ਯਾਤਰੀ ਟਰੇਨਾਂ ਨੂੰ ਲਾਂਘਾ ਦੇਣ ਦੀ ਕੈਪਟਨ ਦੀ ਅਪੀਲ ਕਿਸਾਨ ਜਥੇਬੰਦੀ ਨੇ ਠੁਕਰਾਈ

TeamGlobalPunjab
2 Min Read

ਅੰਮ੍ਰਿਤਸਰ: ਪੰਜਾਬ ਵਿੱਚ ਖੇਤੀ ਕਾਨੂੰਨ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਆਪਣੇ ਅੰਦੋਲਨ ਵਿਚ ਢਿੱਲ ਦੇਣ ਅਤੇ ਯਾਤਰੀ ਗੱਡੀਆਂ ਨੂੰ ਲਾਂਘਾ ਦੇਣ ਦੀ ਅਪੀਲ ਕੀਤੀ ਸੀ। ਜਿਸ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਖਾਰਜ ਕਰ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਜਥੇਬੰਦੀ ਕਿਸੇ ਵੀ ਕੀਮਤ ‘ਤੇ ਯਾਤਰੀ ਗੱਡੀਆਂ ਨੂੰ ਲਾਂਘਾ ਨਹੀਂ ਦੇਵੇਗੀ।

ਪਿਛਲੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪੰਜਾਬ ਵਿੱਚ ਨਾ ਤਾਂ ਮਾਲ ਗੱਡੀਆਂ ਚੱਲੀਆਂ ਹਨ ਅਤੇ ਨਾ ਹੀ ਯਾਤਰੀ ਗੱਡੀਆਂ ਆ ਰਹੀਆਂ ਹਨ। 30 ਕਿਸਾਨ ਜਥੇਬੰਦੀਆਂ ਨੇ ਆਪਣੇ ਅੰਦੋਲਨ ਵਿੱਚ ਢਿੱਲ ਦਿੰਦੇ ਹੋਏ ਫੈਸਲਾ ਲਿਆ ਸੀ ਕਿ 20 ਨਵੰਬਰ ਤੱਕ ਕੋਈ ਵੀ ਜਥੇਬੰਦੀ ਮਾਲ ਗੱਡੀ ਨੂੰ ਨਹੀਂ ਰੋਕੇਗੀ, ਹਾਲਾਂਕਿ ਯਾਤਰੀ ਗੱਡੀਆਂ ਨੂੰ ਕਿਸਾਨਾਂ ਨੇ ਡੱਕਣ ਦਾ ਫ਼ੈਸਲਾ ਲਿਆ ਹੈ।

ਉੱਧਰ ਕੇਂਦਰ ਸਰਕਾਰ ਨੇ ਵੀ ਪੰਜਾਬ ਸਰਕਾਰ ਅੱਗੇ ਸ਼ਰਤ ਰੱਖੀ ਹੈ ਕਿ ਪਹਿਲਾਂ ਯਾਤਰੀ ਗੱਡੀਆਂ ਨੂੰ ਲਾਂਘਾ ਦਿੱਤਾ ਜਾਵੇ ਫਿਰ ਹੀ ਮਾਲ ਗੱਡੀਆਂ ਚਲਾਈਆਂ ਜਾਣਗੀਆਂ। ਜਿਸ ਤਹਿਤ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਕਈ ਪਰਵਾਸੀ ਆਪਣੇ ਘਰਾਂ ਨੂੰ ਆ ਰਹੇ ਅਤੇ ਜਾ ਰਹੇ ਹਨ। ਯਾਤਰੀ ਟਰੇਨਾਂ ਨਾ ਚੱਲਣ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ। ਇਸ ਲਈ ਕਿਸਾਨ ਆਪਣੇ ਅੰਦੋਲਨ ਵਿਚ ਯਾਤਰੀ ਗੱਡੀਆਂ ਨੂੰ ਵੀ ਢਿੱਲ ਦੇਣ। ਕੈਪਟਨ ਅਮਰਿੰਦਰ ਸਿੰਘ ਦੀ ਇਸ ਅਪੀਲ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਠੁਕਰਾ ਦਿੱਤਾ ਹੈ।

Share This Article
Leave a Comment