ਜਗਤਾਰ ਸਿੰਘ ਸਿੱਧੂ;
ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਕਿਸਾਨ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਸਪੱਸ਼ਟ ਤੌਰ ਉਤੇ ਕਿਹਾ ਗਿਆ ਹੈ ਕਿ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਦਿੱਲੀ ਗੱਲਬਾਤ ਲਈ ਜੇਕਰ ਆਪਣੀ ਗੱਡੀ ਵੀ ਭੇਜ ਦੇਵੇ ਤਾਂ ਲੀਡਰਸ਼ਿਪ ਉਸ ਗੱਡੀ ਵਿੱਚ ਵੀ ਜਾਣ ਲਈ ਤਿਆਰ ਹੈ। ਅਜਿਹੀ ਮੀਟਿੰਗ ਲਈ ਕੇਂਦਰ ਸਰਕਾਰ ਪੱਤਰ ਭੇਜਕੇ ਸਮਾਂ ਅਤੇ ਸਥਾਨ ਤੈਅ ਕਰ ਤਾਂ ਗਲ਼ਬਾਤ ਹੋ ਸਕਦੀ। ਬੇਸ਼ੱਕ ਬਕਾਇਦਾ ਫੈਸਲਾ ਤਾਂ ਸੰਯੁਕਤ ਮੋਰਚੇ ਦੇ ਆਗੂਆਂ ਵਲੋਂ ਮੰਥਨ ਕਰਕੇ ਹੀ ਲਿਆ ਜਾਵੇਗਾ ਪਰ ਕਿਸਾਨ ਆਗੂ ਮਨਜੀਤ ਰਾਏ ਨੇ ਬਕਾਇਦਾ ਮੀਟਿੰਗ ਕਰਨ ਦੀ ਪੇਸ਼ਕਸ਼ ਦਾ ਐਲਾਨ ਮੀਡੀਆ ਵਿੱਚ ਕੀਤਾ ਹੈ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨ ਉੱਤੇ ਹੰਝੂ ਗੈਸ ਦੇ ਗੋਲੇ ਸੁੱਟਕੇ ਜਖਮੀ ਕਰ ਰਹੀ ਹੈ। ਕਿਸਾਨ ਆਗੂਆਂ ਨੇ ਮਰਨ ਵਰਤ ਉੱਤੇ ਬੈਠੇ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਕੀ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ ? ਭਾਜਪਾ ਦੇ ਕਈ ਆਗੂ ਕਿਸਾਨਾਂ ਨਾਲ ਗੱਲਬਾਤ ਦਾ ਸੰਕੇਤ ਵੀ ਦੇ ਰਹੇ ਹਨ ਪਰ ਸ਼ੰਭੂ ਬਾਰਡਰ ਉਪਰ ਜਿਸ ਤਰ੍ਹਾਂ ਕਿਸਾਨਾਂ ਉੱਪਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ ਅਤੇ ਸਖਤੀ ਨਾਲ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਉਹ ਤਸਵੀਰ ਦਾ ਦੂਜਾ ਪਾਸਾ ਹੈ।
ਇਕ ਪਾਸੇ ਕਿਸਾਨਾਂ ਨਾਲ ਟਕਰਾਅ ਅਤੇ ਦੂਜੇ ਪਾਸੇ ਗੱਲਬਾਤ ਦਾ ਸੱਦਾ ਹੈ। ਮਨਜੀਤ ਰਾਏ ਕਿਸਾਨ ਆਗੂ ਦਾ ਕਹਿਣਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਦੂਹਰਾ ਚਿਹਰਾ ਹੈ। ਜੇਕਰ ਗੱਲਬਾਤ ਲਈ ਕੇਂਦਰ ਸਰਕਾਰ ਸੰਜੀਦਾ ਹੈ ਤਾਂ ਫਿਰ ਕਿਸਾਨ ਲਈ ਆਏ ਦਿਨ ਨਵੀਆਂ ਚੁਣੌਤੀਆਂ ਕਿਉਂ ਪੈਦਾ ਕੀਤੀਆਂ ਜਾ ਰਹੀਆਂ ਹਨ। ਉਨਾਂ ਦਾ ਕਹਿਣਾ ਹੈ ਕਿ ਪਹਿਲਾਂ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਉਹ ਟਰੈਕਟਰ ਅਤੇ ਟਰਾਲੀ ਲੈ ਕੇ ਨਹੀਂ ਆਉਣਗੇ ਪਰ ਹੁਣ ਕਿਸਾਨ ਪੈਦਲ ਜਾਣ ਲਈ ਤਿਆਰ ਹਨ ਤਾਂ ਕਿਸਾਨਾਂ ਨੂੰ ਪੈਦਲ ਜਾਣ ਤੋਂ ਰੋਕਿਆ ਜਾ ਰਿਹਾ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਆਖ ਦਿੱਤਾ ਹੈ ਕਿ ਕਿਸਾਨ ਜੱਥੇ ਲੈ ਕੇ ਪੈਦਲ ਕਿਉਂ ਜਾ ਰਹੇ ਹਨ ਜਦਕਿ ਕਿ ਜਾਣ ਲਈ ਬਹੁਤ ਸਾਰੇ ਸਾਧਨ ਹਨ। ਖੱਟਰ ਸਲਾਹ ਦੇ ਰਹੇ ਹਨ ਕਿ ਕਿਸਾਨ ਢੰਗ ਨਾਲ ਦਿੱਲੀ ਜਾਣ ਤਾਂ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਭਾਜਪਾ ਨੇਤਾ ਦੇ ਬਿਆਨ ਤੋਂ ਲੱਗਦਾ ਹੈ ਕਿ ਕੇਂਦਰ ਨੂੰ ਫਸਲਾਂ ਦੀ ਘੱਟੋ-ਘੱਟ ਕੀਮਤ ਤੈਅ ਕਰਨ ਲਈ ਗੱਲਬਾਤ ਕਰਨ ਦੀ ਸਮੱਸਿਆ ਨਹੀਂ ਹੈ ਸਗੋਂ ਗੱਲਬਾਤ ਕਰਨ ਦੇ ਢੰਗ ਉਪਰ ਸਮਸਿਆ ਹੈ। ਹੈਰਾਨੀ ਤਾਂ ਇਸ ਲਈ ਹੁੰਦੀ ਹੈ ਕਿ ਕਿਸਾਨਾਂ ਨੂੰ ਅੰਦੋਲਨ ਦੇ ਰਾਹ ਤੋਰਿਆ ਕਿਸ ਨੇ?ਪਾਰਲੀਮੈਟ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀ ਕੇਂਦਰ ਨਾਲ ਚੰਡੀਗੜ ਗੱਲਬਾਤ ਹੋਈ ਪਰ ਮਾਮਲਾ ਸਿਰੇ ਨਾ ਲੱਗਾ ਅਤੇ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਅੰਦੋਲਨ ਦੇ ਰਾਹ ਉੱਪਰ ਹਨ। ਜੇਕਰ ਦਿੱਲੀ ਜਾਣ ਦੇ ਢੰਗ ਤਰੀਕੇ ਵੀ ਕੇਂਦਰ ਸਰਕਾਰ ਨੇ ਤੈਅ ਕਰਨੇ ਹਨ ਤਾਂ ਅਸਲ ਮੁੱਦੇ ਕਿਵੇਂ ਹੱਲ ਹੋਣਗੇ। ਹੁਣ ਜਦੋਂ ਕਿਸਾਨ ਨੇਤਾ ਗੱਲਬਾਤ ਦੀ ਪੇਸ਼ਕਸ਼ ਕਰ ਰਹੇ ਹਨ ਤਾਂ ਕੇਂਦਰ ਨੂੰ ਵੱਡੇ ਦਿਲ ਨਾਲ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ।
ਸੰਪਰਕ 9814002186