ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂ ਓਮ ਪ੍ਰਕਾਸ਼ ਚੌਟਾਲਾ ਨੇ 86 ਸਾਲ ਦੀ ਉਮਰ ਵਿੱਚ 10ਵੀਂ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੇ ਕੇ ‘ਕੰਪਾਰਟਮੈਂਟ’ ਕਲੀਅਰ ਕਰ ਹੀ ਲਈ ਹੈ ਅਤੇ ਉਹ ਪਾਸ ਹੋ ਗਏ ਹਨ।ਚੌਟਾਲਾ ਨੇ ਬੀਤੀ 18 ਅਗਸਤ ਨੂੰ ਸਿਰਸਾ ਵਿੱਚ ਬਣੇ ਪ੍ਰੀਖਿਆ ਕੇਂਦਰ ਵਿੱਚ ਪੇਪਰ ਦਿੱਤਾ ਸੀ।ਚੌਟਾਲਾ ਨੇ 100 ਵਿੱਚੋਂ 88 ਨੰਬਰ ਪ੍ਰਾਪਤ ਕੀਤੇ ਹਨ।
10ਵੀਂ ਦੀ ਓਪਨ ਪ੍ਰੀਖਿਆ ਦੇ ਨਤੀਜੇ ਦੇ ਐਲਾਨ ਤੋਂ ਬਾਅਦ ਸਿੱਖਿਆ ਬੋਰਡ ਦੇ ਚੇਅਰਮੈਨ ਡਾ: ਜਗਬੀਰ ਸਿੰਘ ਨੇ ਚੌਟਾਲਾ ਨੂੰ ਬੁਲਾ ਕੇ ਆਪਣੇ 10ਵੀਂ ਦੇ ਨਤੀਜੇ ਬਾਰੇ ਜਾਣਕਾਰੀ ਦਿੱਤੀ। ਓਮਪ੍ਰਕਾਸ਼ ਚੌਟਾਲਾ ਨੇ ਪਿਛਲੇ ਮਹੀਨੇ ਆਪਣੀ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ, ਪਰ ਨਤੀਜਾ ਰੋਕ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ 10ਵੀਂ ਜਮਾਤ (10 Board Exam) ਦਾ ਅੰਗਰੇਜ਼ੀ ਦਾ ਪੇਪਰ ਕਲਿਅਰ ਨਹੀਂ ਕੀਤਾ ਸੀ। ਉਨ੍ਹਾਂ ਨੇ ਪਿਛਲੇ ਸਾਲ ਬੋਰਡ ਦੇ ਓਪਨ ਸਕੂਲ ਦੀ 12ਵੀਂ ਕਲਾਸ ਵਿੱਚ ਦਾਖਲਾ ਲਿਆ ਸੀ, ਪਰ ਮਹਾਂਮਾਰੀ ਦੇ ਕਾਰਨ ਪ੍ਰੀਖਿਆ ਨਹੀਂ ਹੋ ਸਕੀ।ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਹੁਣ ਇੱਕ ਬੇਨਤੀ ਪੱਤਰ ਬੋਰਡ ਨੂੰ ਦੇਣਾ ਹੋਵੇਗਾ ਜਿਸ ਵਿੱਚ ਇਸ ਗੱਲ ਦੀ ਚਰਚਾ ਹੋਵੇ ਕਿ ਉਨ੍ਹਾਂ ਦਾ 10ਵੀਂ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ 12ਵੀਂ ਦਾ ਲੰਬਿਤ ਨਤੀਜਾ ਵੀ ਐਲਾਨ ਕੀਤਾ ਜਾਵੇ।