ਨਿਊਜ਼ ਡੈਸਕ: ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸਾਂ ਨੂੰ ਲੈ ਕੇ ਸੂਬਾ ਭਰ ਦੇ ਕਿਸਾਨ ਅੱਜ ਸੜਕਾਂ ‘ਤੇ ਨਿੱਤਰੇ ਹਨ। ਮੋਦੀ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਅੱਜ ਪੰਜਵਾਂ ਰੋਸ ਪ੍ਰਦਰਸ਼ਨ ਹੈ। ਜਿਸ ਤਹਿਤ ਅੱਜ ਸੂਬਾ ਭਰ ਵਿੱਚ ਕਿਸਾਨਾਂ ਨੇ ਜ਼ਿਲ੍ਹਾਂ ਮੂਹਰੇ ਰੋਸ ਪ੍ਰਦਰਸ਼ਨ ਕੀਤਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੁਰਦਾਸਪੁਰ ਨੇ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਦੇ ਵਿਰੋਧ ਵਿੱਚ ਜੇਲ੍ਹ ਭਰੋ ਅੰਦੋਲਨ ਕੀਤਾ। ਕਿਸਾਨ ਅਤੇ ਖੇਤ ਮਜ਼ਦੂਰਾਂ ਨੇ ਕੇਂਦਰੀ ਜੇਲ੍ਹ ਗੁਰਦਾਸਪੁਰ ਅੱਗੇ ਪੱਕਾ ਮੋਰਚਾ ਲਾਉਂਦੇ ਹੋਏ ਕਿਹਾ ਜਾਂ ਆਰਡੀਨੈਂਸ ਰੱਦ ਕੀਤੇ ਜਾਣ ਜਾਂ ਫਿਰ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇ।
ਜਲੰਧਰ ਵਿੱਚ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਬਾਹਰ ਧਰਨਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਫਸਲ ਪੱਕ ਕੇ ਤਿਆਰ ਹੋ ਗਈ ਹੈ, ਉਨ੍ਹਾਂ ਦਾ ਮੰਡੀਕਰਨ ਹੋਣਾ ਹੈ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਧਿਆਨ ਨਹੀਂ ਦੇ ਰਹੀ। ਜਲੰਧਰ ‘ਚ ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਰੋਜ਼ਾਨਾ 11 ਕਿਸਾਨ ਗ੍ਰਿਫਤਾਰੀਆਂ ਦੇਣਗੇ। ਇੰਨਾ ਹੀ ਨਹੀਂ ਆਉਣ ਵਾਲੇ ਦਿਨਾਂ ‘ਚ ਕਪੂਰਥਲਾ ਜੇਲ੍ਹ ਦੇ ਬਾਹਰ ਪੱਕਾ ਧਰਨਾ ਵੀ ਲਗਾਇਆ ਜਾਵੇਗਾ।
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸਾਂ ਦੇ ਖਿਲਾਫ਼ ਕਿਸਾਨ ਉਤਰੇ ਹਨ। ਹੁਸ਼ਿਆਰਪੁਰ ਜੇਲ੍ਹ ਗੇਟ ਦੇ ਸਾਹਮਣੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਜੇਲ੍ਹ ਭਰੋ ਅੰਦੋਲਨ ਦੇ ਤਹਿਤ ਲੋਕ ਆਪਣੇ ਆਪ ਨੂੰ ਜੇਲਾਂ ‘ਚ ਕੈਦ ਕਰਵਾਉਣਾ ਚਾਹੁੰਦੇ ਹਨ, ਪਰ ਸਰਕਾਰ ਜਾਂ ਤਾਂ ਸਾਨੂੰ ਜੇਲਾਂ ਚ ਡੱਕੇ ਨਹੀਂ ਤਾਂ ਫਿਰ ਆਰਡੀਨੈਂਸ ਰੱਦ ਕਰੇ।
ਉਧਰ ਅੰਮ੍ਰਿਤਸਰ ਵਿੱਚ ਵੀ ਕਿਸਾਨਾਂ ਦਾ ਵਿਸ਼ਾਲ ਰੋਸ ਦੇਖਣ ਨੂੰ ਮਿਲਿਆ। ਆਰਡੀਨੈਂਸਾਂ ਦੇ ਖਿਲਾਫ਼ ਨਿੱਤਰੇ ਕਿਸਾਨਾਂ ਨੇ ਕੇਂਦਰੀ ਜੇਲ੍ਹ ਦੇ ਬਾਹਰ ਪੱਕਾ ਮੋਰਚਾ ਲਗਾ ਦਿੱਤਾ ਹੈ। ਇੱਥੇ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਰੋਜ਼ਾਨਾ 51 ਮੈਂਬਰੀ ਕਿਸਾਨਾਂ ਦਾ ਜਥਾ ਗ੍ਰਿਫਤਾਰੀਆਂ ਦੇਣ ਲਈ ਡੀਸੀ ਦਫ਼ਤਰ ਪਹੁੰਚਦਾ ਹੈ।