ਕਿਸਾਨ ਅੰਦੋਲਨ ਦਾ ਸੇਕ ਪਹੁੰਚਿਆ ਭਾਰਤੀ ਫ਼ੌਜ ਤੱਕ

TeamGlobalPunjab
2 Min Read

ਚੰਡੀਗੜ੍ਹ: ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਵਿੱਢਿਆ ਹੋਇਆ ਹੈ ਜਿਸ ਤਹਿਤ ਪੰਜਾਬ ਵਿੱਚ ਮਾਲ ਗੱਡੀਆਂ ਤੇ ਯਾਤਰੀ ਗੱਡੀਆਂ ਨਾ ਆਉਣ ਕਾਰਨ ਰੇਲਵੇ ਵਿਭਾਗ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਹੁਣ ਇਸ ਦਾ ਅਸਰ ਭਾਰਤੀ ਫੌਜ ਤੇ ਵੀ ਦਿਖਾਈ ਦੇਣ ਲੱਗਾ ਹੈ ਕਿਉਂਕਿ ਮਾਲ ਗੱਡੀਆਂ ਨਾ ਚੱਲਣ ਕਾਰਨ ਯੂਨਿਟਾਂ ਵਿੱਚ ਵੀ ਸਾਮਾਨ ਨਹੀਂ ਪਹੁੰਚਾਇਆ ਜਾ ਰਿਹਾ।

ਦੀਵਾਲੀ ਤੱਕ ਉਮੀਦ ਲਗਾਈ ਜਾ ਰਹੀ ਸੀ ਕਿ ਮਾਲ ਗੱਡੀਆਂ ਚਲਾਈਆਂ ਜਾ ਸਕਦੀਆਂ ਹਨ ਪਰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿੱਚ ਕੋਈ ਸਹਿਮਤੀ ਨਾ ਬਣ ਸਕੀ। ਜਿਸ ਕਾਰਨ ਦੀਵਾਲੀ ਮੌਕੇ ਵੀ ਪੰਜਾਬ ਜਾਂ ਫਿਰ ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਦੀਆਂ ਯੂਨਿਟਾਂ ਵਿਚ ਲੋੜੀਂਦਾ ਸਾਮਾਨ ਹਾਲੇ ਤੱਕ ਨਹੀਂ ਪਹੁੰਚ ਸਕਿਆ। ਹਾਲਾਂਕਿ ਸੜਕੀ ਮਾਰਗ ਰਾਹੀਂ ਜ਼ਰੂਰਤ ਦਾ ਸਾਮਾਨ ਹੌਲੀ ਹੌਲੀ ਪਹੁੰਚਾਇਆ ਜਾ ਰਿਹਾ ਹੈ।

ਪੰਜਾਬ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ ਜਿਸ ਤਹਿਤ ਕਿਸਾਨਾਂ ਵੱਲੋਂ ਪਿਛਲੇ 24 ਸਤੰਬਰ ਤੋਂ ਪੰਜਾਬ ਵਿਚ ਰੇਲ ਰੋਕੋ ਅੰਦੋਲਨ ਚਲਾਇਆ। 13 ਨਵੰਬਰ ਨੂੰ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦੇ ਲਈ ਦਿੱਲੀ ਬੁਲਾਇਆ ਸੀ ਪਰ ਉੱਥੇ ਵੀ ਕੋਈ ਮੀਟਿੰਗ ਵਿੱਚ ਫ਼ੈਸਲਾ ਨਹੀਂ ਹੋ ਸਕਿਆ। ਜਿਸ ਕਾਰਨ ਕਿਸਾਨਾਂ ਨੇ ਆਪਣਾ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।

ਦੀਵਾਲੀ ਮੌਕੇ ਵੀ ਕਈ ਯਾਤਰੀਆਂ ਨੂੰ ਰੇਲ ਗੱਡੀਆਂ ਨਾ ਮਿਲਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਜੇਕਰ ਹਾਲਾਤ ਅਜਿਹੇ ਰਹੇ ਤਾਂ ਭਾਰਤੀ ਫੌਜਾਂ ਦੀਆਂ ਯੂਨਿਟਾਂ ਤੱਕ ਸਾਮਾਨ ਪਹੁੰਚਾਉਣਾ ਵੀ ਮੁਸ਼ਕਲ ਹੋ ਜਾਵੇਗਾ।

- Advertisement -

Share this Article
Leave a comment