ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਨਾਲ ਸੱਤਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਦੇ ਚਾਰੇ ਪਾਸੇ ਟਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਸੀ, ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚਤਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਜਨਵਰੀ ਦੇ ਟਰੈਕਟਰ ਪਰੇਡ ਮਾਰਚ ਦੀ ਤਿਆਰੀ ਪੂਰਨ ਤੌਰ ‘ਤੇ ਮੁਕੰਮਲ ਹੋ ਗਈ ਹੈ। ਇਹ ਮਾਰਚ 26 ਜਨਵਰੀ ਦੇ ਵਿਸ਼ਾਲ ਟਰੈਕਟਰ ਪਰੇਡ ਮਾਰਚ ਦੀ ਰਿਹਰਸਲ ਹੋਵੇਗੀ।
ਉਨ੍ਹਾਂ ਕਿਹਾ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਦਾ 26 ਜਨਵਰੀ ਨੂੰ ਗਣਰਾਜ ਦਿਵਸ ਤੇ ਮੁੱਖ ਮਹਿਮਾਨ ਵਜੋਂ ਆਉਣ ਦਾ ਦੌਰਾ ਰੱਦ ਹੋਣਾ ਮੋਦੀ ਸਰਕਾਰ ਦੀ ਅਖਲਾਕੀ ਤੌਰ ਤੇ ਹਾਰ ਹੈ। ਮੋਦੀ ਸਰਕਾਰ ਨੂੰ ਹਾਲੇ ਵੀ ਸਮਾਂ ਰਹਿੰਦਿਆਂ ਸਮਝ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਜਾਣਕਾਰੀ ਦਿੰਦੇ ਦੱਸਿਆ12 ਜਨਵਰੀ ਨੂੰ ਅੰਮ੍ਰਿਤਸਰ ਤੋਂ ਚੌਥਾ ਵਿਸ਼ਾਲ ਜਥਾ ਰਵਾਨਾ ਹੋਵੇਗਾ ਇਸਤੋਂ ਉਪਰੰਤ 20 ਜਨਵਰੀ ਨੂੰ ਤਰਨਤਾਰਨ ਤੋਂ ਵਿਸ਼ਾਲ ਜਥਾ ਦਿੱਲੀ ਰਵਾਨਾ ਹੋਵੇਗਾ ਜੋ 22 ਜਨਵਰੀ ਨੂੰ ਦਿੱਲੀ ਪਹੁੰਚ ਜਾਵੇਗਾ।
ਇਸ ਸਮੇਂ ਸੁਬਾਈ ਆਗੂ ਜਸਬੀਰ ਸਿੰਘ ਪਿੰਦੀ, ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਆਰ.ਐਸ.ਐਸ ਨੂੰ ਲਗਭਗ 100 ਸਾਲ ਹੋ ਗਏ ਹਨ ਆਪਣਾ ਆਧਾਰ ਬਣਾਉਣ ਲਈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼ ਵਿਰੋਧੀ ਨੀਤੀਆਂ ਕਾਰਨ ਦੇਸ਼ ਤਾਂ ਤਬਾਹ ਹੋਵੇਗਾ ਹੀ ਨਾਲ ਹੀ ਬੀ.ਜੇ.ਪੀ ਅਤੇ ਆਰ.ਐਸ.ਐਸ ਵੀ ਤਬਾਹ ਹੋਣ ਦੇ ਰਾਹ ਵੱਲ ਨੂੰ ਤੁਰ ਪਵੇਗੀ।
ਇਸਦੇ ਨਾਲ ਹੀ ਆਗੂਆਂ ਨੇ ਵਿਦੇਸ਼ਾਂ ‘ਚ ਬੈਠੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੰਬਾਨੀ, ਅੰਡਾਨੀ ਦੇ ਕਾਰੋਬਾਰਾਂ ਵਿੱਚੋਂ ਆਪਣੇ ਸ਼ੇਅਰ ਕੱਢ ਲੈਣ ਅਤੇ ਦੇਸ਼ ਵਾਸੀ ਪੂਰਨ ਤੌਰ ਤੇ ਅੰਬਾਨੀਆ, ਅੰਡਾਨੀਆ ਦੇ ਸਮੁੱਚੇ ਉਤਪਾਦਾਂ ਦਾ ਬਾਈਕਾਟ ਕਰਨ।