ਹਰਿਆਣਾ: ਫ਼ਰੀਦਾਬਾਦ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਕ ਨਿੱਜੀ ਸਕੂਲ ਦੇ ਨਾਲ ਬਣ ਰਹੀ ਨਿਰਮਾਣ ਅਧੀਨ ਇਮਾਰਤ ਦੀ ਕੰਧ ਅਚਾਨਕ ਸਕੂਲ ਦੀ ਛੱਤ ‘ਤੇ ਡਿੱਗ ਗਈ। ਕੰਧ ਡਿੱਗਣ ਕਾਰਨ ਸਕੂਲ ਦੀ ਛੱਤ ਟੁੱਟ ਕੇ ਹੇਠਾਂ ਆ ਡਿੱਗੀ। ਹਾਦਸੇ ਦੇ ਸਮੇਂ ਬੱਚੇ ਜਮਾਤ ਵਿੱਚ ਪੜ੍ਹਾਈ ਕਰ ਰਹੇ ਸਨ। ਅਚਾਨਕ ਮਲਬਾ ਡਿੱਗਣ ਕਾਰਨ ਸਕੂਲ ਕੰਪਲੈਕਸ ਵਿੱਚ ਹਫੜਾ ਦਫੜੀ ਮੱਚ ਗਈ। ਇਸ ਹਾਦਸੇ ਵਿੱਚ ਕਈ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਘਟਨਾ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਸਕੂਲ ਸਟਾਫ਼ ਨੇ ਕਿਸੇ ਤਰ੍ਹਾਂ ਬੱਚਿਆਂ ਨੂੰ ਬਾਹਰ ਕੱਢਿਆ। ਇਸ ਦੇ ਨਾਲ ਹੀ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਬੀ.ਕੇ. ਹਸਪਤਾਲ ਲਿਜਾਇਆ ਗਿਆ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਣਕਾਰੀ ਲਈ।
ਮਿਲੀ ਜਾਣਕਾਰੀ ਅਨੁਸਾਰ ਖੇੜੀ ਪੁਲ ਥਾਣਾ ਖੇਤਰ ਦੇ ਅਧੀਨ ਭਾਰਤ ਕਲੋਨੀ ਦੇ 35 ਫੁੱਟ ਰੋਡ ‘ਤੇ ਹੰਸ ਮੈਮੋਰੀਅਲ ਪਬਲਿਕ ਸਕੂਲ ਸਥਿਤ ਹੈ। ਸ਼ਨੀਵਾਰ ਨੂੰ ਅਚਾਨਕ ਆਈ ਤੇਜ਼ ਹਨੇਰੀ ਕਾਰਨ ਸਕੂਲ ਦੇ ਨਾਲ ਬਣ ਰਹੇ ਕਈ ਮੰਜ਼ਿਲਾ ਮਕਾਨ ਦੀ ਕੰਧ ਦਾ ਇੱਕ ਵੱਡਾ ਹਿੱਸਾ ਸਕੂਲ ਦੀ ਛੱਤ ‘ਤੇ ਆ ਡਿੱਗਿਆ, ਜਿਸ ਕਾਰਨ ਸਕੂਲ ਦੀ ਛੱਤ ਬੱਚਿਆਂ ਦੇ ਉੱਪਰ ਡਿੱਗ ਗਈ। ਸਕੂਲ ਸਟਾਫ਼ ਵੱਲੋਂ ਬੱਚਿਆਂ ਨੂੰ ਮਲਬੇ ਦੇ ਹੇਠੋਂ ਕੱਢਣਾ ਸ਼ੁਰੂ ਕੀਤਾ ਗਿਆ।
ਇਹ ਕੰਧ ਯੂ.ਕੇ.ਜੀ. (UKG) ਕਲਾਸ ਦੇ ਬੱਚਿਆਂ ਦੇ ਉੱਪਰ ਡਿੱਗੀ ਸੀ। ਇਸ ਹਾਦਸੇ ਵਿੱਚ ਦੀਪਤੀ, ਦਿਵਿਆ, ਮੀਰਾ ਅਤੇ ਨੰਦੂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਇਹ ਸਾਰੇ ਬੱਚੇ ਯੂ.ਕੇ.ਜੀ. ਕਲਾਸ ਵਿੱਚ ਪੜ੍ਹਦੇ ਹਨ ਅਤੇ ਇਹਨਾਂ ਸਭ ਦੀ ਉਮਰ 6 ਤੋਂ 7 ਸਾਲ ਦੇ ਵਿਚਕਾਰ ਹੈ। ਇਹਨਾਂ ਸਾਰਿਆਂ ਦੇ ਸਿਰ ‘ਤੇ ਸੱਟ ਲੱਗੀ ਹੈ। ਮੌਕੇ ‘ਤੇ ਪੁੱਜੀ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

