ਗਾਣਿਆਂ ‘ਚ ਬੁਲਟਾਂ ਦੇ ਪਟਾਕੇ ਪਾਉਣ ਵਾਲੇ ਗਾਇਕਾਂ ਨੂੰ ਜੀਤ ਜਗਜੀਤ ਸਿੰਘ ਦਾ ਜਵਾਬ!

TeamGlobalPunjab
6 Min Read

ਗੀਤਾਂ ‘ਚ ਗੋਲੀਆਂ ਤੇ ਬੁਲਟਾਂ ਦੇ ਪਟਾਕਿਆਂ ਪਾਉਣ ਵਾਲੇ ਗਾਇਕਾਂ ਨੂੰ ਜੀਤ ਜਗਜੀਤ ਦਾ ਜਵਾਬ…

ਅਜੋਕੇ ਸਮੇਂ ਪੰਜਾਬ ‘ਚ ਗਾਇਕਾਂ ਦੀ ਭਰਮਾਰ ਹੈ। ਨਵੇਂ ਗਾਇਕਾਂ ਵੱਲੋਂ ਜਿਸ ਤਰ੍ਹਾਂ ਦੇ ਗੀਤ ਅੱਜ ਸਾਡੇ ਸਮਾਜ ਅੱਗੇ ਪਰੋਸੇ ਜਾ ਰਹੇ ਹਨ ਉਨ੍ਹਾਂ ਦਾ ਪੰਜਾਬ ਦੇ  ਨੌਜਵਾਨਾਂ ‘ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਪੰਜਾਬ ‘ਚ ਮਾਹੌਲ ਦਿਨ-ਬ-ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਜਿਸ ਦਾ ਇੱਕ ਕਾਰਨ ਭੜਕਾਊ ਤੇ ਭੱਦੀ ਗਾਇਕੀ ਵੀ ਹੈ। ਸਾਡੇ ਸਹਿਯੋਗੀ ਗਿੱਲ ਪਰਦੀਪ ਵੱਲੋਂ ਜਦੋਂ ਪੰਜਾਬੀ ਕਲਾਕਾਰ ਜੀਤ ਜਗਜੀਤ ਨਾਲ ਇਸ ਬਾਰੇ ਖਾਸ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੀ ਕਿਹਾ ਆਓ ਜਾਣਦੇ ਹਾਂ ਸਾਡੇ ਚੈਨਲ ਪੰਜਾਬੀ ਦੇ ਪ੍ਰੋਗਰਾਮ “ਰੂ-ਬ-ਰੂ” ਰਾਹੀਂ…

 

- Advertisement -

ਤੁਹਾਡਾ ਪਿਛੋਕੜ ਕੀ ਹੈ ਤੇ ਗੀਤਕਾਰੀ ਦੀ ਚੇਟਕ ਤੁਹਾਨੂੰ ਕਿੱਥੋਂ ਲੱਗੀ?

ਮੇਰਾ ਪਿਛੋਕੜ ਫਤਿਹਗੜ੍ਹ ਸਾਹਿਬ ‘ਚ ਪੈਂਦੇ ਪਿੰਡ ਤਲਵਾੜਾ ਨਾਲ ਜੁੜਿਆ ਹੋਇਆ ਹੈ। ਮੇਰਾ  ਪਰਿਵਾਰ ਖੇਤੀਬਾੜੀ ਕਰਨ ਵਾਲਾ ਇੱਕ ਜਿੰਮੀਦਾਰ ਪਰਿਵਾਰ ਹੈ। ਮੇਰੇ ਪਰਿਵਾਰ ਤੇ ਦੂਰ-ਦੁਰਾਡੇ ਦੇ ਰਿਸ਼ਤੇਦਾਰਾਂ ‘ਚੋਂ ਕਿਸੇ ਦਾ ਵੀ ਸਬੰਧ ਗਾਇਕੀ ਤੇ ਗੀਤਕਾਰੀ ਨਾਲ ਨਹੀਂ ਸੀ। ਗਾਇਕੀ ਸਿੱਖਣ ਤੇ ਗਾਉਣ ਦਾ ਸੁਭਾਗ ਜਾਂ ਗਾਉਣ ਦੀ ਚੇਟਕ ਮੈਨੂੰ ਆਪਣੇ ਕਾਲਜ ਦੇ ਯੂਥ ਫੈਸਟੀਵਲਜ਼ ਤੋਂ ਲੱਗੀ। ਸੈਕਟਰ 11, ਚੰਡੀਗੜ੍ਹ ਦੇ ਗੌਰਮਿੰਟ ਕਾਲਜ ‘ਚ ਗ੍ਰੈਜੂਏਸ਼ਨ ਮੈਂ ਕਲਾਸੀਕਲ ਵੋਕਲ ਦਾ ਵਿਸ਼ਾ ਰੱਖਿਆ। ਕਾਲਜ ਦੇ ਯੂਥ ਫੈਸਟੀਵਲਜ਼ ‘ਚ ਮੈਂ ਕਈ ਵਾਰ ਭਾਗ ਲਿਆ ਤੇ ਕਈ ਇਨਾਮ ਵੀ ਜਿੱਤੇ।

 

ਅਜੋਕੇ ਸਮੇਂ ਯੂਥ ਫੈਸਟੀਵਲਜ਼ ਕਿੱਥੇ ਖੜ੍ਹਾ ਹੈ ਤੇ ਬੱਚਿਆਂ ਦੇ ਮਨ ‘ਚ ਇਸ ਪ੍ਰਤੀ ਕਿੰਨਾ ਕੁ ਉਤਸ਼ਾਹ ਹੈ?

ਜਿੱਥੋਂ ਤੱਕ ਯੂਥ ਫੈਸਟੀਵਲਜ਼ ਦੀ ਗੱਲ ਹੈ ਉਹ ਤਾਂ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਹੇ ਹਨ। ਅੱਜ ਦੇ ਸਮੇਂ ਯੂਥ ਫੈਸਟੀਵਲਜ਼ ਤੋਂ ਵੱਡਾ ਮੌਕਾ ਬੱਚਿਆਂ ਲਈ ਰਿਆਲਟੀ ਸ਼ੋਅ ਦੇ ਰੂਪ ‘ਚ ਸਾਹਮਣੇ ਆਇਆ ਹੈ। ਬਹੁਤ ਸਾਰੇ ਚੈਨਲਾਂ ਵੱਲੋਂ ਰਿਆਲਟੀ ਸ਼ੋਅ ਚਲਾਏ ਜਾ ਰਹੇ ਹਨ ਜਿਨ੍ਹਾਂ ਰਾਹੀ ਪੰਜ-ਪੰਜ ਸਾਲ ਦੇ ਛੋਟੇ ਬੱਚੇ ਇਸ ਤਰ੍ਹਾਂ ਦਾ ਗਾਇਕੀ ਤੇ ਹੋਰ ਕਈ ਤਰ੍ਹਾਂ ਦੀਆਂ ਕਲਾਵਾਂ ਦਾ ਪ੍ਰਦਰਸ਼ਨ ਕਰ ਰਹੇ ਹਨ ਜਿਨ੍ਹਾਂ ਬਾਰੇ ਅਸੀਂ ਕਦੀ ਜ਼ਿੰਦਗੀ ‘ਚ ਵੀ ਸੋਚ ਨਹੀਂ ਸਕਦੇ। ਮੇਰੇ ਅਨੁਸਾਰ ਇਨ੍ਹਾਂ ਰਿਆਲਟੀ ਸ਼ੋਆਂ ਦੇ ਜਰੀਏ ਬੱਚਿਆਂ ਦੀ ਜ਼ਿਆਦਾ ਪ੍ਰਤਿਭਾ ਸਾਹਮਣੇ ਆ ਰਹੀ ਹੈ।

- Advertisement -

ਜੇਕਰ ਕਲਾਕਾਰੀ ਦੀ ਗੱਲ ਕਰੀਏ ਤਾਂ ਕੋਈ ਵੀ ਕਿਸੇ ਨੂੰ ਜ਼ਬਰਦਸਤੀ ਕਲਾਕਾਰ ਨਹੀਂ ਬਣਾ ਸਕਦਾ ਤੇ ਨਾ ਹੀ ਅਜਿਹੀ ਕਲਾ ਕਿਸੇ ਖਾਸ ਪਲੇਟਫਾਰਮ ਕਰਕੇ ਆਉਂਦੀ ਹੈ। ਅਸਲ ‘ਚ ਇਹ ਵਾਹਿਗੁਰੂ ਜੀ ਦੀ ਹੀ ਦੇਣ ਹੁੰਦੀ ਹੈ।

 

ਤੁਸੀਂ ਆਪਣੇ ਪੁਰਾਣੇ ਗੀਤ ਨੂੰ ਕਿਉਂ ਇੱਕ ਨਵੇਂ ਅੰਦਾਜ਼ ‘ਚ ਲੈ ਕੇ ਆ ਰਹੇ ਹੋ?

“ਫੁੱਲ ਕੱਢਦੀ ਸੱਜਣਾ ਵਰਗਾ ਸੂਈ ਨਾਲ ਗੱਲਾਂ ਕਰਦੀ ਐ” ਗੀਤ ਨੂੰ ਅਸੀਂ ਇੱਕ ਵੱਖਰੇ ਅੰਦਾਜ਼ ‘ਚ ਲੈ ਕੇ ਆ ਰਹੇ ਹਾਂ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਬਹੁਤ ਪਿਆਰ ਦਿੱਤਾ ਗਿਆ। ਇਸ ਗੀਤ ਕਰਕੇ ਹੀ ਮੈਨੂੰ ਇੱਕ ਵੱਖਰੀ ਪਹਿਚਾਣ ਮਿਲੀ। ਮੇਰੇ ਹਰ ਪ੍ਰੋਗਰਾਮ ‘ਚ ਲੋਕਾਂ ਵੱਲੋਂ ਇਸ ਗੀਤ ਨੂੰ ਗਾਉਣ ਦੀ ਡਿਮਾਂਡ ਕੀਤੀ ਜਾਂਦੀ ਹੈ। 2007 ‘ਚ ਅਸੀਂ ਇਸ ਗੀਤ ਨੂੰ ਗਿਟਾਰ ਨਾਲ ਗਾਇਆ ਸੀ। ਹੁਣ ਅਸੀਂ ਇਸ ਗੀਤ ਨੂੰ ਇੱਕ ਵੱਖਰੇ ਅੰਦਾਜ਼ ਨਾਲ ਬਣਾ ਰਹੇ ਹਾਂ ਤਾਂ ਕਿ ਇਸ ਗੀਤ ਨੂੰ ਕਿਸੇ ਵੀ ਪ੍ਰੋਗਰਾਮ ‘ਚ ਕਿਸੇ ਵੀ ਸਮੇਂ ਸੁਣਿਆ ਜਾ ਸਕੇ।

 

ਪੁਰਾਣੇ ਕਲਾਕਾਰਾਂ ਤੇ ਅੱਜ ਦੇ ਨਵੇਂ ਕਲਾਕਾਰਾਂ ਦੀ ਸੋਚ ‘ਚ ਕਾਫੀ ਬਦਲਾਅ ਆ ਚੁੱਕਾ ਹੈ। ਇਸ ਤਰ੍ਹਾਂ ਕਿਉਂ?

ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਸਮਾਂ ਹੈ। ਸਮੇਂ ਦੇ ਨਾਲ-ਨਾਲ ਦੁਨੀਆ ਨਾਲ ਚੱਲਣਾ ਜਾਂ ਨਵੀਂ ਸੋਚ ਨੂੰ ਧਾਰਨ ਕਰਨਾ ਕੋਈ ਮਾੜੀ ਗੱਲ ਨਹੀਂ। ਪਰ ਅਸੀਂ ਹੱਦ ਤੋਂ ਵੱਧ ਕੇ ਨਵੀਆਂ ਤਕਨੀਕਾਂ ਨੂੰ ਧਾਰਨ ਕਰਕੇ ਆਪਣੀ ਅਸਲੀਅਤ ਨੂੰ ਖਤਮ ਕਰਦੇ ਜਾ ਰਹੇ ਹਾਂ। ਜਿਸ ਕਾਰਨ ਅੱਜ ਦੇ ਨਵੇਂ ਕਲਾਕਾਰ ਪੰਜਾਬ ਦੇ ਸੱਭਿਆਚਾਰ ਤੇ ਵਿਰਸ਼ੇ ਨੂੰ ਭੁੱਲਦੇ ਜਾ ਰਹੇ ਹਨ। ਪੁਰਾਣੇ ਸਮਿਆਂ ‘ਚ ਮਿਊਜਿਕ ਡਾਇਰੈਕਟਰ, ਲੇਖਕ ਤੇ ਸੈਕਟਰੀ ਦੀ ਇੱਕ ਟੀਮ ਹੁੰਦੀ ਸੀ। ਇਨ੍ਹਾਂ ਵੱਲੋਂ ਫਾਈਨਲ ਕਰਨ ਤੋਂ ਬਾਅਦ ਹੀ ਇੱਕ ਟੇਪ ਰਿਕਾਰਡ ਹੁੰਦੀ ਸੀ। ਪਰ ਅੱਜ ਦੇ ਸਮੇਂ ਗੀਤ ਗਾਉਣ ਦੀ ਪ੍ਰਕਿਰਿਆ ਬਹੁਤ ਸੌਖੀ ਹੋ ਗਈ ਹੈ। ਦੂਜਾ ਬੰਦੂਕਾਂ, ਗੋਲੀਆਂ, ਬੁਲਟਾਂ ਤੇ ਹੋਰ ਵੀ ਕਈ ਤਰ੍ਹਾਂ ਦੇ ਭੜਕਾਊ ਗੀਤਾਂ ਨੂੰ ਗਾਉਣ ਤੋਂ ਪਹਿਲਾਂ ਕਿਸੇ ਦੀ ਆਗਿਆ ਵੀ ਨਹੀਂ ਲੈਣੀ ਪੈਂਦੀ। ਨਵੀਂ ਪੀੜੀ ਵੱਲੋਂ ਵੀ ਇਸ ਤਰ੍ਹਾਂ ਦੀ ਭੱਦੀ ਗੀਤਕਾਰੀ ਪਸੰਦ ਕੀਤੀ ਜਾਂਦੀ ਹੈ।

ਇੱਥੋਂ ਤੱਕ ਕਿ ਨਵੀਂ ਪੀੜੀ ਨੂੰ ਤਾਂ ਸਿਵ ਕੁਮਾਰ ਬਟਾਲਵੀ ਬਾਰੇ ਵੀ ਨਹੀਂ ਪਤਾ ਕਿ ਉਹ ਕੋਣ ਸਨ। ਬਹੁਤ ਸਾਰੇ ਲੇਖਕ ਹਨ ਜਿਹੜੇ ਬਹੁਤ ਸੋਹਣਾ ਲਿਖਦੇ ਤੇ ਗਾਉਂਦੇ ਵੀ ਹਨ। ਪਰ ਜਿਹੜੇ ਲੇਖਕ ਗੋਲੀਆਂ, ਬੰਦੂਕਾਂ, ਮਸ਼ੂਕਾਂ, ਬੁਲਟਾਂ ਤੇ ਹੋਰ ਭੜਕਾਊ ਗੀਤ ਲਿਖਦੇ ਹਨ ਮੇਰੇ ਅਨੁਸਾਰ ਉਨ੍ਹਾਂ ਨੂੰ ਸਾਹਿਤ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ ਤੇ ਉਨ੍ਹਾਂ ਕੋਲ ਸੱਭਿਆਚਾਰਕ ਸ਼ਬਦਾਂ ਦੀ ਘਾਟ ਹੁੰਦੀ ਹੈ।

 

ਤੁਹਾਡੇ ਅਨੁਸਾਰ ਇੱਕ ਕਲਾਕਾਰ ਨੂੰ ਰਾਜਨੀਤੀ ‘ਚ ਆਉਣਾ ਚਾਹੀਦਾ ਜਾਂ ਨਹੀਂ?

ਮੇਰੇ ਅਨੁਸਾਰ ਹਰ ਇੱਕ ਕਲਾਕਾਰ ਦਾ ਆਪਣਾ ਨਜਰੀਆ ਹੁੰਦਾ। ਉਦਾਹਰਨ ਦੇ ਤੌਰ ‘ਤੇ ਮੁਹੰਮਦ ਸਦੀਕ ਆਪਣੇ ਕੈਰੀਅਰ ਤੋਂ ਬਾਅਦ ਰਾਜਨੀਤੀ ‘ਚ ਆਏ। ਉਸ ਤੋਂ ਬਾਅਦ ਭਗਵੰਤ ਮਾਨ ਜੀ ਨੇ ਵੀ ਮੈਂਬਰ ਪਾਰਲੀਮੈਂਟ ਦੀ ਸੀਟ ‘ਤੇ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਰਿਕਾਰਡ ਬਣਾਇਆ। ਇਨ੍ਹਾਂ ਦੋਵਾਂ ਕਲਾਕਾਰਾਂ ਨੇ ਰਾਜਨੀਤੀ ਦੇ ਖੇਤਰ ‘ਚ ਬਹੁਤ ਸੇਵਾ ਕੀਤੀ ਹੈ। ਇਸ ਲਈ ਜਿਸ ਕਲਾਕਾਰ ਅੰਦਰ ਲੋਕਾਂ ਦੀ ਸੇਵਾ ਕਰਨ ਤੇ ਰਾਜਨੀਤੀ ਨੂੰ ਬਦਲਣ ਦੀ ਭਾਵਨਾ ਹੈ ਤਾਂ ਉਸ ਨੂੰ ਰਾਜਨੀਤੀ ‘ਚ ਜ਼ਰੂਰ ਆਉਣਾ ਚਾਹੀਦਾ।

ਮੇਰੀ ਪੰਜਾਬੀਆਂ ਤੇ ਪੰਜਾਬੀਅਤ ਨੂੰ ਅਪੀਲ ਹੈ ਕਿ ਅਸੀਂ ਸਾਰੇ ਪੰਜਾਬੀ ਵਿਰਸੇ ਦੇ ਰਖਵਾਲੇ ਤੇ ਪੰਜਾਬੀ ਮਾਂ-ਬੋਲੀ ਦੇ ਪੁਜਾਰੀ ਹਾਂ। ਪੰਜਾਬ ਤੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਦੁਨੀਆ ਜਾਣਦੀ ਹੈ। ਇਸ ਲਈ ਸਾਨੂੰ ਸਾਫ-ਸੁਥਰੇ ਸੱਭਿਆਚਾਰਕ ਗੀਤ ਹੀ ਸੁਣਨੇ ਚਾਹੀਦੇ ਹਨ ਤੇ ਗੋਲੀਆਂ, ਬੰਦੂਕਾਂ, ਮਸੂਕਾਂ ਤੇ ਬੁਲਟਾਂ ਆਦਿ ਹੋਰ ਭੜਕਾਊ ਗੀਤਾਂ ਨੂੰ ਸੁਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਦੋ ਪੈਰ ਘੱਟਣਾ ਤੁਰਨਾ ਪਰ ਤੁਰਨਾ ਮੜਕ ਦੇ ਨਾਲ…

Share this Article
Leave a comment