ਜਗਤਾਰ ਸਿੰਘ ਸਿੱਧੂ;
ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨਾਲ ਹਲਚਲ ਮੱਚੀ ਹੋਈ ਹੈ। ਉਨਾਂ ਦਾ ਮਰਨ ਵਰਤ ਅੱਜ ਅਠਾਰਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਬੇਸ਼ੱਕ ਕੇਂਦਰ ਹਾਲ ਦੀ ਘੜੀ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ ਪਰ ਪੰਜਾਬ ਦੀ ਧਰਤੀ ਦੇ ਜਾਏ ਡੱਲੇਵਾਲ ਦੇ ਮਰਨ ਵਰਤ ਦੀ ਲਲਕਾਰ ਨਾਲ ਚਾਰ ਚੁਫੇਰੇ ਡੱਲੇਵਾਲ ਡੱਲੇਵਾਲ ਦਾ ਨਾਂ ਗੂੰਜ ਰਿਹਾ ਹੈ। ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ,ਪਾਰਲੀਮੈਂਟ ਅਤੇ ਮੀਡੀਆ ਸਮੇਤ ਕਿਸਾਨ ਮੁੱਦਿਆਂ ਉਪਰ ਚਰਚਾ ਛਿੜ ਗਈ ਹੈ ।ਕਿਸਾਨ ਨੇਤਾ ਦੀ ਸਿਹਤ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਬਾਰੇ ਪਾਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਡੱਲੇਵਾਲ ਦੀ ਸਿਹਤ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨਾਂ ਦੀ ਸਿਹਤ ਅੰਦੋਲਨ ਨਾਲੇ ਵਧੇਰੇ ਕੀਮਤੀ ਹੈ। ੳਨਾਂ ਨੇ ਕਿਹਾ ਹੈ ਕਿ ਡੱਲੇਵਾਲ ਦੀ ਸਿਹਤ ਲਈ ਪੂਰੀ ਡਾਕਟਰੀ ਮਦਦ ਮੁਹਈਆ ਕਰਵਾਈ ਜਾਵੇ ਪਰ ਡੱਲੇਵਾਲ ਨੂੰ ਜਬਰਦਸਤੀ ਖਾਣਾ ਨਾ ਖੁਆਇਆ ਜਾਵੇ। ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਹੈ।
ਸੁਪਰੀਮ ਕੋਰਟ ਦੀ ਇਹ ਟਿੱਪਣੀ ਵੀ ਬਹੁਤ ਅਹਿਮ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ।ਤਕਰੀਬਨ ਹਫ਼ਤੇ ਬਾਅਦ ਇਸ ਮਾਮਲੇ ਦੇ ਅਮਲ ਨੂੰ ਲੈ ਕੇ ਮੁੜ ਸੁਣਵਾਈ ਹੋਵੇਗੀ। ਬੇਸ਼ੱਕ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਅਤੇ ਕੇਂਦਰ ਕਿਸਾਨਾਂ ਦੇ ਮੁੱਦੇ ਉਪਰ ਨਿਪਟਾਰੇ ਲਈ ਕਮੇਟੀ ਬਣਾਉਣ ਸਮੇਤ ਕਈ ਮਾਮਲਿਆਂ ਵਿਚ ਪਹਿਲ ਕਦਮੀ ਕਰ ਚੁੱਕਾ ਹੈ ਪਰ ਅਜੇ ਤੱਕ ਮੁੱਦਾ ਨਾ ਹੀ ਕਿਸੇ ਸਿਰੇ ਲੱਗਾ ਹੈ ਅਤੇ ਨਾ ਹੀ ਠੋਸ ਪੇਸ਼ਕਸ਼ ਸਾਹਮਣੇ ਆਈ ਹੈ। ਹੁਣ ਜਦੋਂ ਡੱਲੇਵਾਲ ਦੀ ਮਰਨ ਵਰਤ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਤਾਂ ਸੁਪਰੀਮ ਕੋਰਟ ਦਾ ਦਖਲ ਬਹੁਤ ਅਹਿਮੀਅਤ ਰਖਦਾ ਹੈ ।ਕੀ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨੀ ਮਸਲੇ ਦੇ ਹੱਲ ਲਈ ਠੋਸ ਤਜਵੀਜ਼ ਲੈ ਕੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨਗੀਆਂ? ਪਿਛਲੇ ਤਜਰਬੇ ਤਾਂ ਸਰਕਾਰ ਦੇ ਸਖਤ ਰਵੱਈਏ ਕਾਰਨ ਕਿਸੇ ਸਿਰੇ ਨਹੀਂ ਲੱਗੇ ਪਰ ਹੁਣ ਇਕ ਨਵਾਂ ਮੌਕਾ ਸਾਹਮਣੇ ਆਇਆ ਹੈ।
ਜੇਕਰ ਕਿਸਾਨ ਅੰਦੋਲਨ ਦੇ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਮੰਗਾਂ ਮੰਨੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਸੌ ਕਿਸਾਨਾਂ ਦਾ ਜਥਾ ਤਸ਼ੱਦਦ ਕਰਨ ਦੇ ਬਾਵਜੂਦ ਜਾਂਦਾ ਰਹੇਗਾ। ਕਿਸਾਨਾਂ ਉਤੇ ਦਿੱਲੀ ਅੰਦੋਲਨ ਦੌਰਾਨ ਹਰਿਆਣਾ ਦੀਆਂ ਸੱਤ ਸੌ ਲੜਕੀਆਂ ਦੇ ਬਾਰਡਰ ਤੋਂ ਲਾਪਤਾ ਹੋਣ ਦੇ ਦੋਸ਼ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਚਾਲਾਂ ਹਨ। ਕਿਸਾਨ ਆਗੂਆਂ ਨੇ ਪਾਰਲੀਮੈਂਟ ਅੰਦਰ ਕਿਸਾਨਾਂ ਬਾਰੇ ਚਰਚਾ ਨਾ ਹੋਣ ਦਾ ਸਵਾਲ ਉਠਾਇਆ ਹੈ। ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਦੇ ਅੱਜ ਆਏ ਉਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ ਅਤੇ ਸ਼ਾਂਤੀਪੂਰਨ ਢੰਗ ਨਾਲ ਹੱਲ ਲੱਭਿਆ ਜਾਵੇ ।ਪਾਰਲੀਮੈਂਟ ਅੰਦਰ ਕਾਂਗਰਸੀ ਨੇਤਾ ਪ੍ਰਿੰਯਕਾ ਗਾਂਧੀ ਨੇ ਕਿਸਾਨਾਂ ਦਾ ਮੁੱਦਾ ਜ਼ੋਰ ਨਾਲ ਉਠਾਇਆ ਹੈ।
ਸੰਪਰਕ 9814002186