ਕਨੌਜ: ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ‘ਚ ਸਦਰ ਕੋਤਵਾਲੀ ਖੇਤਰ ਦੇ ਮੀਆਗੰਜ ਪਿੰਡ ‘ਚ ਇਕ ਵਿਅਕਤੀ ਦਾ ਮਜ਼ਾਕ ਕਰਨਾ ਇੱਕ ਪਰਿਵਾਰ ਲਈ ਮੁਸੀਬਤ ਬਣ ਗਿਆ। ਸਬਜ਼ੀ ਵੇਚਣ ਵਾਲੇ ਬਜ਼ੁਰਗ ਨੇ ਇੱਕ ਵਿਅਕਤੀ ਨੂੰ ਮੇਥੀ ਦੀ ਸਬਜ਼ੀ ਦੇ ਨਾਮ ‘ਤੇ ਭੰਗ ਦੇ ਦਿੱਤੀ। ਪਰਿਵਾਰ ਵਾਲਿਆਂ ਨੇ ਮੇਥੀ ਦੀ ਸਬਜ਼ੀ ਸਮਝ ਕੇ ਉਸਨੂੰ ਬਣਾਕੇ ਖਾ ਲਿਆ। ਜਿਸ ਤੋਂ ਬਾਅਦ ਘਰ ਦੇ ਲਗਭਗ ਅੱਧਾ ਦਰਜਨ ਲੋਕ ਬੇਹੋਸ਼ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਗੁਆਂਡੀਆਂ ਨੇ ਐਬੁਲੈਂਸ ਬੁਲਾ ਕੇ ਪਰਿਵਾਰ ਨੂੰ ਹਸਪਤਾਲ ‘ਚ ਭਰਤੀ ਕਰਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਨਾਲ ਸਬੰਧਤ ਜਾਣਕਾਰੀ ਲਈ ਅਤੇ ਦੋਸ਼ੀ ਬਜ਼ੁਰਗ ਨੂੰ ਹਿਰਾਸਤ ਵਿੱਚ ਲੈ ਲਿਆ ਨਾਲ ਹੀ ਬਚੀ ਹੋਈ ਭੰਗ ਅਤੇ ਸਬਜ਼ੀ ਨੂੰ ਬਰਾਮਦ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਸਦਰ ਕੋਤਵਾਲੀ ਖੇਤਰ ਦੇ ਮੀਆਗੰਜ ਨਿਵਾਸੀ ਨਵਲ ਕਿਸ਼ੋਰ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਸ ਨੇ ਪਿੰਡ ਦੇ ਹੀ ਨਿਤੇਸ਼ ਪ੍ਰਜਾਪਤੀ ਨੂੰ ਭੰਗ ਨਾਲ ਭਰਿਆ ਇੱਕ ਲਿਫਾਫਾ ਦੇ ਦਿੱਤਾ ਅਤੇ ਕਿਹਾ ਕਿ ਇਹ ਤੁਹਾਡੇ ਪਿਤਾ ਓਮਪ੍ਰਕਾਸ਼ ਨੇ ਸੁੱਕੀ ਮੇਥੀ ਮੰਗਾਈ ਸੀ। ਇਹ ਗੱਲ ਸੁਣ ਕੇ ਨਿਤੇਸ਼ ਲਿਫਾਫਾ ਲੈ ਕੇ ਘਰ ਆ ਗਿਆ ਤੇ ਦੁਪਹਿਰ ਨੂੰ ਮੇਥੀ ਸਮਝ ਭੰਗ ਦੀ ਸਬਜ਼ੀ ਬਣਾ ਲਈ ਗਈ। ਇਸ ਨੂੰ ਖਾ ਕੇ ਓਮਪ੍ਰਕਾਸ਼ ਤੇ ਉਸਦਾ ਪਰਿਵਾਰ ਬੇਹੋਸ਼ ਹੋ ਗਿਆ। ਸਭ ਨੂੰ ਬੇਹੋਸ਼ ਪਿਆ ਵੇਖ ਗੁਆਂਡੀਆਂ ਨੇ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਾਇਆ।