ਕਿਸਾਨ ਹਿਤੈਸ਼ੀ ਵਕੀਲ ਨੇ ਸਲਫਾਸ ਖਾਧੀ – ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’

TeamGlobalPunjab
4 Min Read

-ਅਵਤਾਰ ਸਿੰਘ

ਦਿੱਲੀ ਦੀਆਂ ਸਰਹੱਦਾਂ ਉਪਰ ਆਪਣੇ ਹੱਕਾਂ ਵਾਸਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਕਿਸਾਨਾਂ ਵਲੋਂ ਬੁਰੀ ਖਬਰ ਸੁਣਨ ਨੂੰ ਮਿਲ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਆਪਣੇ “ਮਨ ਕੀ ਬਾਤ” ਪ੍ਰੋਗਰਾਮ ਵਿੱਚ ਹੋਰ ਗੱਲਾਂ ਤਾਂ ਕੀਤੀਆਂ ਪਰ ਕੜਾਕੇ ਦੀ ਠੰਢ ਵਿੱਚ ਬੈਠੇ ਕਿਸਾਨਾਂ ਦੇ ਹੱਕ ਵਿੱਚ ਕੁਝ ਨਹੀਂ ਕਿਹਾ।

ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਵਿੱਚ ਬਣਨ ਵਾਲੇ ਸਾਮਾਨ ਵਿਸ਼ਵ ਪੱਧਰੀ ਹੋਣੇ ਚਾਹੀਦੇ ਹਨ। ਦੇਸ ਵਿੱਚ ਬਣਦੇ ਸਾਮਾਨ ਦੀ ਚੰਗੀ ਕੁਆਲਿਟੀ ਹੋਵੇ।
ਉਨ੍ਹਾਂ ਦੇਸ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ ਇਸਤੇਮਾਲ ਹੋਣ ਵਾਲੀ ਚੀਜ਼ਾਂ ਦੀ ਸੂਚੀ ਬਣਾਉਣ ਤੇ ਵੇਖਣ ਕਿ ਉਨ੍ਹਾਂ ਵਿੱਚੋਂ ਕਿਹੜੀਆਂ ਚੀਜ਼ਾਂ ਅਸੀਂ ਭਾਰਤ ਵਿੱਚ ਬਣੀਆਂ ਇਸਤੇਮਾਲ ਕਰ ਸਕਦੇ ਹਾਂ। ਉਨ੍ਹਾਂ ਇਸ ਦਾ ਵੀ ਜ਼ਿਕਰ ਕੀਤਾ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਨੀਹਾਂ ਵਿੱਚ ਚਿਣਵਾਇਆ ਗਿਆ। ਮਾਤਾ ਗੁਜਰੀ ਨੂੰ ਵੀ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ।
ਇਸੇ ਤਰ੍ਹਾਂ ਭਾਰਤ ਵਿੱਚ ਤੇਂਦੁਏ ਦੀ ਗਿਣਤੀ ਵਿੱਚ 60 ਫੀਸਦੀ ਵਧਣ ਦੀ ਗੱਲ ਵੀ ਕਹੀ ਹੈ। ਉਨ੍ਹਾਂ ਕਿਹਾ ਕਿ ਸਰਦੀ ਵਿੱਚ ਲੋਕ ਪਸ਼ੂਆਂ ਦਾ ਖਿਆਲ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ ਦੇ ਨੌਜਵਾਨਾਂ ਵਿੱਚ ‘ਕੈਨ ਡੂ’ ਤੇ ‘ਵੀ ਡੂ’ ਦੀ ਭਾਵਨਾ ਹੈ। ਇਵੇਂ ਹੀ ਕਸ਼ਮੀਰ ਦੇ ਕੇਸਰ ਨੂੰ ਅਸੀਂ ਵਿਸ਼ਵ ਪੱਧਰ ਬਰਾਂਡ ਬਣਾਉਣਾ ਚਾਹੁੰਦੇ ਹਾਂ ਤੇ ਇਸ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ। ਗੁਰੂਗ੍ਰਾਮ ਦੇ ਪਰਦੀਪ ਸਾਂਗਵਾਨ ਬਾਰੇ ਕਿਹਾ ਕਿ ਉਹ ਕੁਝ ਵੱਖਰਾ ਕਰ ਰਹੇ ਹਨ ਤੇ ‘ਹੀਲਿੰਗ ਹਿਮਾਲਿਆ’ ਮੁਹਿੰਮ ਤਹਿਤ ਹਿਮਾਲਿਆ ਦੀਆਂ ਪਹਾੜੀਆਂ ਨੂੰ ਸਾਫ਼ ਕਰਦੇ ਹਨ। 2021 ਦੇ ਸੰਕਲਪ ਤਹਿਤ ਸਾਨੂੰ ਦੇਸ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਰੱਖਣਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ‘ਮਨ ਕੀ ਬਾਤ’ ਤਾਂ ਕਹਿ ਦਿੱਤੀ ਪਰ ਕਿਸਾਨਾਂ ਦੇ ਮਨ ਦੀ ਬਾਤ ਅਜੇ ਮਨ ਵਿੱਚ ਨਹੀਂ ਬਿਠਾਈ ਜਿਹੜੀ ਕਿ ਦੇਸ਼ ਦੇ ਹਾਕਮ ਲਈ ਦਰੁਸਤ ਨਹੀਂ ਹੈ ਕਿਉਂਕਿ ਇਕ ਪਾਸੇ ਉਹ ਮਨ ਕਿ ਬਾਤ ਕਹਿ ਰਹੇ ਸਨ ਦੂਜੇ ਪਾਸੇ ਇਕ ਕਿਸਾਨ ਹਿਤੈਸ਼ੀ ਵਕੀਲ ਆਪਣੀ ਜਾਨ ਦੇ ਰਿਹਾ ਸੀ।

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ’ਚ ਸ਼ਾਮਲ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਨੇ ਅੱਜ ਟੀਕਰੀ ਬਾਰਡਰ ’ਤੇ ਜ਼ਹਿਰੀਲੀ ਦਵਾਈ ਖਾ ਕੇ ਜਾਨ ਦੇ ਦਿੱਤੀ। ਅਮਰਜੀਤ ਸਿੰਘ ਰਾਏ ਨੂੰ ਇਲਾਜ ਲਈ ਰੋਹਤਕ ਪੀਜੀਆਈ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਮਰਜੀਤ ਸਿੰਘ ਨੇ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ, ਜਿਸ ’ਚ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਦੱਸਿਆ। ਉਹ ਕਰੀਬ ਇਕ ਹਫਤੇ ਤੋਂ ਦਿੱਲੀ ਦੇ ਟੀਕਰੀ ਬਾਰਡਰ ‘ਤੇ ਕਿਸਾਨਾਂ ਦੇ ਮੋਰਚੇ ਚ ਸ਼ਾਮਿਲ ਸਨ। ਉਨ੍ਹਾਂ 27 ਦਸੰਬਰ ਸਵੇਰੇ 9 ਵਜੇ ਖੁਦਕੁਸ਼ੀ ਨੋਟ ਲਿਖ ਕੇ ਸਲਫਾਸ ਖਾ ਲਈ ਸੀ।

ਉਨ੍ਹਾਂ ਆਪਣੇ ਨਾਲ ਗਏ ਆਪਣੇ ਕਲਰਕ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਕਿਸਾਨੀ ਅੰਦੋਲਨ ਲਈ ਲੜਦਿਆਂ ਮੋਦੀ ਸਰਕਾਰ ਤੋਂ ਦੁਖੀ ਹੁੰਦਿਆਂ ਜ਼ਹਿਰੀਲੀ ਦਵਾਈ ਖਾ ਲਈ ਹੈ ਅਤੇ ਉਹ ਲੰਗਰ ਵਾਲੀ ਜਗ੍ਹਾ ਦੇ ਨੇੜੇ ਪਰਾਲੀ ’ਤੇ ਲੇਟਿਆ ਹੋਇਆ ਹੈ। ਇਸ ਤੋਂ ਬਾਅਦ ਕਲਰਕ ਰਾਮ ਜੀਤ ਨੇ ਜਾ ਕੇ ਵਕੀਲ ਅਮਰਜੀਤ ਰਾਏ ਨੂੰ ਸੰਭਾਲਿਆ ਅਤੇ ਕਿਸਾਨੀ ਆਗੂਆਂ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਨੇ ਤੁਰੰਤ ਉਸ ਨੂੰ ਨੇੜਲੇ ਹਸਪਤਾਲ ਬਹਾਦਰਗੜ੍ਹ ਵਿਖੇ ਦਾਖ਼ਲ ਕਰਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਬਹਾਦਰਗੜ੍ਹ ਹਸਪਤਾਲ ਦੇ ਡਾਕਟਰਾਂ ਵੱਲੋਂ ਵਕੀਲ  ਦੀ ਹਾਲਤ ਗੰਭੀਰ ਹੁੰਦੇ ਵੇਖਦੇ ਹੋਏ ਅੱਗੇ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ।

Share This Article
Leave a Comment