ਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ‘ਚ 49 ਥਾਂਵਾਂ ‘ਤੇ ਸਾੜੀਆਂ ਕਾਲੇ ਕਾਨੂੰਨ ਦੀਆਂ ਕਾਪੀਆਂ : ਕੋਕਰੀ ਕਲਾਂ (VIDEO)

TeamGlobalPunjab
4 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) :  ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਪੰਜਾਬ ਦੇ 15 ਜ਼ਿਲ੍ਹਿਆਂ ‘ਚ ਕੁੱਲ 49 ਥਾਂਵਾਂ ‘ਤੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ, ਜਿਨ੍ਹਾਂ ਵਿੱਚ 6 ਡੀ ਸੀ ਦਫਤਰ, 26 ਐਸ ਡੀ ਐਮ ਦਫਤਰ, 16 ਬੀ ਜੇ ਪੀ ਆਗੂਆਂ ਦੇ ਘਰ ਅਤੇ 1 ਰਿਲਾਇੰਸ ਪੰਪ ਅੱਗੇ ਧਰਨੇ ਸ਼ਾਮਲ ਹਨ। ਕੁੱਲ ਮਿਲਾ ਕੇ ਇਸ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨਾਂ ਮਜਦੂਰਾਂ ਔਰਤਾਂ ਨੌਜਵਾਨਾਂ ਤੋਂ ਇਲਾਵਾ ਕਾਫ਼ੀ ਗਿਣਤੀ ਵਿੱਚ ਕਿਰਤੀ, ਦੁਕਾਨਦਾਰ, ਮੁਲਾਜ਼ਮ ਅਤੇ ਵਿਦਿਆਰਥੀ ਨੌਜਵਾਨ ਹਮਾਇਤੀ ਵੀ ਸ਼ਾਮਲ ਹੋਏ।

ਜਥੇਬੰਦੀ ਦੇ ਸੂਬਾਈ ਪ੍ਰੈੱਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਖੁਦ ਉਨ੍ਹਾਂ ਤੋਂ ਇਲਾਵਾ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ,ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਜਿਲ੍ਹਾ ਪੱਧਰੇ ਬਲਾਕ ਪੱਧਰੇ ਆਗੂ ਸ਼ਾਮਲ ਸਨ।

ਬੁਲਾਰਿਆਂ ਨੇ ਮੋਦੀ ਭਾਜਪਾ ਹਕੂਮਤ ਉੱਤੇ ਦੋਸ਼ ਲਾਇਆ ਕਿ ਕਿਸਾਨੀ ਨੂੰ ਤਬਾਹ ਕਰਨ ਅਤੇ ਅਡਾਨੀ ਅੰਬਾਨੀ ਵਰਗੇ ਸਾਮਰਾਜੀ ਕਾਰਪੋਰੇਟਾਂ ਦੇ ਵਾਰੇ ਨਿਆਰੇ ਕਰਨ ਲਈ ਹੀ ਕਾਲੇ ਖੇਤੀ ਕਾਨੂੰਨ ਲਿਆਂਦੇ ਗਏ ਹਨ। ਖ਼ਤਰੇ ਮੂੰਹ ਆਈ ਕਿਸਾਨੀ ਦੀ ਹੋਂਦ ਬਚਾਉਣ ਖਾਤਰ ਇਹ ਕਾਨੂੰਨ ਰੱਦ ਕਰਾਉਣ ਲਈ ਸਵਾ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ ਅਤੇ ਸਵਾ ਅੱਠ ਮਹੀਨਿਆਂ ਤੋਂ ਪੰਜਾਬ ਦੀਆਂ ਸੜਕਾਂ ‘ਤੇ ਬਰਫ਼ੀਲੀਆਂ ਰਾਤਾਂ, ਝੱਖੜਾਂ ਤੂਫ਼ਾਨਾਂ ਅਤੇ ਅੰਤਾਂ ਦੀ ਗਰਮੀ ਵਿੱਚ ਵੀ ਇਤਿਹਾਸਕ ਘੋਲ਼ ਦੇ ਮੈਦਾਨ ਵਿੱਚ ਹਜ਼ਾਰਾਂ ਔਰਤਾਂ, ਨੌਜਵਾਨਾਂ ਸਮੇਤ ਲੱਖਾਂ ਦੀ ਤਾਦਾਦ ਵਿੱਚ ਜੁਝਾਰੂ ਡਟੇ ਹੋਏ ਹਨ।

ਆਪਣੇ ਜਾਨ ਤੋਂ ਪਿਆਰੇ 500 ਦੇ ਕਰੀਬ ਲੋਕਾਂ ਦੀਆਂ ਸ਼ਹਾਦਤਾਂ ਦੇ ਬਾਵਜੂਦ ਸਿਦਕ ਸਿਰੜ ਨਾਲ ਡਟੇ ਹੋਏ ਹਨ। ਇਸ ਕਰੜੀ ਘਾਲਣਾ ਤੇ ਲਗਾਤਾਰ ਕੁਰਬਾਨੀਆਂ ਦੇ ਬਾਵਜੂਦ ਕਿਸਾਨਾਂ ਮਜ਼ਦੂਰਾਂ ਦੀ ਹੱਕੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਕੇ ਨਿਰਦਈ ਹਕੂਮਤ ਵੱਲੋਂ ਕਿਸਾਨ ਦੁਸ਼ਮਣੀ ਦਾ ਜ਼ਾਹਰਾ ਸਬੂਤ ਦਿੱਤਾ ਜਾ ਰਿਹਾ ਹੈ।

- Advertisement -

ਬੁਲਾਰਿਆਂ ਵੱਲੋਂ ਤਿੰਨੇ ਕਾਲ਼ੇ ਖੇਤੀ ਕਾਨੂੰਨਾਂ, ਬਿਜਲੀ ਬਿੱਲ 2020 ਅਤੇ ਪਰਾਲੀ ਆਰਡੀਨੈਂਸ ਨੂੰ ਰੱਦ ਕਰਨ ਤੋਂ ਇਲਾਵਾ ਐਮ ਐਸ ਪੀ ‘ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਅਤੇ ਜਨਤਕ ਵੰਡ ਪ੍ਰਨਾਲੀ ਸਾਰੇ ਗਰੀਬ ਲੋਕਾਂ ਲਈ ਲਾਗੂ ਕਰਨ ਵਰਗੀਆਂ ਮੁੱਖ ਮੰਗਾਂ ਮੰਨੇ ਜਾਣ ‘ਤੇ ਜ਼ੋਰ ਦਿੱਤਾ ਗਿਆ।

ਧਰਨਿਆਂ ਦੌਰਾਨ ਕਰੋਨਾ ਤੋਂ ਬਚਾਓ ਲਈ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਵੀ ਕੀਤੀ ਗਈ ਅਤੇ ਲੋਕਾਂ ਨੂੰ ਇਸ ਬਾਰੇ ਪ੍ਰੇਰਿਆ ਵੀ ਗਿਆ। ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਉੱਤੇ ਦੋਸ਼ ਲਾਇਆ ਕਿ ਕਰੋਨਾ ਦੀ ਰੋਕਥਾਮ ਲਈ ਲੋੜੀਂਦੇ ਪ੍ਰਬੰਧਾਂ ਤੋਂ ਕਿਨਾਰਾ ਕਰਕੇ ਲੱਖਾਂ ਜਾਨਾਂ ਕਰੋਨਾ ਦੀ ਭੇਂਟ ਚਾੜ੍ਹ ਕੇ ਦੇਸ਼ਵਾਸੀਆਂ ਨਾਲ ਧ੍ਰੋਹ ਕਮਾਇਆ ਹੈ।

ਧਰਨੇ ਵਿੱਚ ਵੱਡੀ ਗਿਣਤੀ ਮਹਿਲਾਵਾਂ ਨੇ ਸ਼ਿਰਕਤ ਕਰਦਿਆਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ।

ਬੁਲਾਰਿਆਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਮਜ਼ਦੂਰਾਂ ਸਮੇਤ ਹਰ ਵਰਗ ਦੇ ਕਿਰਤੀ ਲੋਕਾਂ ਵੱਲੋਂ ਇਸ ਮੁਲਕ ਪੱਧਰੇ ਕਿਸਾਨ ਘੋਲ਼ ਨੂੰ ਲਗਾਤਾਰ ਮਿਲ ਰਿਹਾ ਵਿਆਪਕ ਹੁੰਗਾਰਾ ਮੋਦੀ ਸਰਕਾਰ ਦੀ ਸਾਮਰਾਜੀ ਕਾਰਪੋਰੇਟਾਂ ਪ੍ਰਤੀ ਗੂੜ੍ਹੀ ਵਫ਼ਾਦਾਰੀ ਵਾਲੀ ਹੈਂਕੜਬਾਜ਼ੀ ਨੂੰ ਅਤੇ ਹਰ ਕਿਸਮ ਦੀਆਂ ਫਿਰਕੂ ਜਾਬਰ ਚਾਲਾਂ ਨੂੰ ਪੈਰਾਂ ਹੇਠ ਰੋਲ਼ਦੇ ਹੋਏ ਕਿਸਾਨੀ ਦੀ ਹੋਂਦ ਨੂੰ ਕਾਇਮ ਰੱਖਣ ਵਾਲੀਆਂ ਹੱਕੀ ਮੰਗਾਂ ਮੰਨਵਾਉਣ ਦੀ ਗਰੰਟੀ ਦੇ ਸੰਕੇਤ ਦੇ ਰਿਹਾ ਹੈ। ਉਨ੍ਹਾਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਹਿਮਾਇਤੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਇਸ ਸਾਂਝੇ ਕਿਸਾਨ ਘੋਲ਼ ਨੂੰ ਹੋਰ ਵਿਸ਼ਾਲ ਅਤੇ ਮਜ਼ਬੂਤ ਕਰਨ ਲਈ ਦਿੱਲੀ ਤੇ ਪੰਜਾਬ ਦੇ ਸਾਰੇ ਪੱਕੇ ਮੋਰਚਿਆਂ ਵਿੱਚ ਗਿਣਤੀ ਵਧਾਉਣ ਲਈ ਤਾਣ ਜੁਟਾਇਆ ਜਾਵੇ। ਹਰ ਐਤਵਾਰ ਦਿੱਲੀ ਵੱਲ ਜਾਣ ਵਾਲੇ ਵੱਡੇ ਕਾਫਲੇ ਵਿੱਚ ਭਲਕੇ 6 ਜੂਨ ਨੂੰ ਵਹੀਰਾਂ ਘੱਤ ਕੇ ਜਾਇਆ ਜਾਵੇ।

Share this Article
Leave a comment