ਅਬੋਹਰ : ਠੰਡ ਤੋਂ ਬਚਣ ਲਈ ਕਮਰੇ ‘ਚ ਅੰਗੀਠੀ ਬਾਲ ਕੇ ਸੁੱਤੇ ਇੱਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ, ਜਦਕਿ ਮਾਤਾ-ਪਿਤਾ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅਜੀਤ ਨਗਰ ਇਲਾਕੇ ‘ਚ ਇੱਕ ਪੋਲਟਰੀ ਫਾਰਮ ‘ਚ ਰਹਿਣ ਵਾਲਾ ਗਰੀਬ ਪਰਿਵਾਰ ਰਾਤ ਨੂੰ ਠੰਡ ਤੋਂ ਬਚਣ ਲਈ ਕਮਰੇ ‘ਚ ਅੰਗੀਠੀ ਬਾਲ ਕੇ ਸੁੱਤਾ ਪਿਆ ਸੀ।
ਸਵੇਰ ਹੋਣ ’ਤੇ ਗੁਆਂਢੀਆਂ ਨੂੰ ਜਦੋਂ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਨਰ ਸੇਵਾ ਨਾਰਾਇਣ ਸੇਵਾ ਸੋਸਾਇਟੀ ਨੂੰ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਨੂੰ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਆਕਸੀਜਨ ਦੀ ਕਮੀ ਕਾਰਣ ਸਾਹ ਘੁੱਟਣ ਨਾਲ ਦੋ ਭੈਣਾਂ ਪੂਜਾ, ਪੂਨਮ ਅਤੇ ਭਰਾ ਦੀਪ ਦੀ ਮੌਤ ਹੋ ਗਈ ਤੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਮਾਪਿਆਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਹੈ, ਜਿਨ੍ਹਾਂ ਦੀ ਪਛਾਣ ਕ੍ਰਿਸ਼ਨਾ 35 ਅਤੇ ਰਾਧਾ 33 ਵਜੋਂ ਹੋਈ ਹੈ।