ਕੀਵ: ਰੂਸੀ ਹਮਲੇ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਜ਼ਾਪੋਰਿਜ਼ੀਆ ‘ਚ ਅੱਗ ਲੱਗ ਗਈ। ਪਲਾਂਟ ‘ਤੇ ਟੈਂਕਾਂ ਤੇ ਮਿਜ਼ਾਇਲਾਂ ਨਾਲ ਹਮਲਾ ਕੀਤਾ ਗਿਆ ਹੈ। ਉੱਥੇ ਨੇੜ੍ਹਟ ਸਥਿਤ ਕਸਬੇ ਦੇ ਮੇਅਰ ਨੇ ਕਿਹਾ, ਰੂਸੀ ਫੌਜੀ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ, ਜ਼ਪੋਰੀਜ਼ੀਆ ‘ਤੇ ਚਾਰੇ ਪਾਸਿਓਂ ਗੋਲੀਬਾਰੀ ਕਰ ਰਹੀ ਹੈ। ਅੱਗ ਲੱਗ ਚੁੱਕੀ ਹੈ। ਜੇਕਰ ਇਹ ਧਮਾਕਾ ਹੋਇਆ, ਤਾਂ ਇਹ ਚੋਰਨੋਬਿਲ ਨਾਲੋਂ 10 ਗੁਣਾ ਵੱਡਾ ਹੋਵੇਗਾ! ਰੂਸੀਆਂ ਨੂੰ ਤੁਰੰਤ ਅੱਗ ਨੂੰ ਰੋਕਣਾ ਚਾਹੀਦਾ ਹੈ, ਫਾਇਰਫਾਈਟਰਾਂ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ, ਇੱਕ ਸੁਰੱਖਿਆ ਜ਼ੋਨ ਸਥਾਪਤ ਕਰਨਾ ਚਾਹੀਦਾ ਹੈ।’
ਉਧਰ ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੁਨੀਆ ਨੂੰ ਮਦਦ ਦੀ ਅਪੀਲ ਕੀਤੀ ਹੈ। ਟਵਿੱਟਰ ‘ਤੇ ਪੋਸਟ ਕੀਤੇ ਇਕ ਵੀਡੀਓ ਸੰਦੇਸ਼ ਵਿੱਚ ਜ਼ੇਲੇਂਸਕੀ ਨੇ ਕਿਹਾ ਕਿ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਖਤਰੇ ਵਿੱਚ ਹੈ।
ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਬਲ ਜਾਣਬੁੱਝ ਕੇ ਪਰਮਾਣੂ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ 1986 ਵਿੱਚ ਚਰਨੋਬਿਲ ਪਰਮਾਣੂ ਹਾਦਸੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇ ਜ਼ੇਪੋਰਜ਼ੀਆ ਦੇ ਛੇ ਰਿਐਕਟਰਾਂ ਵਿੱਚ ਕੁਝ ਗਲਤ ਹੋ ਗਿਆ ਤਾਂ ਨਤੀਜੇ ਹੋਰ ਵੀ ਮਾੜੇ ਹੋਣਗੇ।
ਜ਼ੇਲੇਂਸਕੀ ਨੇ ਕਿਹਾ, ‘ਉਹ ਅਮਰੀਕਾ, ਬ੍ਰਿਟੇਨ ਅਤੇ ਈਯੂ ਦੇ ਆਗੂਆਂ ਦੇ ਸੰਪਰਕ ‘ਚ ਹਨ ਅਤੇ ਇੰਟਰਨੈਸ਼ਨਲ ਪਰਮਾਣੂ ਊਰਜਾ ਏਜੰਸੀ ਨਾਲ ਵੀ ਗੱਲ ਕੀਤੀ ਹੈ। ਜ਼ੇਲੇਂਸਕੀ ਨੇ ਕਿਹਾ ਕਿ ਅਤੀਤ ਵਿੱਚ ਰੂਸੀ ਪ੍ਰਾਪੇਗੈਂਡਾ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਦੁਨੀਆ ਨੂੰ ਪਰਮਾਣੂ ਦੀ ਸੁਆਹ ਨਾਲ ਢੱਕ ਦੇਵੇਗਾ, ਹੁਣ ਇਹ ਸਿਰਫ ਇੱਕ ਚੇਤਾਵਨੀ ਨਹੀਂ ਹੈ, ਇਹ ਅਸਲ ਹੈ।’