ਤਰੀਕਿਆਂ ਨੂੰ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਤਕਨੀਕੀ ਬਦਲ ਦਿੱਤਾ ਗਿਆ ਹੈ, ਉਹ ਪ੍ਰਚਲਤ ਵਿਧੀ ਨਾਲੋਂ ਬਹੁਤ ਵੱਖਰਾ ਹੈ ਪਰ ਇਹ ਉਹੀ ਕਿਸਾਨ ਬਿਰਾਦਰੀ ਹੈ ਜਿਸ ਨੇ 1960 ਦੇ ਦਹਾਕੇ ਦੇ ਅਖੀਰ ਵਿੱਚ ਗੈਰ ਪ੍ਰੰਪਰਾਗਤ ਤਕਨੀਕਾਂ ਅਪਣਾ ਕੇ ਅਨਾਜ ਦੀ ਪੈਦਾਵਾਰ ਵਿੱਚ ਹੈਰਾਨੀਜਨਕ ਵਾਧਾ ਕੀਤਾ ਸੀ ਜਿਸ ਨੂੰ ਹਰੀ ਕ੍ਰਾਂਤੀ ਵਜੋਂ ਜਾਣਿਆ ਜਾਂਦਾ ਹੈ। ਹਰੀ ਕ੍ਰਾਂਤੀ ਤਕਨੀਕਾਂ (ਹ.ਕ.) ਅਤੇ ਪਰਾਲੀ ਪ੍ਰਬੰਧਨ (ਪ.ਪ.) ਤਕਨੀਕਾਂ ਦੇ ਆਪਸੀ ਅੰਤਰ ਦੀ ਸਮੀਖਿਆ ਕਰਨੀ ਜ਼ਰੂਰ ਇੱਕ ਸਿੱਖਣਯੋਗ ਅਨੁਭਵ ਹੋਵੇਗਾ।
ਵਧੇਰੀ ਪੈਦਾਵਾਰ
ਹਰੀ ਕ੍ਰਾਂਤੀ ਦਾ ਧੁਰਾ ਜਾਣੀਆਂ ਜਾਂਦੀਆਂ ਕਣਕ ਅਤੇ ਝੋਨੇ ਦੀਆਂ ਮਧਰੀਆਂ ਕਿਸਮਾਂ ਨੇ ਉਸ ਸਮੇਂ ਦੀਆਂ ਮੌਜੂਦਾ ਕਿਸਮਾਂ ਨਾਲੋਂ 30% ਵੱਧ ਝਾੜ ਦਿੱਤਾ ਜੋ ਕਿ ਕਿਸਾਨਾਂ ਨੂੰ ਇਹ ਕਿਸਮਾਂ ਅਪਨਾਉਣ ਲਈ ਮਨ ਬਣਾਉਣ ਵਿੱਚ ਸਹਾਈ ਹੋਇਆ। ਭਾਵੇਂ ਕਿ ਇਨ੍ਹਾਂ ਦੇ ਦਾਣਿਆਂ ਦੀ ਦਿੱਖ ਸਵੀਕਾਰ ਯੋਗ ਨਹੀਂ ਸੀ। ਪਰਾਲੀ ਪ੍ਰਬੰਧਨ ਤਕਨੀਕਾਂ ਦਾ ਵਾਤਾਵਰਨ ਨੂੰ ਫਾਇਦਾ ਹੈ ਪਰ ਝਾੜ ਵਧਾਉਣ ਜਾਂ ਆਮਦਨ ਵਧਾਉਣ ਵੱਲ ਕੋਈ ਫਾਇਦਾ ਨਹੀਂ ਹੈ। ਇਸ ਦੇ ਉਲਟ ਸ਼ੁਰੂਆਤੀ ਸਾਲਾਂ ਵਿੱਚ ਝਾੜ ਘੱਟ ਵੀ ਸਕਦਾ ਹੈ। ਪਰਾਲੀ ਸਾੜਨ ਨਾਲ ਸਿਹਤ ਅਤੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਅਤੇ ਪਰਾਲੀ ਨੂੰ ਖੇਤ ਵਿੱਚ ਰੱਖਣ ਜਾਂ ਦੱਬਣ ਨਾਲ ਜ਼ਮੀਨ ਦੀ ਸਿਹਤ ਅਤੇ ਪੈਦਾਵਾਰ ਵਧਾਉਣ ਦੇ ਲੰਮੇ ਸਮੇਂ ਤੱਕ ਫਾਇਦਿਆਂ ਤੋਂ ਕਿਸਾਨ ਭਲੀ ਭਾਂਤ ਜਾਣੂੰ ਹਨ ਪਰ ਉਨ੍ਹਾਂ ਦਾ ਹਾਲ ਦੀ ਘੜੀ ਵਿੱਚ ਮਸਲਾ ਵੱਧ ਝਾੜ ਲੈ ਕੇ ਆਪਣਾ ਗੁਜ਼ਾਰਾ ਕਰਨ ਦਾ ਹੈ।
ਨਿਵੇਸ਼
ਹਰੀ ਕ੍ਰਾਂਤੀ : ਵੱਧ ਝਾੜ ਦੇਣ ਵਾਲੀਆਂ ਉਨਤ ਕਿਸਮਾਂ ਦਾ ਕੁਝ ਕਿੱਲੋ ਬੀਜ ਖਰੀਦ ਕੇ ਬੀਜਣ ਨਾਲ ਸ਼ੁਰੂਆਤ ਕੀਤੀ ਜਾ ਸਕਦੀ ਸੀ ਅਤੇ ਆਪਣੀ ਤਸੱਲੀ ਕਰਨ ਉਪਰੰਤ ਅਗਲੇ ਸਾਲਾਂ ਵਿੱਚ ਇਸ ਦੀ ਬਿਜਾਈ ਵਿੱਚ ਵਾਧਾ ਕੀਤਾ ਜਾ ਸਕਦਾ ਸੀ। ਇਸ ਤਕਨੀਕ ਵਿੱਚ ਥੋੜ੍ਹੀ ਬਹੁਤ ਸੋਧ ਅਤੇ ਲੋੜ ਅਨੁਸਾਰ ਢਾਲਣ ਤੋਂ ਬਾਅਦ ਇਸ ਨੂੰ ਅਪਨਾਉਣ ਵਿੱਚ ਕੋਈ ਨੁਕਸਾਨ ਦਾ ਖਤਰਾ ਨਹੀਂ ਸੀ। ਇਨ੍ਹਾਂ ਕਿਸਮਾਂ ਨੇ ਤਕਰੀਬਨ ਸਾਰੇ ਕਿਸਾਨਾਂ ਦੇ ਖੇਤਾਂ ਵਿੱਚ ਵੱਧ ਝਾੜ ਦਿੱਤਾ । ਇੱਕ ਕਿਸਮ ਨੂੰ ਛੱਡ ਕੇ ਦੂਜੀ ਕਿਸਮ ਅਪਨਾਉਣ ਲਈ ਕਿਸਾਨ ਨੂੰ ਕੋਈ ਜ਼ਿਆਦਾ ਲਾਗਤ ਨਹੀਂ ਆਉਂਦੀ ਸੀ। ਇਨ੍ਹਾਂ ਦੀ ਵੱਧ ਝਾੜ ਦੇਣ ਦੀ ਸਮਰੱਥਾ ਕਰਕੇ ਕਿਸਾਨਾਂ ਦੀ ਪੈਦਾਵਾਰ ਅਤੇ ਆਮਦਨ ਵਿੱਚ ਵਾਧਾ ਹੋਇਆ ਅਤੇ ਉਨ੍ਹਾਂ ਨੇ ਖੇਤ ਵਿਕਾਸ, ਫਾਰਮ ਮਸ਼ੀਨਰੀ, ਸਿੰਚਾਈ ਦੇ ਸਾਧਨ ਅਤੇ ਖਾਦਾਂ ਆਦਿ ਤੇ ਵੱਧ ਨਿਵੇਸ਼ ਕੀਤਾ।
ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਲਗਾ ਕੇ ਖਤਮ ਕਰਨ ਲਈ ਇੱਕ ਬਿਨਾਂ ਖਰਚ ਅਤੇ ਸੌਖੇ ਤਰੀਕੇ ਦੀ ਕਿਸਾਨਾਂ ਨੂੰ ਆਦਤ ਬਣੀ ਹੋਈ ਹੈ। ਦੂਜੇ ਪਾਸੇ ਪਰਾਲੀ ਪ੍ਰਬੰਧਨ ਮਸ਼ੀਨਾਂ ਮਹਿੰਗੀਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਮਸ਼ੀਨਾਂ ਵੱਡੀਆਂ ਹਨ ਜਿਨ੍ਹਾਂ ਲਈ ਵੱਧ ਪਾਵਰ ਵਾਲੇ ਵੱਡੇ ਟਰੈਕਟਰ ਚਾਹੀਦੇ ਹਨ ਜਿਸ ਨਾਲ ਪਹਿਲਾਂ ਮੌਜੂਦ ਟਰੈਕਟਰ ਬੇਕਾਰ ਹੋ ਜਾਣਗੇ। ਸਮਾਂ ਪਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਘਟਦੀਆਂ ਜਾ ਰਹੀਆਂ ਹਨ ਅਤੇ ਮਹਿੰਗੀ ਮਸ਼ੀਨਰੀ ਖਰੀਦਣਾ ਉਨ੍ਹਾਂ ਦੇ ਵਿਤੋਂ ਬਾਹਰ ਹੈ । ਭਾਵੇਂ ਕਿਰਾਏ ਭਾੜੇ ਤੇ ਮਸ਼ੀਨਾਂ ਚਲਾਉਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਇਸ ਵਿੱਚ ਵੀ ਕਾਫੀ ਗਾਹਕ ਲੱਭਣ ਦੀ ਕੋਈ ਗਰੰਟੀ ਨਹੀਂ ਹੈ ਜਿਵੇਂ ਕਿ ਸਾਲ 2019 ਵਿੱਚ ਹੋਇਆ। ਮਹਿੰਗੀਆਂ ਮਸ਼ੀਨਾਂ ਅਤੇ ਟਰੈਕਟਰ ਖਰੀਦਣ ਨਾਲ ਕਿਸਾਨਾਂ ਦੀ ਲਾਗਤ ਵਧੇਗੀ ਅਤੇ ਮੁਨਾਫ਼ਾ ਘਟੇਗਾ। ਬਹੁਤੀਆਂ ਮਸ਼ੀਨਾਂ ਹਰ ਤਰ੍ਹਾਂ ਦੀਆਂ ਹਾਲਤਾਂ ਵਿੱਚ ਕਾਮਯਾਬ ਨਹੀਂ ਹਨ । ਇਹ ਤਕਨਾਲੋਜੀ ਹਾਲੇ ਵਿਕਸਿਤ ਹੋ ਰਹੀ ਹੈ। ਇਸ ਲਈ ਛੇਤੀ ਛੇਤੀ ਹੋਰ ਸੁਧਰੀਆਂ ਮਸ਼ੀਨਾਂ ਆ ਰਹੀਆਂ ਹਨ ਪਰ ਇੱਕ ਮਸ਼ੀਨ ਤੋਂ ਦੂਜੀ ਮਸ਼ੀਨ ਤੇ ਜਾਣਾ ਇੱਕ ਮਹਿੰਗਾ ਸੌਦਾ ਹੈ। ਇਨ੍ਹਾਂ ਕਾਰਨਾਂ ਕਰਕੇ ਸਬਸਿਡੀ ਹੋਣ ਦੇ ਬਾਵਜੂਦ ਕਿਸਾਨ ਭਾਰੀ ਨਿਵੇਸ਼ ਕਰਨ ਦਾ ਹੌਸਲਾ ਨਹੀਂ ਕਰ ਪਾ ਰਿਹਾ।
ਸਾਰੀਆਂ ਹਾਲਤਾਂ ਲਈ ਢੁਕਵਾਂਪਣ
ਹਰੀ ਕ੍ਰਾਂਤੀ ਵਾਲੀ ਤਕਨਾਲੋਜੀ ਸਭ ਵਾਸਤੇ ਸੀ। ਇਸ ਨੂੰ ਸਭ ਤਰ੍ਹਾਂ ਦੇ ਜ਼ਿਮੀਂਦਾਰ (ਛੋਟੇ ਤੋਂ ਵੱਡੇ) ਵੱਲੋਂ ਅਤੇ ਸਭ ਤਰ੍ਹਾਂ ਦੀਆਂ ਜ਼ਮੀਨਾਂ (ਹਲਕੀਆਂ ਤੋਂ ਭਾਰੀਆਂ) ਆਦਿ ਵਿੱਚ ਅਪਣਾਇਆ ਜਾ ਸਕਦਾ ਸੀ ਅਤੇ ਇਸ ਨੇ ਸਭ ਨੂੰ ਫਾਇਦਾ ਦਿੱਤਾ।
ਇਹ ਇੱਕ ਗੁੰਝਲਦਾਰ ਮਸਲਾ ਹੈ ਅਤੇ ਵੱਖ-ਵੱਖ ਹਾਲਤਾਂ ਲਈ ਵੱਖਰੀ ਤਕਨਾਲੋਜੀ ਦੀ ਜ਼ਰੂਰਤ ਹੈ ਜਿਵੇਂ ਕਿ ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢਣ ਲਈ ਜਾਂ ਖੇਤ ਵਿੱਚ ਮਲਚ ਰੱਖਣ ਲਈ ਜਾਂ ਖੇਤ ਵਿੱਚ ਵਾਹੁਣ ਲਈ ਵੱਖ-ਵੱਖ ਮਸ਼ੀਨਾਂ ਹਨ। ਇਸ ਤੋਂ ਇਲਾਵਾ ਮਸ਼ੀਨ ਦੀ ਚੋਣ ਕਈ ਗੱਲਾਂ ਤੇ ਨਿਰਭਰ ਕਰਦੀ ਹੈ ਜਿਵੇਂ ਕਿ ਬੀਜੀ ਜਾਣ ਵਾਲੀ ਅਗਲੀ ਫ਼ਸਲ, ਹਲਕੀ ਜਾਂ ਭਾਰੀ ਜ਼ਮੀਨ, ਝੋਨੇ ਦੀ ਵਾਢੀ ਤੋਂ ਬਾਅਦ ਖੇਤ ਵਿੱਚ ਗਿੱਲ, ਪਰਾਲ ਦੀ ਮਾਤਰਾ ਆਦਿ।
ਪੱਧਰ ਤੋਂ ਬੇਅਸਰ
ਹਰੀ ਕ੍ਰਾਂਤੀ ਤਕਨੀਕਾਂ ਨੂੰ ਜਿੰਨਾ ਵੱਧ ਅਪਣਾਇਆ ਓਨਾ ਵੱਧ ਫਾਇਦਾ ਸੀ। ਵੱਧ ਪੈਦਾਵਾਰ ਨੂੰ ਵਾਜਬ ਮੁੱਲ ਤੇ ਯਕੀਨੀ ਖਰੀਦ ਕਰਨ ਦੀਆਂ ਸਰਕਾਰ ਦੀਆਂ ਸਹੂਲਤਾਂ ਕਰਕੇ ਕਿਸਾਨ ਦੀ ਜਿੰਨੀ ਵੱਧ ਪੈਦਾਵਾਰ ਓਨੀ ਵੱਧ ਕਮਾਈ ਸੀ। ਮਾਲੀ ਮੁਨਾਫ਼ਾ ਤਤਕਾਲ ਹੋਣ ਕਰਕੇ ਕਿਸਾਨ ਨੇ ਇੱਕ ਦੂਜੇ ਤੋਂ ਅੱਗੇ ਵਧ ਕੇ ਨਵੀਆਂ ਤਕਨੀਕਾਂ ਨੂੰ ਅਪਣਾਇਆ ।
ਪ.ਪ. : ਪਰਾਲੀ ਨੂੰ ਗੱਠਾਂ ਬਣਾ ਕੇ ਖੇਤ ਵਿੱਚੋਂ ਬਾਹਰ ਕੱਢਣ ਦੀ ਤਕਨੀਕ ਨੂੰ ਬਹੁਤ ਰਕਬੇ ਉਪਰ ਨਹੀਂ ਅਪਣਾਇਆ ਜਾ ਸਕਦਾ ਕਿਉਂਕਿ ਸਿਰਫ਼ ਕੁਝ ਮਾਤਰਾ ਹੀ ਬਿਜਲੀ ਬਣਾਉਣ ਵਾਲੇ ਪਲਾਂਟ ਖਪਤ ਕਰ ਸਕਦੇ ਹਨ । ਇਸੇ ਤਰ੍ਹਾਂ ਡੇਅਰੀ ਫਾਰਮ, ਖੁੰਬਾਂ ਦੀ ਕਾਸ਼ਤ ਅਤੇ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਵਿੱਚ ਪਰਾਲੀ ਦੀ ਕੁਝ ਮਾਤਰਾ ਹੀ ਵਰਤੀ ਜਾ ਸਕਦੀ ਹੈ ।
ਮਨਭਾਉਂਦੀ ਦਿੱਖ
ਹਰੀ ਕ੍ਰਾਂਤੀ ਤਕਨੀਕਾਂ ਅਪਣਾ ਕੇ ਫ਼ਸਲ ਦੀ ਦਿੱਖ ਬਹੁਤ ਸੋਹਣੀ ਸੀ । ਕਣਕ ਅਤੇ ਝੋਨੇ ਦੀਆਂ ਸੁਧਰੀਆਂ ਕਿਸਮਾਂ ਖੇਤ ਵਿੱਚ ਖੜੀਆਂ ਇਕਸਾਰ ਦਿਖਦੀਆਂ ਸਨ ਅਤੇ ਖਾਦ ਪਾਉਣ ਨਾਲ ਢਹਿੰਦੀਆਂ ਨਹੀਂ ਸਨ ਅਤੇ ਵਧੀਆ ਝਾੜ ਦਿੰਦੀਆਂ ਸਨ । ਵਾਢੀ ਤੋਂ ਪਹਿਲਾਂ ਹੀ ਕਿਸਾਨ ਨੂੰ ਖੜ੍ਹੀ ਫ਼ਸਲ ਵੇਖ ਕੇ ਤਸੱਲੀ ਰਹਿੰਦੀ ਸੀ ।
ਹੁਣ ਤੱਕ ਬਹੁਤਾ ਰੁਝਾਨ ਪਰਾਲੀ ਨੂੰ ਖੇਤ ਵਿੱਚ ਮਿੱਟੀ ਉਪਰ ਮਲਚ ਦੀ ਤਰ੍ਹਾਂ ਰੱਖਣ ਵੱਲ ਰਿਹਾ ਹੈ । ਝੋਨੇ ਦੇ ਖੜ੍ਹੇ ਕਰਚਿਆਂ ਅਤੇ ਖੇਤ ਵਿੱਚ ਪਈ ਪਰਾਲੀ ਵਿੱਚ ਬੀਜੀ ਕਣਕ ਜੰਮਣ ਤੋਂ ਕਾਫੀ ਦੇਰ ਬਾਅਦ ਵੀ ਚੰਗੀ ਤਰ੍ਹਾਂ ਨਹੀਂ ਦਿਖਦੀ ਅਤੇ ਇਸ ਮਾੜੀ ਦਿੱਖ ਕਰਕੇ ਕਿਸਾਨ ਦੇ ਮਨ ਵਿੱਚ ਇਸ ਤਕਨੀਕ ਦੀ ਕਾਮਯਾਬੀ ਬਾਰੇ ਸ਼ੰਕਾ ਬਣੀ ਰਹਿੰਦੀ ਹੈ । ਕਣਕ ਦੀ ਵਾਢੀ ਤੋਂ ਬਾਅਦ ਹੀ ਕਿਸਾਨ ਮੰਨਦਾ ਹੈ ਕਿ ਇਹ ਫਾਇਦੇਮੰਦ ਤਕਨੀਕ ਹੈ । ਕਿਸਾਨਾਂ ਦੁਆਰਾ ਇਸ ਤਕਨੀਕ ਨੂੰ ਮੱਠੀ ਦਰ ਨਾਲ ਅਪਨਾਉਣ ਦਾ ਇਹ ਇੱਕ ਵੱਡਾ ਕਾਰਨ ਹੈ ।
ਸਹਾਇਕ ਤਕਨੀਕਾਂ
ਕਣਕ ਅਤੇ ਝੋਨੇ ਦੀਆਂ ਮਧਰੀਆਂ ਕਿਸਮਾਂ ਨੂੰ ਅਪਨਾਉਣ ਵਿੱਚ ਇੱਕ ਵੱਡਾ ਯੋਗਦਾਨ ਇਨ੍ਹਾਂ ਨਾਲ ਮੇਲ ਖਾਂਦੀਆਂ ਅਤੇ ਢੁਕਵੀਆਂ ਕਾਸ਼ਤ ਦੀਆਂ ਤਕਨੀਕਾਂ (ਜਿਵੇਂ ਕਿ ਝੋਨੇ ਵਿੱਚ ਨਦੀਨ ਨਾਸ਼ਕ ਮਚੈਟੀ) ਅਤੇ ਖੇਤੀ ਮਸ਼ੀਨਰੀ (ਕਣਕ ਵਿੱਚ ਡਰੰਮੀ ਥਰੈਸ਼ਰ) ਦਾ ਰਿਹਾ ।
ਪਰਾਲੀ ਦੀ ਸਾਂਭ-ਸੰਭਾਲ ਲਈ ਭਾਵੇਂ ਕਈ ਮਸ਼ੀਨਾਂ ਬਣਾ ਲਈਆਂ ਗਈਆਂ ਹਨ ਪਰ ਇਨ੍ਹਾਂ ਦੀ ਵਰਤੋਂ ਵਿੱਚ ਸਹਾਈ ਹੋਣ ਵਾਲੀਆਂ ਤਕਨੀਕਾਂ (ਜਿਵੇਂ ਕਿ ਪਰਾਲੀ ਨੂੰ ਗਾਲਣ ਵਾਲੇ ਜੀਵਾਣੂੰ) ਅਜੇ ਵਿਕਸਿਤ ਨਹੀਂ ਹੋਈਆਂ ।
ਕਿਸਾਨਾਂ ਨੂੰ ਯੋਗ ਬਣਾਉਣ ਲਈ ਸਰਕਾਰ ਵੱਲੋਂ ਸਹਾਇਤਾ
ਹਰੀ ਕ੍ਰਾਂਤੀ ਤਕਨੀਕਾਂ ਬਹੁਤ ਸਸਤੀਆਂ ਸਨ ਪਰ ਫਿਰ ਵੀ ਕੌਮੀ ਅੰਨ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਨੇ ਬਹੁਤ ਜ਼ਿਆਦਾ ਨੀਤੀ ਅਤੇ ਮਾਲੀ ਸਹਾਇਤਾ ਪ੍ਰਦਾਨ ਕੀਤੀ । ਇਨ੍ਹਾਂ ਵਿੱਚ ਪੈਦਾਵਾਰ ਦੇ ਵਾਜਬ ਮੁੱਲ, ਯਕੀਨੀ ਖਰੀਦ, ਸਿੰਚਾਈ ਦੇ ਸਾਧਨ, ਸੜਕਾਂ, ਮੰਡੀਆਂ, ਬਿਜਲੀਕਰਨ, ਸਬਸਿਡੀ ਤੇ ਖਾਦਾਂ, ਖੇਤੀ ਲਾਗਤ ਲਈ ਕਰਜ਼ ਆਦਿ ਸ਼ਾਮਲ ਸਨ ।
ਮਸ਼ੀਨਾਂ ਉਪਰ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਪਰ ਹਰੀ ਕ੍ਰਾਂਤੀ ਵਾਂਗ ਚੁਫੇਰਿਓਂ ਸਰਕਾਰੀ ਸਹੂਲਤਾਂ/ਮਦਦ ਦੀ ਪੁਰਜ਼ੋਰ ਜ਼ਰੂਰਤ ਹੈ । ਇਹ ਨਾ ਉਮੀਦ ਕੀਤੀ ਜਾਵੇ ਕਿ ਸਿਰਫ਼ ਮਸ਼ੀਨ ਤਿਆਰ ਕਰਨ ਨਾਲ ਪਰਾਲੀ ਦੇ ਮੁੱਦੇ ਦਾ ਹੱਲ ਹੋ ਸਕਦਾ ਹੈ ।
ਸ਼ੁਰੂਆਤੀ ਅਸਫ਼ਲਤਾ
ਹਰੀ ਕ੍ਰਾਂਤੀ ਤਕਨੀਕਾਂ ਭਾਵ ਬਾਹਰੋਂ ਲਿਆਂਦੀਆਂ ਕਣਕ ਅਤੇ ਝੋਨੇ ਦੀਆਂ ਕਿਸਮਾਂ ਵੀ ਅਸਫ਼ਲਤਾ ਤੋਂ ਵਾਂਝੀਆਂ ਨਹੀਂ ਸਨ । ਡਾ. ਨਾਰਮਨ ਬੌਰਲਾਗ ਨੇ ਕਣਕ ਦੀਆਂ ਚਾਰ ਮਧਰੀਆਂ ਕਿਸਮਾਂ ਭੇਜੀਆਂ ਜਿਨ੍ਹਾਂ ਵਿੱਚੋਂ ਦੋ ਕਿਸਮਾਂ ਸੋਨੋਰਾ 64 ਅਤੇ ਲਰਮਾ ਰੋਹੋ 64 ਨੂੰ ਕੇਂਦਰੀ ਕਿਸਮ ਰਿਲੀਜ਼ ਕਮੇਟੀ ਵੱਲੋਂ ਪ੍ਰਮਾਣਤਾ ਦਿੱਤੀ ਗਈ । ਸਾਲ 1965 ਵਿੱਚ ਸੋਨੋਰਾ 64 ਦਾ 200 ਕੁਇੰਟਲ ਅਤੇ ਲਰਮਾ ਰੋਹੋ ਦਾ 50 ਕੁਇੰਟਲ ਬੀਜ ਮੈਕਸੀਕੋ ਤੋਂ ਲਿਆ ਕੇ 1965-66 ਦੌਰਾਨ 2800 ਹੈਕਟੇਅਰ ਰਕਬੇ ਉਪਰ ਬੀਜਿਆ ਗਿਆ । ਇਨ੍ਹਾਂ ਕਿਸਮਾਂ ਦੇ ਕੋਲੀਓਪਾਟਾਈਲ (ਤੂਈਆਂ/ਜਾਂ ਅੰਕੁਰ) ਦੀ ਲੰਬਾਈ ਘੱਟ ਹੋਣ ਕਰਕੇ ਉਸ ਵੇਲੇ ਦੀ ਪ੍ਰਚਲਿਤ ਬਿਜਾਈ ਦੀ ਡੂੰਘਾਈ ਵਿੱਚੋਂ ਬਾਹਰ ਨਹੀਂ ਆ ਸਕੀਆਂ (ਅਤੇ ਸ਼ਾਇਦ ਮੈਕਸੀਕੋ ਵਿਖੇ ਇਸ ਬੀਜ ਨੂੰ ਗਲਤ ਢੰਗ ਨਾਲ ਦਵਾਈ ਲਗਾਉਣ ਕਰਕੇ ਵੀ) । ਇਹ ਦੋਨੋਂ ਕਿਸਮਾਂ ਲਾਲ ਦਾਣਿਆਂ ਵਾਲੀਆਂ ਸਨ ਅਤੇ ਨਵੇਂ ਆਬੋ-ਹਵਾ/ਵਾਤਾਵਰਣ/ਜਗ੍ਹਾ ਤੇ ਬੀਜਣ ਕਰਕੇ ਪੀਲੀ ਕੁੰਗੀ ਦਾ ਸ਼ਿਕਾਰ ਹੋ ਗਈਆਂ । ਇਸ ਤਰ੍ਹਾਂ ਇਹ ਪਲੇਠੀਆਂ ਮੈਕਸੀਕਨ ਕਣਕਾਂ ਪੰਜਾਬ ਵਿੱਚ ਕਾਮਯਾਬ ਨਾ ਹੋ ਸਕੀਆਂ ।
1969 ਵਿੱਚ ਝੋਨੇ ਦੀ ਇੱਕ ਅਚੰਭਾ ਕਿਸਮ ਆਈ ਆਰ 8 ਫਿਲਪਾਈਨਜ਼ ਤੋਂ ਮੰਗਵਾਈ ਗਈ ਅਤੇ 400 ਹੈਕਟੇਅਰ ਰਕਬੇ ਉਪਰ ਬੀਜੀ ਗਈ । ਇਸ ਕਿਸਮ ਨੂੰ ਲਾਉਣ ਦਾ ਪਹਿਲਾਂ ਕੋਈ ਅਨੁਭਵ ਨਾ ਹੋਣ ਕਰਕੇ ਇਸ ਨੂੰ ਪੁਰਾਣੀਆਂ ਕਿਸਮਾਂ ਵਾਂਗ ਜੁਲਾਈ ਮਹੀਨੇ ਵਿੱਚ ਲਾਇਆ ਗਿਆ । ਇਹ ਕਿਸਮ ਅਕਤੂਬਰ ਮਹੀਨੇ ਤੱਕ ਵਧਦੀ ਰਹੀ ਅਤੇ ਕੁੱਲ 400 ਹੈਕਟੇਅਰ ਰਕਬੇ ਵਿੱਚੋਂ ਕੋਈ ਦਾਣਾ ਨਾ ਬਣਿਆ ।
ਪਰਾਲੀ ਪ੍ਰਬੰਧਨ ਤਕਨੀਕਾਂ ਨੂੰ ਜਦੋਂ ਵੱਡੇ ਪੱਧਰ ਤੇ ਵੱਖ ਵੱਖ ਖੇਤੀ ਹਾਲਤਾਂ ਵਿੱਚ ਅਪਣਾਇਆ ਗਿਆ ਤਾਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣੇ ਆਈਆਂ। ਪਿਛਲੇ 10 ਸਾਲ ਤੋਂ ਬਿਨਾਂ ਮੁਸ਼ਕਿਲ ਪੀ.ਏ.ਯੂ. ਦੇ ਕੇ.ਵੀ.ਕੇ. ਅਤੇ ਬੀਜ ਫਾਰਮਾਂ ਤੇ ਵਰਤੀ ਜਾ ਰਹੀ ਹੈਪੀ ਸੀਡਰ ਤਕਨੀਕ ਨਾਲ ਕਣਕ ਦੀ ਬਿਜਾਈ ਨੂੰ ਤਕਰੀਬਨ ਕਾਮਯਾਬ ਗਿਣਿਆ ਜਾ ਰਿਹਾ ਸੀ ਪਰ ਵੱਡੇ ਪੱਧਰ ਤੇ ਕਿਸਾਨਾਂ ਦੇ ਖੇਤਾਂ ਵਿੱਚ ਅਪਣਾਏ ਜਾਣ ਨਾਲ ਇਸ ਦੀਆਂ ਕੁਝ ਲੁਕਵੀਆਂ ਕਮੀਆਂ ਉਜਾਗਰ ਹੋਈਆਂ। ਇਹ ਮੁਸ਼ਕਿਲਾਂ 2019 ਵਿੱਚ ਹੋਰ ਵਧੀਆਂ ਜਦੋਂ 20 ਸਤੰਬਰ ਤੋਂ ਬਾਅਦ ਹੋਈ ਬੇਮੌਸਮੀ ਬਾਰਿਸ਼ ਨੇ ਝੋਨੇ ਦੀ ਵਾਢੀ ਪਛਾੜ ਦਿੱਤੀ।
ਵੱਡੇ ਪੱਧਰ ਤੇ ਵੱਖ-ਵੱਖ ਹਾਲਤਾਂ ਵਿੱਚ ਅਪਨਾਉਣ ਉਪਰੰਤ ਮਸ਼ੀਨ ਦੀ ਸੋਧ ਤੋਂ ਇਲਾਵਾ ਕੁਝ ਹੋਰ ਖੋਜ ਲਈ ਮੁੱਦੇ ਉਭਰ ਕੇ ਸਾਹਮਣੇ ਆਏ ਜਿਵੇਂ ਕਿ ਖਾਦ, ਪਾਣੀ, ਨਦੀਨਨਾਸ਼ਕ ਪਾਉਣ ਦਾ ਸਮਾਂ, ਕੀੜੇ-ਮਕੌੜੇ ਅਤੇ ਚੂਹਿਆਂ ਦੀ ਰੋਕਥਾਮ ਆਦਿ ।
ਤਕਨੀਕ ਦੀ ਸੋਧ :
1966 ਵਿੱਚ ਪੀ.ਏ.ਯੂ. ਨੇ ਕਣਕ ਦੀ ਪਹਿਲੀ ਮੱਧਰੀ ਕਿਸਮ ਪੀ ਵੀ 18 ਤਿਆਰ ਕਰਕੇ ਰਿਲੀਜ਼ ਕੀਤੀ । ਕਿਸਾਨਾਂ ਨੂੰ ਇਸ ਦੇ ਝਾੜ ਦੇਣ ਦੀ ਸਮਰੱਥਾ ਤੇ ਯਕੀਨ ਸੀ ਪਰ ਇਸ ਦੇ ਲਾਲ ਦਾਣਿਆਂ ਕਰਕੇ ਮੰਡੀਕਰਨ ਅਤੇ ਖਪਤ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਡਰਦੇ ਹੋਏ ਇਸ ਨੂੰ ਬਹੁਤੇ ਉਤਸ਼ਾਹ ਨਾਲ ਨਹੀਂ ਅਪਣਾਇਆ । ਛੇਤੀ ਹੀ 1967 ਵਿੱਚ ਪੀ.ਏ.ਯੂ. ਵੱਲੋਂ ਚਿੱਟੇ ਦਾਣਿਆਂ ਵਾਲੀ ਪਹਿਲੀ ਮਧਰੀ ਕਿਸਮ ਕਲਿਆਣ ਰਿਲੀਜ਼ ਕੀਤੀ ਗਈ ਜਿਸ ਦਾ ਨਾਂ ਬਾਅਦ ਵਿੱਚ ਕਲਿਆਣ ਸੋਨਾ ਰੱਖਿਆ ਗਿਆ । ਚਿੱਟੇ ਦਾਣਿਆਂ ਕਰਕੇ ਇਸ ਨੂੰ ਕਿਸਾਨਾਂ ਨੇ ਬਹੁਤ ਜਲਦੀ ਅਪਣਾਇਆ ਅਤੇ ਇਸ ਕਿਸਮ ਨੇ ਅਗਲੇ 10 ਸਾਲ ਰਾਜ ਕੀਤਾ ।
ਇਨ੍ਹਾਂ ਮੱਧਰੀਆਂ ਕਿਸਮਾਂ ਦੀ ਕਾਸ਼ਤ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਵੀ ਕੀਤੇ ਗਏ। ਇਨ੍ਹਾਂ ਦੇ ਛੋਟੇ ਕੋਲੀਓਪਟਾਈਲ ਹੋਣ ਕਰਕੇ ਬਿਜਾਈ ਦੀ ਡੂੰਘਾਈ ਘੱਟ ਕੀਤੀ ਗਈ। ਬਿਜਾਈ ਦੇ ਸਮੇਂ ਅਤੇ ਪਹਿਲਾ ਪਾਣੀ ਦੇਣ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ।
ਝੋਨੇ ਵਿੱਚ ਆਈ ਆਰ 8 ਦੀ ਸ਼ੁਰੂਆਤੀ ਅਸਫ਼ਲਤਾ ਤੋਂ ਬਾਅਦ ਕਿਸਾਨਾਂ ਨੂੰ ਇਹ ਕਿਸਮ ਇੱਕ ਮਹੀਨਾ ਅਗੇਤੀ (ਮਈ ਦੇ ਅੱਧ ਵਿੱਚ) ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਅਤੇ ਨਾਲ ਹੀ ਬਿਜਲੀ ਦੀ ਸਪਲਾਈ ਘੱਟ ਹੋਣ ਦੇ ਬਾਵਜੂਦ ਸਮਾਂਬੱਧ ਢੰਗ ਨਾਲ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਗਈ। ਇਸ ਨਾਲ ਹੈਰਾਨੀਜਨਕ ਨਤੀਜੇ ਸਾਹਮਣੇ ਆਏ। ਅਗੇਤੀ ਬੀਜੀ ਫ਼ਸਲ ਨੇ 70-80 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦਿੱਤਾ ਜਦਕਿ ਦੇਸੀ ਕਿਸਮਾਂ ਦਾ ਝਾੜ 30 ਕੁਇੰਟਲ ਪ੍ਰਤੀ ਹੈਕਟੇਅਰ ਸੀ। ਪੈਦਾਵਾਰ ਵਧਣ ਨਾਲ ਪੰਜਾਬ ਝੋਨਾ ਪੈਦਾ ਕਰਨ ਵਾਲਾ ਮੋਢੀ ਸੂਬਾ ਬਣ ਗਿਆ।
ਵੱਖ-ਵੱਖ ਹਾਲਤਾਂ ਵਿੱਚ ਵਰਤਣ ਉਪਰੰਤ ਪਰਾਲੀ ਪ੍ਰਬੰਧਨ ਮਸ਼ੀਨਾਂ ਵਿੱਚ ਦਰਪੇਸ਼ ਕਮੀਆਂ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਮਸ਼ੀਨਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਵੱਖ-ਵੱਖ ਨਾਵਾਂ ਅਤੇ ਵੱਖ-ਵੱਖ ਮਸ਼ੀਨਾਂ ਆ ਜਾਣ ਕਾਰਨ ਕਿਸਾਨ ਦੁਵਿਧਾ ਵਿੱਚ ਹੈ ਕਿ ਕਿਹੜੀ ਮਸ਼ੀਨ ਖਰੀਦੀ ਜਾਵੇ। ਇਸ ਲਈ ਉਹ ਹਾਲ ਦੀ ਘੜੀ ਇਸ ਉਭਰਦੀ ਤਕਨਾਲੋਜੀ ਵਿਚੋਂ ਇੱਕ ਸੁਧਰੀ ਮਸ਼ੀਨ ਦੀ ਉਡੀਕ ਕਰ ਰਿਹਾ ਹੈ।
ਕਿਸਾਨਾਂ ਨੂੰ ਜਾਗਰੂਕ ਅਤੇ ਯੋਗ ਬਣਾਉਣਾ
ਹਰੀ ਕ੍ਰਾਂਤੀ ਤਕਨੀਕਾਂ ਨੂੰ ਅਪਨਾਉਣ ਦੇ ਦਰ ਤੋਂ ਸਾਨੂੰ ਇਹ ਸੁਰਾਗ ਮਿਲਦਾ ਹੈ ਕਿ ਪਰਾਲੀ ਪ੍ਰਬੰਧਨ ਤਕਨੀਕਾਂ ਦੀ ਸੋਧ ਤੋਂ ਬਾਅਦ ਕਿਸਾਨ ਇਨ੍ਹਾਂ ਨੂੰ ਹੋਰ ਵੱਧ ਅਪਨਾਉਣਗੇ ਪਰ ਇਸ ਨਾਲੋਂ ਵੱਧ ਜ਼ਰੂਰੀ ਹੈ ਕਿ ਸਰਕਾਰ ਕਿਸਾਨਾਂ ਦੀ ਹੋਰ ਵੱਧ ਅਤੇ ਲਗਾਤਾਰ ਮਾਲੀ ਮਦਦ ਕਰੇ ਤਾਂ ਕਿ ਉਹ ਇਸ ਤਕਨੀਕ ਨੂੰ ਅਪਨਾਉਣ ਦੇ ਕਾਬਲ ਹੋ ਸਕਣ। ਇਸ ਦੇ ਨਾਲ ਹੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਤਕਨੀਕ ਵਿੱਚ ਭਰੋਸਾ ਪ੍ਰਗਟਾਉਣ ਦੀ ਲੋੜ ਹੈ ।