ਪਾਕਿਸਤਾਨ ‘ਚ ਹਰ 9 ਔਰਤਾਂ ‘ਚੋਂ ਇੱਕ ਬ੍ਰੈਸਟ ਕੈਂਸਰ ਨਾਲ ਪੀੜਤ ਹੈ ਤੇ ਇਸ ਰੋਗ ਕਾਰਨ ਮੌਤ ਦੀ ਦਰ ਦੁਨੀਆ ਦੇ ਕਿਸੇ ਵੀ ਹੋਰ ਹਿੱਸੇ ਦੇ ਮੁਕਾਬਲੇ ਪਾਕਿਸਤਾਨ ਵਿੱਚ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਮੌਤਾਂ ਦੇ ਪਿੱਛੇ ਮੁੱਖ ਕਾਰਨ ਇਸ ਰੋਗ ਪ੍ਰਤੀ ਜਾਗਰੂਕਤਾ, ਜਾਂਚ ਤੇ ਇਲਾਜ ਲਈ ਸਹੂਲਤਾਂ ਦੀ ਭਾਰੀ ਕਮੀ ਹੈ। ਇਹ ਖੁਲਾਸਾ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਈਂਸ ‘ਚ ਫੈਡਰਲ ਬ੍ਰੈਸਟ ਕੈਂਸਰ ਸਕਰੀਨਿੰਗ ਦੀ ਇੰਚਾਰਜ ਆਈਸ਼ਾ ਇਸਾਨੀ ਮਜੀਦ ਨੇ ਕੀਤਾ ਹੈ।
ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ( ਏਆਈਓਯੂ ) ਵੱਲੋਂ ਆਯੋਜਿਤ ਇੱਕ ਸੈਮੀਨਾਰ ‘ਚ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਬ੍ਰੈਸਟ ਕੈਂਸਰ ਦੇ ਪ੍ਰਤੀ ਜਾਗਰੂਕਤਾ ਫੈਲਾਉਣ ‘ਤੇ ਜ਼ੋਰ ਦਿੰਦੇ ਹੋਏ ਇਸਦਾ ਖੁਲਾਸਾ ਕੀਤਾ। ਆਇਸ਼ਾ ਨੇ ਕਿਹਾ ਕਿ ਬ੍ਰੈਸਟ ਕੈਂਸਰ ਦੇ ਮੁੱਖ ਕਾਰਨਾਂ ਵਿੱਚ ਮੋਟਾਪਾ, ਸ਼ਰਾਬ ਪੀਣਾ, ਕਸਰਤ ਨਾਂ ਕਰਨਾ, ਦੇਰ ਨਾਲ ਗਰਭਧਾਰਣ ਕਰਨਾ, ਮਾਂ ਨਾਂ ਬਣਨਾ, ਹਾਰਮੋਨ ਵਿੱਚ ਬਦਲਾਅ, ਰੈਡੀਏਸ਼ਨ ਵਰਗੀਆਂ ਕਈ ਵਜ੍ਹਾਂ ਸ਼ਾਮਲ ਹਨ।
ਉਨ੍ਹਾਂਨੇ ਕਿਹਾ , ਸ਼ੁਰੂਆਤ ਵਿੱਚ ਹੀ ਇਸ ਦੀ ਜਾਣਕਾਰੀ ਮਿਲਣ ਤੇ ਇਲਾਜ ਹੋਣ ‘ਤੇ ਜ਼ਿੰਦਗੀ ਬਚ ਸਕਦੀ ਹੈ। ਹਰ ਮਹਿਲਾ ਨੂੰ ਆਪਣੇ ਆਪ ਹੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਨਾਲ ਹੀ ਸਮਾਂ ਰਹਿੰਦੇ ਰੋਗ ਦਾ ਪਤਾ ਲੱਗਣ ‘ਤੇ ਮਰੀਜ਼ ਦੇ ਠੀਕ ਹੋਣ ਦੀ 90-95 ਫ਼ੀਸਦੀ ਸੰਭਾਵਨਾ ਹੁੰਦੀ ਹੈ।
ਵਰਲਡ ਹੈਲਥ ਆਰਗਨਾਈਜ਼ੇਸ਼ਨ ( ਡਬਲਿਊਐੱਚਓ ) ਦੇ ਅੰਕੜਿਆਂ ਅਨੁਸਾਰ ਅਨੁਮਾਨਤ: 627,000 ਔਰਤਾਂ ਦੀ ਮੌਤ ਬ੍ਰੈਸਟ ਕੈਂਸਰ ਨਾਲ ਹੁੰਦੀ ਹੈ।