ਅਫਗਾਨਿਸਤਾਨ : ਅਫਗਾਨ ਫੌਜ ਦੇ ਕਾਫਲੇ ‘ਤੇ ਆਤਮਘਾਤੀ ਹਮਲਾ, 8 ਸੈਨਿਕਾਂ ਦੀ ਮੌਤ 9 ਹੋਰ ਜ਼ਖਮੀ

TeamGlobalPunjab
2 Min Read

ਕਾਬੁਲ : ਪੂਰਬੀ ਅਫਗਾਨਿਸਤਾਨ ‘ਚ ਮੈਦਾਨ ਵਰਦਕ ਪ੍ਰਾਂਤ ‘ਚ ਇਕ ਆਤਮਘਾਤੀ ਟਰੱਕ ਹਮਲਾਵਰ ਨੇ ਅਫਗਾਨ ਸੈਨਾ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਘੱਟੋ ਘੱਟ ਅੱਠ ਅਫਗਾਨ ਸੈਨਿਕਾਂ ਦੀ ਮੌਤ ਹੋ ਗਈ ਅਤੇ ਹੋਰ ਸੈਨਿਕ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਰੱਖਿਆ ਮੰਤਰਾਲੇ ਵੱਲੋਂ ਦਿੱਤੀ ਗਈ ਹੈ।

ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ, ਪਰ ਤਾਲਿਬਾਨ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਸਥਾਨਕ ਸਮੂਹ ਨਿਯਮਤ ਰੂਪ ‘ਚ ਅਫਗਾਨ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਫਰਵਰੀ ‘ਚ ਅਮਰੀਕਾ-ਅਫਗਾਨਿਸਤਾਨ ‘ਚ ਸ਼ਾਂਤੀ ਸਮਝੌਤੇ ਦੇ ਬਾਵਜੂਦ ਤਾਲਿਬਾਨ ਨੇ ਅਫਗਾਨਿਸਤਾਨ ਵਿਚ ਹਮਲੇ ਤੇਜ਼ ਕਰ ਦਿੱਤੇ ਹਨ। ਦੱਸ ਦਈਏ ਕਿ ਇਸ ਸਮਝੌਤੇ ਦੇ ਅਨੁਸਾਰ ਵਿਦਰੋਹੀਆਂ ਅਤੇ ਅਫਗਾਨਿਸਤਾਨ ਸਰਕਾਰ ਦਰਮਿਆਨ ਦਹਾਕਿਆਂ ਤੋਂ ਚਲੀ ਆ ਰਹੀ ਅਸ਼ਾਂਤੀ ਖਤਮ ਹੋਣ ਤੋਂ ਬਾਅਦ ਗੱਲਬਾਤ ਦਾ ਰਸਤਾ ਖੁਲਣ ਦੀ ਉਮੀਦ ਸੀ। ਇਹ ਗੱਲਬਾਤ ਇਸ ਮਹੀਨੇ ਸ਼ੁਰੂ ਹੋਣੀ ਚਾਹੀਦੀ ਸੀ ਪਰ ਕੈਦੀਆਂ ਦੀ ਰਿਹਾਈ ‘ਤੇ ਅਮਲ ਨੂੰ ਲੈ ਕੇ ਇਹ ਪ੍ਰਕਿਰਿਆ ਸਿਰੇ ਨਹੀਂ ਚੜ੍ਹ ਸਕੀ।

ਸਮਝੌਤੇ ਅਨੁਸਾਰ, ਅਫਗਾਨਿਸਤਾਨ ਦੀ ਸਰਕਾਰ ਨੇ ਆਪਣੇ ਕਬਜ਼ੇ ‘ਚ ਪੰਜ ਹਜ਼ਾਰ ਤਾਲਿਬਾਨ ਕੈਦੀਆਂ ਨੂੰ ਰਿਹਾ ਕਰਨਾ ਸੀ, ਜਿਸ ਦੇ ਬਦਲੇ ‘ਚ ਤਾਲਿਬਾਨ ਇਕ ਹਜ਼ਾਰ ਸਰਕਾਰੀ ਕਰਮਚਾਰੀਆਂ ਨੂੰ ਵੀ ਰਿਹਾਅ ਕਰਦਾ। ਸਰਕਾਰ ਨੇ ਹੁਣ ਤੱਕ 4200 ਤੋਂ ਵੱਧ ਲੋਕਾਂ ਨੂੰ ਰਿਹਾ ਕੀਤਾ ਹੈ ਅਤੇ ਤਾਲਿਬਾਨ ਨੇ ਲਗਭਗ 800 ਲੋਕਾਂ ਨੂੰ ਰਿਹਾ ਕੀਤਾ ਹੈ।

Share this Article
Leave a comment