ਖੇਤੀ ਕਾਨੂੰਨ ‘ਤੇ ਮੋਦੀ ਸਰਕਾਰ ਦੇ ਪ੍ਰਸਤਾਵ ਨੂੰ ਕਿਸਾਨ ਨੇ ਠੁਕਰਾਇਆ ਤੇ ਲਿਆ ਵੱਡਾ ਫੈਸਲਾ

TeamGlobalPunjab
2 Min Read

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਅੱਜ 58ਵੇਂ ਦਿਨ ਪਹੁੰਚ ਗਿਆ।  ਸੰਯੁਕਤ ਕਿਸਾਨ ਮੋਰਚਾ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿੱਚ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ 10ਵੇਂ ਗੇੜ ਦੀ ਬੈਠਕ ‘ਚ ਰੱਖੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਸਾਰੇ ਕਿਸਾਨਾਂ ਲਈ ਸਾਰੀਆਂ ਫਸਲਾਂ ‘ਤੇ ਲਾਹੇਵੰਦ ਐਮਐਸਪੀ ਲਈ ਇਕ ਕਾਨੂੰਨ ਲਾਗੂ ਕਰਨ ਨੂੰ ਇਸ ਅੰਦੋਲਨ ਦੀਆਂ ਮੁੱਖ ਮੰਗਾਂ ਵਜੋਂ ਦੁਹਰਾਇਆ ਗਿਆ।

ਕਿਸਾਨਾਂ ਦੀ ਇਸ ਆਪਸੀ ਬੈਠਕ ਵਿੱਚ ਹੁਣ ਤੱਕ ਸ਼ਹੀਦ ਹੋਏ 147 ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਕਿ ਲੋਕ ਲਹਿਰ ਲੜਦਿਆਂ ਇਹ ਸਾਥੀ ਸਾਡੇ ਤੋਂ ਵਿੱਛੜ ਰਹੇ ਹਨ। ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਇਸ ਦੌਰਾਨ ਕਿਸਾਨ ਲੀਡਰ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਾਲ ਹੋਈ ਬੈਠਕ ਵਿਚ ਪੁਲਿਸ ਨੇ ਮੰਗ ਕੀਤੀ ਕਿ ਕਿਸਾਨ ਪਰੇਡ ਰਿੰਗ ਰੋਡ ਤੇ ਨਾ ਕੀਤੀ ਜਾਵੇ। ਕਿਸਾਨਾਂ ਨੇ ਪੂਰੇ ਜ਼ੋਰ ਨਾਲ ਇਹ ਗੱਲ ਰੱਖੀ ਕਿ ਪਰੇਡ ਰਿੰਗ ਰੋਡ ਤੇ ਹੀ ਹੋਵੇਗੀ। ਇਸ ਵਾਰੇ ਪੁਲਿਸ ਨਾਲ ਮੀਟਿੰਗ ਕੱਲ ਹੋਵੇਗੀ।

ਇਸ ਦੌਰਾਨ ਕਿਸਾਨ ਲੀਡਰਾਂ ਨੇ ਕਿਹਾ ਕਿ ਇਹ ਸ਼ਾਂਤਮਈ ਅੰਦੋਲਨ ਹੁਣ ਦੇਸ਼ ਵਿਆਪੀ ਬਣ ਚੁੱਕਿਆ ਹੈ। ਗਣਤੰਤਰ ਦਿਵਸ ਲਈ ਕਿਸਾਨ ਕਰਨਾਟਕ ਵਿਚ ਕਈ ਥਾਵਾਂ ‘ਤੇ ਵਾਹਨ ਰੈਲੀਆਂ ਕਰਕੇ ਇਕਜੁੱਟ ਹੋ ਰਹੇ ਹਨ। ਕੇਰਲ ਵਿੱਚ ਕਈ ਥਾਵਾਂ ‘ਤੇ ਕਿਸਾਨ ਟਰੈਕਟਰ ਮਾਰਚ ਕਰ ਰਹੇ ਹਨ। ਉੱਤਰਾਖੰਡ ਦੇ ਬਿਲਾਸਪੁਰ ਅਤੇ ਰਾਮਪੁਰ ਵਿੱਚ ਟਰੈਕਟਰ ਮਾਰਚ ਕਰਕੇ ਕਿਸਾਨ ਦਿੱਲੀ ਵਿੱਚ ‘ਕਿਸਾਨ ਪਰੇਡ’ ਦੀ ਤਿਆਰੀ ਕਰ ਰਹੇ ਹਨ। ਛੱਤੀਸਗੜ੍ਹ ਦੇ ਕਿਸਾਨ 23 ਜਨਵਰੀ ਨੂੰ ਰਾਜ ਭਵਨ ਦਾ ਘਿਰਾਓ ਕਰਨਗੇ ਅਤੇ ਇਕ ਜੱਥਾ ਵੀ ਦਿੱਲੀ ਲਈ ਰਵਾਨਾ ਹੋਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਉੜੀਸਾ ਤੋਂ ਚਲਾਈ ਗਈ ਨਵ-ਨਿਰਮਾਣ ਕਿਸਾਨ ਸੰਗਠਨ ਦੀ ‘ਕਿਸਾਨ ਦਿੱਲੀ ਚਲੋ ਯਾਤਰਾ’ ਨੂੰ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਯਾਤਰਾ ਦੇ ਰੂਟ ਵੀ ਬਦਲੇ ਜਾ ਰਹੇ ਹਨ। ਅਸੀਂ ਪ੍ਰਸ਼ਾਸਨ ਦੇ ਇਸ ਵਿਵਹਾਰ ਦਾ ਵਿਰੋਧ ਕਰਦੇ ਹਾਂ।

- Advertisement -

Share this Article
Leave a comment