ਕੋਲਕਾਤਾ: ਅਰਜਨਟੀਨਾ ਦੇ ਦਿੱਗਜ ਫੁੱਟਬਾਲ ਖਿਡਾਰੀ ਲਿਓਨਲ ਮੇਸੀ 14 ਸਾਲਾਂ ਤੋਂ ਬਾਅਦ ਭਾਰਤ ਆਏ ਹਨ। ਉਨ੍ਹਾਂ ਦੇ ਨਾਲ ਉਰੂਗਵੇ ਦੇ ਸਟਾਰ ਲੁਈਸ ਸੁਆਰੇਜ਼ ਅਤੇ ਅਰਜਨਟੀਨਾ ਦੇ ਮਿਡਫੀਲਡਰ ਰੋਡਰੀਗੋ ਡੀ ਪਾਲ ਵੀ ਹਨ। ਤਿੰਨੋਂ ਖਿਡਾਰੀ ਸਵੇਰੇ 2:30 ਵਜੇ ਦੇ ਕਰੀਬ ਕੋਲਕਾਤਾ ਹਵਾਈ ਅੱਡੇ ‘ਤੇ ਪਹੁੰਚੇ। ਉਨ੍ਹਾਂ ਨੇ ਕੋਲਕਾਤਾ ਵਿੱਚ ਸਵੇਰੇ 11 ਵਜੇ 70 ਫੁੱਟ ਉੱਚੇ ਮੈਸੀ ਦੇ ਬੁੱਤ ਦਾ ਵਰਚੁਅਲੀ ਉਦਘਾਟਨ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ਼ਾਹਰੁਖ ਖਾਨ ਵੀ ਮੌਜੂਦ ਸਨ।
ਉਨ੍ਹਾਂ ਦਾ ਪਹਿਲਾ ਪੜਾਅ ਕੋਲਕਾਤਾ ਸੀ। ਉੱਚੇ ਬੁੱਤ ਦਾ ਉਦਘਾਟਨ ਕਰਨ ਤੋਂ ਬਾਅਦ ਉਹ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਗਏ, ਜਿੱਥੇ ਪ੍ਰਸ਼ੰਸਕ ਪਹਿਲਾਂ ਹੀ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਬਹੁਤ ਉਤਸੁਕ ਸਨ। ਉੱਥੇ ਬਹੁਤ ਵੱਡੀ ਭੀੜ ਸੀ ਅਤੇ ਮੈਸੀ ਨੇ ਮੈਦਾਨ ਵਿੱਚ ਮੌਜੂਦ ਸਾਰਿਆਂ ਨੂੰ ਹੱਥ ਹਿਲਾਇਆ। ਪਰ ਉਹ ਜਲਦੀ ਹੀ ਸਟੇਡੀਅਮ ‘ਚੋ ਚਲੇ ਗਏ ਉਹ ਸਿਰਫ ਲਗਭਗ 22 ਮਿੰਟ ਹੀ ਓਥੇ ਰੁਕੇ। ਜਿਸ ਕਾਰਨ ਪ੍ਰਸ਼ੰਸਕ ਗੁੱਸੇ ਵਿੱਚ ਆ ਗਏ। ਪ੍ਰਸ਼ੰਸਕਾਂ ਨੇ ਸਟੇਡੀਅਮ ਦੀਆਂ ਕੁਰਸੀਆਂ ਉਖਾੜ ਦਿੱਤੀਆਂ ਅਤੇ ਪਾਣੀ ਦੀਆਂ ਬੋਤਲਾਂ ਵੀ ਗਰਾਉਂਡ ‘ਚ ਸੁੱਟੀਆਂ।
ਲਿਓਨਲ ਮੇਸੀ ਦੇ ਇੱਕ ਪ੍ਰਸ਼ੰਸਕ ਨੇ ਕਿਹਾ “ਇਹ ਬਿਲਕੁਲ ਨਿਰਾਸ਼ਾਜਨਕ ਸੀ । ਉਹ ਸਿਰਫ਼ 10 ਮਿੰਟਾਂ ਲਈ ਰੁਕੇ। ਸਾਰੇ ਸਿਆਸਤਦਾਨ ਅਤੇ ਮੰਤਰੀ ਉਸ ਦੇ ਆਲੇ-ਦੁਆਲੇ ਸਨ। ਅਸੀਂ ਕੁਝ ਵੀ ਨਹੀਂ ਦੇਖ ਸਕੇ। ਉਸਨੇ ਇੱਕ ਵੀ ਕਿੱਕ ਜਾਂ ਪੈਨਲਟੀ ਨਹੀਂ ਲਈ, ਇੰਨਾ ਪੈਸਾ, ਭਾਵਨਾਵਾਂ ਅਤੇ ਸਮਾਂ ਬਰਬਾਦ ਹੋ ਗਿਆ। ਅਸੀਂ ਕੁਝ ਵੀ ਨਹੀਂ ਦੇਖ ਸਕੇ।” ਇੱਕ ਹੋਰ ਪ੍ਰਸ਼ੰਸਕ ਨੇ ਕਿਹਾ, “ਮੇਸੀ ਸਿਰਫ਼ ਸਿਆਸਤਦਾਨਾਂ ਅਤੇ ਅਦਾਕਾਰਾਂ ਨਾਲ ਘਿਰਿਆ ਹੋਇਆ ਸੀ। ਤਾਂ ਫਿਰ ਉਸਨੇ ਸਾਨੂੰ ਕਿਉਂ ਬੁਲਾਇਆ? ਅਸੀਂ 12,000 ਰੁਪਏ ਵਿੱਚ ਟਿਕਟਾਂ ਖਰੀਦੀਆਂ, ਪਰ ਅਸੀਂ ਉਸਦਾ ਚਿਹਰਾ ਵੀ ਨਹੀਂ ਦੇਖ ਸਕੇ।” ਦੱਸ ਦਈਏ ਕਿ ਲਿਓਨੇਲ ਮੈਸੀ ਆਪਣੇ ਤਿੰਨ ਦਿਨਾਂ GOAT ਇੰਡੀਆ ਟੂਰ ਲਈ ਭਾਰਤ ਆਏ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

