ਕਿਸਾਨ ਆਗੂਆਂ ਨੇ ਮੁੱਖ ਮੰਤਰੀ ਦੇ ਦਾਅਵੇ ਨੂੰ ਝੁਠਲਾਇਆ

TeamGlobalPunjab
1 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਭਾਵੇਂ ਕਿ ਬਹੁਤੀਆਂ ਮੰਗਾਂ ਲਾਗੂ ਕਰ ਲਈ ਸੀ.ਐੈੱਮ. ਸਹਿਮਤ ਹੋ ਗਏ ਹਨ ਪਰ ਅਜੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਹਨ ਜੋ ਮੰਨੀਆਂ ਨਹੀਂ ਗਈਆਂ।

ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਮੰਗਾਂ ਲਾਗੂ ਹੋਣਗੀਆਂ ਉਦੋਂ ਹੀ ਉਹ ਸੰਤੁਸ਼ਟ ਹੋਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦਾ ਮਸਲਾ ਅਜੇ ਹੱਲ ਨਹੀਂ ਹੋਇਆ ਤੇ ਅਗਲੇ ਹਫ਼ਤੇ ਮੁੱਖ ਮੰਤਰੀ ਨਾਲ ਇਕ ਹੋਰ ਮੀਟਿੰਗ ਹੋਵੇਗੀ। ਕਰਜ਼ਾ ਮੁਆਫ਼ੀ ਲਈ ਪੈਸਾ ਕਿੱਥੋਂ ਆਵੇਗਾ ਇਸ ਬਾਰੇ ਚੰਨੀ ਕੁਝ ਦੱਸ ਨਹੀਂ ਸਕੇ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਸਿਰ ਆੜ੍ਹਤੀਆਂ ਦਾ ਕਰਜ਼ਾ ਮਿਲਾਕੇ ਇੱਕ ਲੱਖ ਪੱਚੀ ਹਜ਼ਾਰ ਕਰੋੜ ਰੁਪਏ ਦਾ ਹੈ। ਜੋ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ ਉਹ ਆਟੇ ਵਿੱਚ ਲੂਣ ਦੇ ਬਰਾਬਰ ਹੈ। ਜਦੋਂ ਕਿਸਾਨ ਆਗੂਆਂ ਤੋਂ ਪੱਤਰਕਾਰਾਂ ਵੱਲੋਂ ਪੁੱਛਿਆ ਕਿ ਚੰਨੀ ਇਹ ਕਹਿ ਰਹੇ ਹਨ ਕਿ ਕਿਸਾਨ ਅੱਜ ਦੀ ਮੀਟਿੰਗ ਤੋਂ ਬਾਅਦ ਪੂਰੀ ਤਰ੍ਹਾਂ ਸੰਤੁਸ਼ਟ ਹੋਏ ਹਨ ਕਿ ਪਹਿਲੀ ਵਾਰ ਸਾਰੀਆਂ ਮੰਗਾਂ ਮੰਨੀਆਂ ਗਈਆਂ ਤਾਂ ਕਿਸਾਨਾਂ ਅੱਗੋਂ ਹੱਸ ਕੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ।

Share this Article
Leave a comment