ਸਰਬੱਤ ਸਹਿਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਰਜਿਸਟਰ ਕਰਨ ਲਈ ਸਾਰੇ ਸੂਚੀਬੱਧ ਹਸਪਤਾਲਾਂ ਵਿੱਚ ਫਿੰਗਰਪ੍ਰਿੰਟ ਰੀਡਰਾਂ ਦੇ ਨਾਲ ਨਾਲ ਆਈਰਿਸ ਸਕੈਨਰ ਪਹਿਲਾਂ ਹੀ ਉਪਲੱਬਧ: ਬਲਬੀਰ ਸਿੰਘ ਸਿੱਧੂ

TeamGlobalPunjab
2 Min Read

ਚੰਡੀਗੜ੍ਹ :ਸਰਬੱਤ ਸਹਿਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਲਈ ਲਾਭਪਾਤਰੀਆਂ ਦੀ ਬਾਇਓਮੈਟ੍ਰਿਕ ਲਈ ਫਿੰਗਰ ਪ੍ਰਿੰਟ ਲੈਣ ਵਿੱਚ ਅਸਫਲ ਸਕੈਨਰਾਂ ਸੰਬੰਧੀ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਫਿੰਗਰਪ੍ਰਿੰਟ ਸਕੈਨਰ ਦੇ ਅਸਫਲ ਹੋਣ ਦੀ ਸੂਰਤ ਵਿੱਚ ਸਮੂਹ ਸਿਵਲ ਸਰਜਨਾਂ ਨੂੰ ਲਾਭਪਾਤਰੀਆਂ ਨੂੰ ਰਜਿਸਟਰ ਕਰਨ ਲਈ ਸਾਰੇ ਸੂਚੀਬੱਧ ਹਸਪਤਾਲ ਵਿੱਚ ਪਹਿਲਾਂ ਹੀ ਲਗਾਏ ਆਈਰਿਸ ਸਕੈਨਰਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਰਦੇਸ਼ ਦਿੱਤੇ ਹਨ।

ਬਲਬੀਰ ਸਿੰਘ ਨੇ ਦੱਸਿਆ ਕਿ ਲਾਭਪਾਤਰੀ ਦੋ ਪ੍ਰਕਿਰਿਆਵਾਂ ਦੀ ਵਰਤੋਂ ਨਾਲ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ ਜਦਕਿ ਸਰਬੱਤ ਸਿਹਤ ਬੀਮਾ ਯੋਜਨਾ ਲਈ ਬਣਾਏ ਗਏ ਸਾੱਫਟਵੇਅਰ ਵਿਚ ਪਹਿਲਾਂ ਹੀ ਇਹ ਢੁੱਕਵੀਂ ਵਿਵਸਥਾ ਉਪਲਬਧ ਹੈ ਜਿਸ ਤਹਿਤ ਲਾਭਪਾਤਰੀਆਂ ਨੂੰ ਫਿੰਗਰਪ੍ਰਿੰਟ ਰੀਡਰ ਜਾਂ ਆਈਰਿਸ ਸਕੈਨਰ (ਅੱਖਾਂ ਦੀਆਂ ਪੁਤਲੀਆਂ) ਰਾਹੀਂ ਰਜਿਸਟਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਸੂਚੀਬੱਧ ਹਸਪਤਾਲਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਜੇਕਰ ਇਸ ਸਬੰਧੀ ਕੋਈ ਢਿੱਲ ਪਾਈ ਜਾਂਦੀ ਹੈ ਤਾਂ ਸਬੰਧਤ ਸਿਹਤ ਸੰਸਥਾਵ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਸਿਹਤ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਬੱਤ ਸਹਿਤ ਬੀਮਾ ਯੋਜਨਾ ਦੇ ਹਰ ਯੋਗ ਲਾਭਪਾਤਰੀ ਨੂੰ ਕਵਰ ਕਰਨ ਲਈ ਵਚਨਬੱਧ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਘਰ-ਘਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ 20 ਅਗਸਤ, 2019 ਤੋਂ ਇਸ ਪ੍ਰਮੁੱਖ ਸਕੀਮ ਦੀ ਸ਼ੁਰੂਆਤ ਕੀਤੀ ਸੀ ਅਤੇ ਸਿਰਫ 5 ਮਹੀਨਿਆਂ ਵਿੱਚ ਰਾਜ ਸਿਹਤ ਏਜੰਸੀ ਨੇ ਲਾਭਪਾਤਰੀਆਂ ਨੂੰ 40,83,715 ਈ-ਕਾਰਡ ਜਾਰੀ ਕੀਤੇ। ਉਹਨਾਂ ਅੱਗੇ ਕਿਹਾ ਕਿ ਇਸ ਪ੍ਰਕ੍ਰਿਆ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਸਰਕਾਰ ਵੱਲੋਂ ਈ-ਕਾਰਡ ਬਣਾਉਣ ਲਈ ਨਵੀਂ ਏਜੰਸੀ ਨਿਯੁਕਤ ਕੀਤੀ ਗਈ ਹੈ।

ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਤੱਕ 1,36,425 ਮਰੀਜ਼ਾਂ ਨੂੰ 147.10 ਕਰੋੜ ਰੁਪਏ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚੋਂ 2462 ਮਰੀਜ਼ਾਂ ਨੂੰ ਦਿਲ ਦੀ ਸਰਜਰੀ, 2183 ਮਰੀਜ਼ਾਂ ਕੈਂਸਰ ਦੇ ਇਲਾਜ ਅਤੇ 3720 ਬਜ਼ੁਰਗਾਂ ਦੇ ਜੋੜਾਂ ਦੇ ਆਪਰੇਸ਼ਨ ਸਬੰਧੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।

- Advertisement -

Share this Article
Leave a comment