ਮੁੰਬਈ (ਅਮਰਨਾਥ): ਹਿੰਦੀ ਫ਼ਿਲਮ ਜਗਤ ਵਿੱਚ ਇਸ ਸਮੇਂ ਸੋਗ ਦੀ ਵੱਡੀ ਲਹਿਰ ਹੈ। ਇੰਡਸਟਰੀ ਦੇ ਸਦਾਬਹਾਰ ਅਦਾਕਾਰ ਦਲੀਪ ਕੁਮਾਰ ਅੱਜ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। ਆਪਣੀ ਬਾਕਮਾਲ ਅਦਾਕਾਰੀ ਲਈ ਜਾਣੇ ਜਾਂਦੇ ਅਦਾਕਾਰ ਦਲੀਪ ਕੁਮਾਰ ਦੁਨੀਆ ਭਰ ਵਿੱਚ ਹਰਮਨ ਪਿਆਰੇ ਸਨ। ਦਲੀਪ ਕੁਮਾਰ ਹਿੰਦੀ ਫ਼ਿਲਮ ਇੰਡਸਟਰੀ ਦੇ ਉਨ੍ਹਾਂ ਕਲਾਕਾਰਾਂ ਵਿਚ ਸ਼ੁਮਾਰ ਸਨ ਜਿਨ੍ਹਾਂ ਨੇ ਬਲੈਕ ਐਂਡ ਵਾਈਟ ਤੋਂ ਬਾਅਦ ਕਲਰ ਫਿਲਮਾਂ ਦਾ ਦੌਰ ਵੇਖਿਆ, ਨਾ ਸਿਰਫ਼ ਵੇਖਿਆ ਸਗੋਂ ਉਸਦਾ ਮਹੱਤਵਪੂਰਨ ਹਿੱਸਾ ਰਹੇ।
ਅੱਜ ਜਿਵੇਂ ਹੀ ਉਨ੍ਹਾਂ ਦੇ ਇੰਤਕਾਲ ਦਾ ਪਤਾ ਲੱਗਾ, ਪੂਰੇ ਦੇਸ਼ ਵਿੱਚ ਉਨ੍ਹਾਂ ਦੇ ਚਾਹੁਣ ਵਾਲਿਆਂ ‘ਚ ਮਾਯੂਸੀ ਛਾ ਗਈ।ਦਲੀਪ ਕੁਮਾਰ ਦੀ ਮ੍ਰਿਤਕ ਦੇਹ ਨੂੰ ਆਖਰੀ ਰਸਮਾਂ ਨਿਭਾਉਣ ਤੋਂ ਪਹਿਲਾਂ ਘਰ ਲਿਆਉਂਦਾ ਗਿਆ ਹੈ।
ਉਨ੍ਹਾਂ ਦੇ ਘਰ ਹਿੰਦੀ ਫ਼ਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਪਹੁੰਚ ਰਹੀਆਂ ਹਨ।ਦਿਲੀਪ ਕੁਮਾਰ ਦਾ ਨਾਂ ਸਿਰਫ ਭਾਰਤੀ ਫਿਲਮ ਇੰਡਸਟਰੀ ਵਿੱਚ ਹੀ ਨਹੀਂ , ਸਗੋਂ ਪਾਕਿਸਤਾਨ ਫਿਲਮ ਇੰਡਸਟਰੀ ਵਿਚ ਵੀ ਪੂਰੇ ਅਦਬ ਨਾਲ ਲਿਆ ਜਾਂਦਾ ਹੈ।