ਅਮਰੀਕੀ ਸੰਸਦ ਹਮਲੇ ‘ਚ ਸਾਬਕਾ ਸੈਨਿਕ ਤੇ ਪੁਲਿਸ ਅਧਿਕਾਰੀ ਵੀ ਸ਼ਾਮਲ

TeamGlobalPunjab
2 Min Read

ਵਾਸ਼ਿੰਗਟਨ – ਬੀਤੀ 6 ਜਨਵਰੀ ਨੂੰ ਅਮਰੀਕੀ ਸੰਸਦ ‘ਤੇ ਹੋਏ ਹਮਲੇ ‘ਚ ਹੁਣ ਤੱਕ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਹਿੱਲ ‘ਤੇ ਹਮਲਾ ਕੀਤਾ ਸੀ ਤੇ ਲਗਭਗ ਚਾਰ ਘੰਟੇ ਚੱਲੇ ਇਸ ਵਿਦਰੋਹ ‘ਚ ਕਾਫੀ ਭੰਨ-ਤੋੜ ਤੇ ਫਾਇਰਿੰਗ ਹੋਈ। ਇਸ ਵਿਦਰੋਹ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਹਮਲੇ ਦੌਰਾਨ ਸੰਸਦ ‘ਚ ਬਾਇਡਨ ਦੀ ਜਿੱਤ ‘ਤੇ ਮੋਹਰ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ।

 ਜਾਣਕਾਰੀ ਦਿੰਦਿਆਂ ਐਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਨੇ ਦੱਸਿਆ ਕਿ “ਅਸੀਂ ਤੇ ਹੋਰ ਏਜੰਸੀਆਂ ਨੇ ਸੰਸਦ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਹੁਣ ਤੱਕ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਹਮਲੇ ਦੀ ਜਾਂਚ ਚੱਲ ਰਹੀ ਹੈ। ਰੇਅ  ਨੇ ਕਿਹਾ ਕਿ ਹੁਣ ਤੱਕ 200 ਤੋਂ ਵੱਧ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ।

ਇਸਤੋਂ ਇਲਾਵਾ ਕਈ ਸਾਬਕਾ ਸੈਨਿਕ ਤੇ ਪੁਲਿਸ ਅਧਿਕਾਰੀ ਵੀ ਸੰਸਦ ‘ਤੇ ਹਮਲੇ ‘ਚ ਸ਼ਾਮਲ ਦੱਸੇ ਜਾਂਦੇ ਹਨ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲੋਕਾਂ ਦੀ ਜਾਂਚ ਕਰ ਰਹੀਆਂ ਹਨ। ਨਾਲ ਹੀ ਇਸ ਹਮਲੇ ‘ਚ ਹਵਾਈ ਫੌਜ ਦਾ ਇੱਕ ਸੇਵਾ ਮੁਕਤ ਅਧਿਕਾਰੀ ਵੀ ਸ਼ਾਮਲ ਹੈ ਤੇ ਉਹ ਹਮਲੇ ‘ਚ ਪਲਾਸਟਿਕ ਦੀ ਹੱਥਕੜੀ ਲੈ ਕੇ ਪਹੁੰਚਿਆ ਸੀ। ਜਿਸ ਕਰਕੇ ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਹਮਲੇ ‘ਚ ਲੋਕਾਂ ਨੂੰ ਬੰਧਕ ਬਣਾਉਣ ਦਾ ਵੀ ਇਰਾਦਾ ਸੀ।

Share this Article
Leave a comment