ਨਵੀਂ ਦਿੱਲੀ: ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਅੱਜ ਚੌਥੇ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ। ਵਿਗਿਆਨ ਭਵਨ ‘ਚ ਦੁਪਹਿਰ 12 ਵਜੇ ਮੀਟਿੰਗ ਬੁਲਾਈ ਗਈ ਸੀ ਜੋ ਸ਼ਾਮ 7 ਵਜੇ ਖ਼ਤਮ ਹੋਈ। ਕਿਸਾਨ ਜਥੇਬੰਦੀਆਂ ਇੱਕ ਗੱਲ ‘ਤੇ ਹੀ ਅੜੀਆਂ ਰਹੀਆਂ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਇਸ ਤੋਂ ਇਲਾਵਾ ਕਿਸਾਨਾਂ ਨੇ ਮੀਟਿੰਗ ‘ਚ ਕਿਹਾ ਕਿ ਕੇਂਦਰ ਸਰਕਾਰ ਸਾਫ਼ ਦੱਸੇ ਕਿ ਖੇਤੀ ਕਾਨੂੰਨ ਰੱਦ ਕਰਨੇ ਹਾਂ ਜਾਂ ਨਹੀਂ?
ਇਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਸਾਨਾਂ ਨੂੰ ਸਮਝਾਉਣ ਲਈ ਕਿਹਾ ਕਿ ਸਰਕਾਰ ਯਕੀਨੀ ਬਣਾਏਗੀ ਕਿ ਏਪੀਐਮਸੀ ਐਕਟ ਖ਼ਤਮ ਨਹੀਂ ਹੋਵੇਗਾ, ਸਗੋਂ ਕੇਂਦਰ ਸਰਕਾਰ ਇਸ ਨੂੰ ਹੋਰ ਮਜ਼ਬੂਤ ਕਰੇਗੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਕਿਹਾ ਕਿ ਐਮਐਸਪੀ ਵੀ ਪਹਿਲਾਂ ਵਾਂਗ ਲਾਗੂ ਹੀ ਰਹੇਗਾ। ਹਾਲਾਂਕਿ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਐਮਐਸਪੀ ਨੂੰ ਵੀ ਕੇਂਦਰ ਸਰਕਾਰ ਐਕਟ ‘ਚ ਸ਼ਾਮਲ ਕਰੇ। ਜੇਕਰ ਕੇਂਦਰ ਸਰਕਾਰ ਐਮਐਸਪੀ ਖ਼ਤਮ ਨਹੀਂ ਕਰ ਰਹੀ ਤਾਂ ਫਿਰ ਇਸ ਨੂੰ ਐਕਟ ਵਿੱਚ ਸ਼ਾਮਲ ਕਿਉਂ ਨਹੀਂ ਕਰ ਰਹੀ। ਦੋਵੇਂ ਧਿਰਾਂ ਅਗਲੇ ਗੇੜ ਦੀ ਗੱਲਬਾਤ ਲਈ ਹੁਣ 5 ਦਸੰਬਰ ਨੂੰ ਦੁਪਹਿਰੇ ਦੋ ਵਜੇ ਇਕੱਠੀਆਂ ਹੋਣਗੀਆਂ।
ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਕੇਂਦਰ ਸਰਕਾਰ ਖਿਲਾਫ਼ ਗੁੱਸਾ ਸਾਫ਼ ਦਿਖਾਈ ਦਿੱਤਾ ਸੀ। ਜਦੋਂ ਲੰਚ ਬ੍ਰੇਕ ਹੋਈ ਤਾਂ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਲੰਚ ਨੂੰ ਖਾਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਹੁਸ਼ਿਆਰਪੁਰ ਦੀ ਐਨਜੀਓ ਸਰਬੱਤ ਦਾ ਭਲਾ ਟਰੱਸਟ ਕਿਸਾਨਾਂ ਦੇ ਲਈ ਭੋਜਨ ਲੈ ਕੇ ਵਿਗਿਆਨ ਭਵਨ ਪਹੁੰਚੀ। ਇਸ ਦੇ ਨਾਲ ਹੀ ਕਿਸਾਨਾਂ ਨੇ ਸ਼ਾਮ ਦੀ ਚਾਹ ਪੀਣ ਤੋਂ ਵੀ ਮਨਾ ਕਰ ਦਿੱਤਾ। ਸ਼ਾਮ ਦੀ ਚਾਹ ਅੰਦੋਲਨ ਵਿਚੋਂ ਕਿਸਾਨਾਂ ਤਕ ਪਹੁੰਚਾਈ ਗਈ। ਚਾਹ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਦੀਆਂ ਮੰਗਾਂ ‘ਤੇ ਵੱਖ ਤੋ਼ ਵਿਚਾਰ ਚਰਚਾ ਕੀਤੀ।