ਨਵੀਂ ਦਿੱਲੀ: ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਵੱਧਦਾ ਤੇ ਭੱਖਦਾ ਜਾ ਰਿਹਾ ਹੈ। ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੀ ਵੱਡੀਆਂ ਰਣਨੀਤੀਆਂ ਉਲੀਕੀਆਂ ਗਈਆਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 20 ਦਸੰਬਰ ਨੂੰ ਪੂਰੇ ਦੇਸ਼ ਵਿੱਚ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ 25 ਦਸੰਬਰ ਅਤੇ 26 ਦਸੰਬਰ ਨੂੰ ਪੰਜਾਬ ‘ਚੋਂ ਹਜ਼ਾਰਾਂ ਦੀ ਗਿਣਤੀ ਟਰੈਕਟਰ ਟਰਾਲੀਆਂ ਭਰ ਕੇ ਕਿਸਾਨ ਦਿੱਲੀ ਨੂੰ ਆਉਣਗੇ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਧੋਖਾਧੜੀ ਕਰਕੇ ਕਿਸਾਨਾਂ ਦਾ ਅੰਦੋਲਨ ਖ਼ਤਮ ਕਰਨ ਦੀ ਸਾਜਿਸ਼ ਰੱਚ ਰਹੀ ਹੈ। ਪਰ ਅਸੀਂ ਆਪਣੀ ਸਮਝ ਤੋਂ ਕੰਮ ਲਵਾਂਗੇ ਅਤੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਵੱਡਾ ਇਕੱਠ ਕਰਾਂਗੇ।
ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਸਾਡੇ ਧਰਨੇ ਟਿਕਰੀ ਸਰਹੱਦ ‘ਤੇ ਚੱਲ ਰਹੇ ਹਨ। ਟਿਕਰੀ ਸਰਹੱਦ ਨੂੰ ਦਿੱਲੀ ਤੇ ਹਰਿਆਣਾ ਦੀਆਂ ਕਈ ਸੜਕਾਂ ਲੱਗਦੀਆਂ ਹਨ। ਸਰਕਾਰ ਦਾ ਦਾਅਵਾ ਹੈ ਕਿ ਧਰਨੇ ਦੇ ਨਾਲ ਲੋਕ ਕਾਫ਼ੀ ਪਰੇਸ਼ਾਨ ਹੋ ਰਹੇ ਸਨ। ਪਰ ਸਾਡੇ ਕਿਸਾਨਾਂ ਨੇ ਇੱਕ ਵੀ ਸੜਕ ਨੂੰ ਨਹੀਂ ਡੱਕਿਆ। ਹਰਿਆਣਾ ਦੇ ਲੋਕਾਂ ਦਾ ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈ।