ਨਿਊਜ਼ ਡੈਸਕ: ਕੈਨੇਡਾ ਅਤੇ ਭਾਰਤ ਦੋਵਾਂ ਦੇਸ਼ਾਂ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ। ਬੀਤੇ ਕਲ ਭਾਰਤ ਨੇ ਸਖ਼ਤ ਰੁਖ਼ ਅਪਣਾਉਂਦਿਆਂ ਕੈਨੇਡਾ ਨੂੰ ਆਪਣੇ 41 ਕੂਟਨੀਤਕਾਂ ਨੂੰ ਵਾਪਿਸ ਬੁਲਾਉਣ ਲਈ ਕਿਹਾ ਹੈ ।ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ ਭਾਰਤ ਨਾਲ ਕੂਟਨੀਤਿਕ ਤਣਾਅ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਵਿਚ ਨਹੀਂ ਹੈ। ਸਗੋਂ ਉਹ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੂਟਨੀਤਕ ਵਿਵਾਦ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਸਨੂੰ ਸੁਲਝਾਉਣ ਲਈ ਭਾਰਤ ਦੇ ਨਾਲ ਜ਼ਿੰਮੇਵਾਰਾਨਾ ਅਤੇ ਉਸਾਰੂ ਤੌਰ ‘ਤੇ ਗੱਲਬਾਤ ਦੀ ਕੋਸ਼ਿਸ਼ ਕਰਨਾ ਜਾਰੀ ਰੱਖੇਗੀ।
ਟਰੂਡੋ ਨੇ ਕਿਹਾ ਕਿ ਭਾਰਤ ਦੇ ਨਾਲ ਕੈਨੇਡਾ ਦੇ ਕੂਟਨੀਤਕ ਸਬੰਧ ਬਹੁਤ ਹੀ ਚੁਣੌਤੀਪੂਰਨ ਸਮੇਂ ਵਿੱਚੋਂ ਲੰਘ ਰਹੇ ਹਨ । ਓਟਾਵਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਵਿਵਾਦ ਦੇ ਹੱਲ ਲਈ ਭਾਰਤ ਨਾਲ ਨਿੱਜੀ ਗੱਲਬਾਤ ਦੀ ਇੱਛਾ ਪ੍ਰਗਟਾਈ ਹੈ। ਜੌਲੀ ਨੇ ਕਿਹਾ ਕਿ ਕੈਨੇਡਾ ਨਿੱਝਰ ਦੀ ਹੱਤਿਆ ਨੂੰ ਲੈ ਕੇ ਕੂਟਨੀਤਕ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਨਾਲ ਨਿੱਜੀ ਗੱਲਬਾਤ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ। ਅਸੀਂ ਕੈਨੇਡੀਅਨ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਉਨ੍ਹਾਂ ਨਾਲ ਨਿੱਜੀ ਤੌਰ ‘ਤੇ ਸੰਪਰਕ ਬਣਾਈ ਰੱਖਣਾ ਜਾਰੀ ਰੱਖਾਂਗੇ ਕਿਉਂਕਿ ਸਾਡਾ ਮੰਨਣਾ ਹੈ ਕਿ ਕੂਟਨੀਤਕ ਗੱਲਬਾਤ ਉਦੋਂ ਸਭ ਤੋਂ ਵਧੀਆ ਕੰਮ ਕਰਦੀ ਹੈ ਜਦੋਂ ਉਹ ਨਿੱਜੀ ਹੋਵੇ।
ਦਸ ਦਈਏ ਕਿ ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤੱਕ 41 ਡਿਪਲੋਮੈਟਾਂ ਨੂੰ ਵਾਪਿਸ ਬੁਲਾਉਣ ਲਈ ਕਿਹਾ ਹੈ। ਭਾਰਤ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਇਹ ਡਿਪਲੋਮੈਟ 10 ਅਕਤੂਬਰ ਤੋਂ ਬਾਅਦ ਵੀ ਭਾਰਤ ਵਿੱਚ ਰਹਿੰਦੇ ਹਨ ਤਾਂ ਉਨ੍ਹਾਂ ਦੀ ਡਿਪਲੋਮੈਟਿਕ ਛੋਟ ਵੀ ਰੱਦ ਕਰ ਦਿੱਤੀ ਜਾਵੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.