ਅਮੀਰ ਘਰ ‘ਚ ਵਿਆਹ ਕਰਵਾਉਣ ਲਈ ਬਣੀ ਫਰਜ਼ੀ ASI, ਨਕਲੀ ਵਰਦੀ ਤੇ ID ਨਾਲ ਮੋਗਾ ‘ਚ ਘੁੰਮਦੀ ਰਹੀ, ਹੁਣ ਅਸਲੀ ਪੁਲਿਸ ਦੇ ਅੜਿੱਕੇ ਆਈ

Global Team
3 Min Read

ਮੋਗਾ: ਮੋਗਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਕੁੜੀ ਨੇ ਅਮੀਰ ਪਰਿਵਾਰ ਵਿੱਚ ਵਿਆਹ ਕਰਨ ਦੀ ਇੱਛਾ ਵਿੱਚ ਖੁਦ ਨੂੰ ਪੰਜਾਬ ਪੁਲਿਸ ਦੀ ASI ਦੱਸ ਦਿੱਤਾ। ਕੋਮਲਪ੍ਰੀਤ ਨੇ ਪੁਲਿਸ ਦੀ ਨਕਲੀ ਵਰਦੀ ਪਾਈ, ਵਾਕੀ-ਟਾਕੀ ਅਤੇ ਫਰਜ਼ੀ ਪਛਾਣ ਪੱਤਰ ਦਾ ਇੰਤਜ਼ਾਮ ਕੀਤਾ ਅਤੇ ਕਰੀਬ ਦੋ ਮਹੀਨਿਆਂ ਤੱਕ ਰੋਜ਼ ਮੋਗਾ ਆ ਕੇ ਪੁਲਿਸ ਡਿਊਟੀ ਕਰਨ ਦਾ ਨਾਟਕ ਕਰਦੀ ਰਹੀ।

ਫਰਜ਼ੀ ਨੌਕਰੀ ਦਿਖਾ ਕੇ ਕਰ ਲਿਆ ਵਿਆਹ

ਇਸੇ ਝੂਠੀ ਪਛਾਣ ਦੇ ਆਧਾਰ ‘ਤੇ ਕੋਮਲਪ੍ਰੀਤ ਨੇ ਕਰੀਬ ਇੱਕ ਮਹੀਨਾ ਪਹਿਲਾਂ ਇੱਕ ਅਮੀਰ ਪਰਿਵਾਰ ਵਿੱਚ ਵਿਆਹ ਵੀ ਕਰ ਲਿਆ। ਆਪਣੇ ਸਹੁਰੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੂੰ ਯਕੀਨ ਦਵਾਉਣ ਲਈ ਉਹ ਹਰ ਰੋਜ਼ ਪੁਲਿਸ ਦੀ ਵਰਦੀ ਪਾ ਕੇ ਘਰੋਂ ਨਿਕਲਦੀ ਅਤੇ ਪੂਰਾ ਦਿਨ ਮੋਗਾ ਵਿੱਚ ਬਿਤਾਉਂਦੀ ਸੀ।

ਉਹ ਫਿਰੋਜ਼ਪੁਰ ਤੋਂ ਮੋਗਾ ਆਉਂਦੀ ਸੀ ਤਾਂ ਜੋ ਕਿਸੇ ਨੂੰ ਉਸ ਦੀ ਕਥਿਤ ਪੁਲਿਸ ਨੌਕਰੀ ‘ਤੇ ਸ਼ੱਕ ਨਾ ਹੋਵੇ। ਇਸ ਤਰ੍ਹਾਂ ਉਹ ਕਰੀਬ ਦੋ ਮਹੀਨੇ ਤੱਕ ਆਪਣੀ ਫਰਜ਼ੀ ਡਿਊਟੀ ਦਾ ਦਿਖਾਵਾ ਕਰਦੀ ਰਹੀ।

ਸਾਂਝ ਕੇਂਦਰ ‘ਚ ਰੱਖਦੀ ਸੀ ਟਿਫਿਨ

ਕੋਮਲਪ੍ਰੀਤ ਮੋਗਾ ਦੇ ਥਾਣਾ ਸਿਟੀ-1 ਨੇੜੇ ਸਥਿਤ ਸਾਂਝ ਕੇਂਦਰ ਵਿੱਚ ਆਪਣਾ ਟਿਫਿਨ ਰੱਖ ਦਿੰਦੀ ਸੀ। ਉੱਥੇ ਸਟਾਫ ਨੂੰ ਦੱਸਦੀ ਸੀ ਕਿ ਉਸ ਦੀ ਡਿਊਟੀ ਮੋਗਾ ਦੇ ਮੇਨ ਚੌਕ ਵਿੱਚ ਲੱਗੀ ਹੋਈ ਹੈ।

ਕਰੀਬ ਇੱਕ ਘੰਟੇ ਬਾਅਦ ਉਹ ਮੁੜ ਸਾਂਝ ਕੇਂਦਰ ਆਉਂਦੀ, ਆਪਣਾ ਟਿਫਿਨ ਚੁੱਕਦੀ ਅਤੇ ਉੱਥੋਂ ਚਲੀ ਜਾਂਦੀ। ਉਸ ਦੀ ਇਹ ਰੋਜ਼ਾਨਾ ਦੀ ਇੱਕੋ ਜਿਹੀ ਗਤੀਵਿਧੀ ਆਖ਼ਰਕਾਰ ਪੁਲਿਸ ਦੇ ਸ਼ੱਕ ਦਾ ਕਾਰਨ ਬਣ ਗਈ।

ਪੁੱਛਗਿੱਛ ਦੌਰਾਨ ਖੁੱਲ੍ਹਿਆ ਸਾਰਾ ਭੇਤ

ਪੁਲਿਸ ਨੂੰ ਸ਼ੱਕ ਹੋਇਆ ਕਿ ਥਾਣੇ ਦੇ ਨੇੜੇ ਰੋਜ਼ ਇੱਕ ਅਣਜਾਣ ਮਹਿਲਾ ਪੁਲਿਸ ਮੁਲਾਜ਼ਮ ਆ ਰਹੀ ਹੈ ਅਤੇ ਉਸ ਦੀਆਂ ਗਤੀਵਿਧੀਆਂ ਵੀ ਸ਼ੱਕੀ ਹਨ। ਇਸ ਤੋਂ ਬਾਅਦ ਪੁਲਿਸ ਟੀਮ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ।

ਪੁੱਛਗਿੱਛ ਦੌਰਾਨ ਕੋਮਲਪ੍ਰੀਤ ਘਬਰਾ ਗਈ ਅਤੇ ਆਖ਼ਰਕਾਰ ਫਰਜ਼ੀ ਪੁਲਿਸ ਮੁਲਾਜ਼ਮ ਬਣ ਕੇ ਘੁੰਮਣ ਦੀ ਗੱਲ ਕਬੂਲ ਕਰ ਲਈ। ਪੁਲਿਸ ਮੁਤਾਬਕ ਉਸ ਨੇ ਨਕਲੀ ਵਰਦੀ, ਵਾਕੀ-ਟਾਕੀ ਅਤੇ ਫਰਜ਼ੀ ਆਈ-ਕਾਰਡ ਦੀ ਵਰਤੋਂ ਕੀਤੀ ਸੀ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੋਗਾ ਪੁਲਿਸ ਨੇ ਕੋਮਲਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ਨਾਲ ਜੁੜੇ ਤੱਥਾਂ ਦੀ ਜਾਂਚ ਕਰ ਰਹੀ ਹੈ।

Share This Article
Leave a Comment