30 ਦਸੰਬਰ ਨੂੰ ਪੰਜਾਬ ਬੰਦ

Global Team
3 Min Read

ਜਗਤਾਰ ਸਿੰਘ ਸਿੱਧੂ;

ਕਿਸਾਨ ਅੰਦੋਲਨ ਨੂੰ ਚੁਫੇਰੇ ਤੋਂ ਭਰਵਾਂ ਹੁੰਗਾਰਾ ਮਿਲਣ ਦੀਆਂ ਦੋ ਵੱਡੀਆਂ ਮਿਸਾਲਾਂ ਸਾਹਮਣੇ ਹਨ। ਸੰਯੁਕਤ ਕਿਸਾਨ ਮੋਰਚੇ ( ਗੈਰ ਰਾਜਨੀਤਿਕ) ਦੇ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਤੀਹ ਦਸੰਬਰ ਨੂੰ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਵਿੱਚ ਪੰਜਾਬ ਬੰਦ ਰਹੇਗਾ। ਕਿਸਾਨ ਨੇਤਾ ਨੇ ਪੰਜਾਬ ਦੇ ਵੱਖ ਵੱਖ ਵਰਗਾਂ ਨੂੰ ਬੰਦ ਦੇ ਸੱਦੇ ਦੀ ਭਰਵੀਂ ਹਮਾਇਤ ਲਈ ਅਪੀਲ ਕੀਤੀ ਹੈ । ਇਸ ਮੌਕੇ ਤੇ ਦੂਜੇ ਸੰਯੁਕਤ ਕਿਸਾਨ ਮੋਰਚੇ ਦੀ ਸਾਂਝੇ ਅੰਦੋਲਨ ਲਈ ਅਹਿਮ ਮੀਟਿੰਗ ਹੋਈ ਹੈ। ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ ਅਤੇ ਮੋਰਚੇ ਦੀਆਂ ਜਥੇਬੰਦੀਆਂ ਦੇ ਵੱਡੇ ਆਗੂ ਸ਼ਾਮਲ ਹੋਏ! ਤੀਜੀ ਅਹਿਮ ਜਾਣਕਾਰੀ ਇਹ ਹੈ ਕਿ ਸੁਪਰੀਮ ਕੋਰਟ ਨੇ ਆਖ ਦਿੱਤਾ ਹੈ ਕਿ ਜੇਕਰ ਕਿਸਾਨ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨਾਲ ਗੱਲ ਕਰਨ ਲਈ ਤਿਆਰ ਨਹੀਂ ਹਨ ਤਾਂ ਸੁਪਰੀਮ ਕੋਰਟ ਆਕੇ ਸਿੱਧੀ ਗੱਲ ਕਰ ਸਕਦੇ ਹਨ । ਸੁਪਰੀਮ ਕੋਰਟ ਕਿਸਾਨਾ ਦਾ ਪੱਖ ਸੁਨਣ ਲਈ ਤਿਆਰ ਹੈ। ਕਿਸਾਨਾਂ ਵਲੋਂ ਕਮੇਟੀ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ ਗਈ ਸੀ ।ਸੁਪਰੀਮ ਕੋਰਟ ਨੇ ਪੰਜਾਬ ਦੇ ਡੀ ਜੀ ਪੀ ਨੂੰ ਹਦਾਇਤ ਕੀਤੀ ਹੈ ਕਿ ਕਿਸਾਨ ਨੇਤਾ ਡੱਲੇਵਾਲ ਦੀ ਸਿਹਤ ਹਰ ਹਾਲ ਠੀਕ ਰਹਿਣੀ ਚਾਹੀਦੀ ਹੈ।

ਇਸ ਸਭ ਕਾਸੇ ਦੇ ਚਲਦਿਆਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਹਨ ਵਰਤ 23ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਉਨਾਂ ਦੀ ਸਿਹਤ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਕਈ ਹੋਰ ਆਗੂ ਡੱਲੇਵਾਲ ਅੱਜ ਵੀ ਮਿਲੇ ਹਨ ਅਤੇ ਕਿਸਾਨ ਮੰਗਾਂ ਦੀ ਹਮਾਇਤ ਕੀਤੀ ਹੈ ।ਉਹ ਮਰਤ ਉੱਪਰ ਡਟੇ ਹੋਏ ਹਨ।
ਅੱਜ ਪੰਜਾਬ ਵਿਚ ਕਿਸਾਨਾਂ ਦੇ ਸੱਦੇ ਉਤੇ ਤਿੰਨ ਘੰਟੇ ਦੇ ਰੇਲ ਰੋਕੋ ਨੂੰ ਭਰਵਾਂ ਹੁੰਗਾਰਾ ਮਿਲਿਆ। ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਇਹ ਸੱਦਾ ਸੰਯੁਕਤ ਕਿਸਾਨ ਮੋਰਚੇ ( ਗੈਰ ਰਾਜਨੀਤਿਕ) ਨੇ ਦਿੱਤਾ ਸੀ।

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਇੱਕੀ ਦਸੰਬਰ ਨੂੰ ਪਟਿਆਲਾ ਵਿਖੇ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਕ) ਆਗੂਆਂ ਨਾਲ ਮੀਟਿੰਗ ਕਰਕੇ ਸਾਂਝੀ ਲੜਾਈ ਦਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ । ਇਸ ਮੰਤਵ ਲਈ ਕਮੇਟੀ ਬਣਾਈ ਗਈ ਹੈ।

ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਤੇਈ ਦਸੰਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅੰਦਰ ਇੱਕਠ ਕਰਕੇ ਡੀ.ਸੀ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਤੋਂ ਬਾਅਦ ਚੌਵੀ ਦਸੰਬਰ ਨੂੰ ਪੰਜਾਬ ਵਿੱਚ ਵਡਾ ਇੱਕਠ ਕਰਕੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਵੱਡੇ ਸੰਘਰਸ਼ ਦੀ ਚਿਤਾਵਨੀ ਦਿੱਤੀ ਜਾਵੇਗੀ। ਅਜਿਹੀ ਸਥਿਤੀ ਵਿੱਚ ਕਿਸਾਨ ਜਥੇਬੰਦੀਆਂ ਦਾ ਏਕਾ ਮੰਗਾਂ ਦੀ ਪੂਰਤੀ ਲਈ ਵੱਡਾ ਦਬਾ ਬਣਾ ਸਕੇਗਾ । ਦੋਵੇਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੰਪਰਕ ਵਿਚ ਹਨ ਅਤੇ ਮੀਟਿੰਗਾਂ ਕਰਕੇ ਅਗਲੀ ਰਣਨੀਤੀ ਤਿਆਰ ਕਰ ਰਹੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਅਗਲੇ ਦਿਨ ਕਿਸਾਨੀ ਸੰਘਰਸ਼ ਦੇ ਹੋਣਗੇ ਅਤੇ ਦੇਖਣਾ ਹੋਵੇਗਾ ਕਿ ਕੇਂਦਰ ਗੱਲਬਾਤ ਲਈ ਕੀ ਨੀਤੀ ਤਿਆਰ ਕਰਦਾ ਹੈ।

ਸੰਪਰਕ: 9814002186

Share This Article
Leave a Comment