ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਸਮੂਹ ਸਿੱਖ ਸੰਗਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਵਧਾਈਆ ਦਿੱਤੀਆਂ, ਉਥੇ ਹੀ 6 ਜੂਨ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਨੂੰ ਲੈ ਕੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 6 ਜੂਨ 1984 ਨੂੰ ਭਾਰਤੀ ਸਰਕਾਰ ਵੱਲੋ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਸਿੱਖਾਂ ਦੀ ਮਾਨਸਿਕਤਾ ‘ਤੇ ਸਿੱਧਾ ਹਮਲਾ ਕੀਤਾ ਗਿਆ ਸੀ ਜੋ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੌਮ ਵਿਚ ਜੋਸ਼ ਹੈ, ਜੇਕਰ ਸਮਾਗਮ ਸਮਾਪਤ ਹੋਣ ਤੋਂ ਬਾਅਦ ਕੋਈ ਖਾਲਿਸਤਾਨ ਦੇ ਪੱਖੀ ਨਾਅਰੇ ਲਾਉਂਦਾ ਹੈ, ਤਾਂ ਮੈਂ ਉਸਨੂੰ ਗਲਤ ਨਹੀਂ ਮੰਨਦਾ ਹਾਂ ਜੇਕਰ ਕੋਈ ਸਮਾਗਮ ਦੌਰਾਨ ਨਾਅਰੇ ਲਗਾ ਕੇ ਵਿਘਨ ਪਾਉਂਦਾ ਹੈ ਤਾਂ ਉਹ ਗਲਤ ਹੈ। ਸਮਾਗਮ ਤੋਂ ਬਾਅਦ ਸਿੱਖ ਨੌਜਵਾਨ ਨਾਅਰੇ ਲਗਾ ਕੇ ਜੋਸ਼ ਦਾ ਪ੍ਰਗਟਾਵਾ ਕਰ ਸਕਦੇ ਹਨ।
ਉੱਥੇ ਹੀ ਜੱਥੇਦਾਰ ਨੇ ਕਿਹਾ ਕਿ ਭਾਰਤ ਸਰਕਾਰ ਦਾ 36 ਸਾਲ ਬਾਅਦ ਵੀ ਸਿੱਖ ਵਿਰੋਧੀ ਰਵੱਈਆ ਹੈ। ਜੇਕਰ ਸਾਨੂੰ ਖਾਲਿਸਤਾਨ ਮਿਲ ਜਾਵੇ ਤਾਂ ਸੋਨੇ ਉਤੇ ਸੁਹਾਗਾ ਹੋਵੇਗਾ। ਜਥੇਦਾਰ ਨੇ ਕਿਹਾ ਕਿ ਖਾਲਿਸਤਾਨ ਦੀ ਇੱਛਾ ਹਰ ਕੋਈ ਸਿੱਖ ਰੱਖਦਾ ਹੈ ਅਤੇ ਜੇਕਰ ਸਾਨੂੰ ਭਾਰਤ ਸਰਕਾਰ ਪੇਸ਼ ਕਰਦੀ ਹੈ ਤਾਂ ਅਸੀ ਜ਼ਰੂਰ ਸਵੀਕਾਰ ਕਰਾਂਗੇ।