ਚੰਡੀਗੜ੍ਹ: ਪੰਜਾਬ -ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ 13 ਮਹੀਨੇ ਤਕ ਸੰਘਰਸ਼ ਕਰਨ ਵਾਲੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਕੈਬਿਨੇਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ।
ਇਸ ਦੌਰਾਨ, ਜਲੰਧਰ ਵਿੱਚ ਮੰਤਰੀ ਮਹਿੰਦਰ ਭਗਤ ਦੇ ਘਰ ਬਾਹਰ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ। ਪੁਲਿਸ ਨੇ ਕਿਸਾਨਾਂ ਨੂੰ ਮਹਿੰਦਰ ਭਗਤ ਦੇ ਘਰ ਵੱਲ ਵਧਣ ਤੋਂ ਰੋਕਿਆ, ਜਿਸਦੇ ਵਿਰੋਧ ਵਿੱਚ ਕਿਸਾਨਾਂ ਨੇ ਬੈਰੀਕੇਡ ਹਟਾ ਕੇ ਸੁੱਟ ਦਿੱਤੇ। ਕਿਸਾਨਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਜਿਨ੍ਹਾਂ ਨੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਮੌਕੇ ‘ਤੇ ਮੌਜੂਦ ਮਹਿਲਾ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ।
ਇਸ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਾਲੇ ਹਲਕੀ ਝੜਪ ਹੋਈ। ਦੂਜੇ ਪਾਸੇ, ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਵੱਲ ਵਧ ਰਹੇ ਕਿਸਾਨਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਗਿਆ। ਇਹੋ ਜਿਹੇ ਪ੍ਰਦਰਸ਼ਨ ਅੱਜ ਸਾਰੇ ਪੰਜਾਬ ‘ਚ ਹੋ ਰਹੇ ਹਨ। ਇਸ ਸੰਘਰਸ਼ ਦਾ ਐਲਾਨ ਐਤਵਾਰ ਨੂੰ ਸਰਵਣ ਸਿੰਘ ਪੰਧੇਰ ਵੱਲੋਂ ਕੀਤੀ ਗਈ ਸੀ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ‘ਚ ਅੱਜ ਸਾਰੇ ਪੰਜਾਬ ‘ਚ ਕਿਸਾਨ ਧਰਨਾ ਅਤੇ ਪ੍ਰਦਰਸ਼ਨ ਕਰ ਰਹੇ ਹਨ। ਇਹ ਪ੍ਰਦਰਸ਼ਨ ਦੁਪਹਿਰ 3 ਵਜੇ ਤੱਕ ਚੱਲਣਗੇ। ਸੂਬੇ ਦੇ 17 ਜ਼ਿਲ੍ਹਿਆਂ ‘ਚ ਕਿਸਾਨਾਂ ਨੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਹੋਇਆ ਹੈ। ਜਿਆਦਾਤਰ ਥਾਵਾਂ ‘ਤੇ ਸ਼ਾਂਤੀਪੂਰਨ ਢੰਗ ਨਾਲ ਨਾਅਰੇਬਾਜ਼ੀ ਅਤੇ ਭਾਸ਼ਣ ਚੱਲ ਰਹੇ ਹਨ।