ਅਰਨੈਸਟੋ ਚੀ ਗੁਵੇਰਾ: ਕਿਊਬਾ ਨੂੰ ਆਜ਼ਾਦ ਕਰਵਾਉਣ ਵਾਲਾ ਇਨਕਲਾਬੀ ਯੋਧਾ

TeamGlobalPunjab
5 Min Read

-ਅਵਤਾਰ ਸਿੰਘ 

 

ਚੀ ਗੁਵੇਰਾ ਅਰਨੈਸਟੋ ਗੁਵੇਰਾ ਡੀ ਲਾ ਸੇਰਨਾ ਦਾ ਜਨਮ 14 ਜੂਨ 1928 ਨੂੰ ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਵਿਖੇ ਹੋਇਆ। ਚੀ ਦੇ ਪਿਤਾ ਅਰਨੈਸਟੋ ਗੁਵੇਰਾ ਲਿੰਚ ਤੇ ਮਾਂ ਸੇਲੀਆ ਡੀ ਲਾ ਸੇਰਨਾ ਅਰਜਨਟੀਨਾ ਦੇ ਮੱਧ ਵਰਗੀ ਤਬਕੇ ਨਾਲ ਸਬੰਧਤ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਸਨ।

ਬਚਪਨ ‘ਚ ਤਲਾਅ ਦੇ ਠੰਢੇ ਪਾਣੀ ‘ਚ ਨਹਾਉਣ ਕਾਰਨ ਗੁਵੇਰਾ ਦਮੇ ਦਾ ਰੋਗੀ ਹੋ ਗਿਆ। ਪਿਤਾ ਦੇ ਦੱਸਣ ਮੁਤਾਬਕ ਗੁਵੇਰਾ ਨੂੰ ਉਸਦੀ ਬਿਮਾਰੀ ਕਾਰਨ ਸਕੂਲ ਲੇਟ ਦਾਖਲ ਕਰਵਾਇਆ ਗਿਆ।

ਮਾਂ ਨੇ ਦੋ ਸਾਲ ਤੱਕ ਉਸਨੂੰ ਘਰ ‘ਚ ਹੀ ਪੜਾਇਆ। ਚੀ ਨੂੰ ਬਚਪਨ ਤੋਂ ਹੀ ਪੜਨ ਦਾ ਬਹੁਤ ਸ਼ੌਕ ਸੀ। ਉਹ ਕਵਿਤਾ ਨੂੰ ਬੜਾ ਪਿਆਰ ਕਰਦਾ, ਜੋ ਉਸਨੇ ਆਖਰੀ ਦਮ ਤੱਕ ਨਿਭਾਇਆ। ਕਵਿਤਾ ਤੇ ਕਲਾ ਦੇ ਨਾਲ-ਨਾਲ ਚੀ ਸਾਹਸ ਵਾਲੇ ਖੋਜ ਕਾਰਜਾਂ ਵਿੱਚ ਵੀ ਬਹੁਤ ਰੁਚੀ ਰੱਖਦਾ ਸੀ। ਚੀ ਨੂੰ ਪੇਂਟਿੰਗ, ਸੰਗੀਤ, ਫੁੱਟਬਾਲ, ਘੋੜਸਵਾਰੀ, ਗੌਲਫ, ਸਾਇਕਲਿੰਗ ਤੇ ਸਤਰੰਜ ਖੇਡਣਾ ਪਸੰਦ ਸੀ।

ਬਚਪਨ ਵਿੱਚ ਉਹ ਬਿਜਲੀ ਕਾਮਿਆਂ ਦੀ ਹੜਤਾਲ ਸਮੇਂ ਆਪਣੇ ਹਾਣੀਆਂ ਨਾਲ ਮਿਲਕੇ ਰਾਤੋ-ਰਾਤ ਸ਼ਹਿਰ ਦੇ ਸਾਰੇ ਬਲਬ ਗੁਲੇਲਾਂ ਨਾਲ ਤੋੜ ਸੁੱਟਣ ਦੇ ਕਾਰਨਾਮੇ ਕਰਦਾ ਰਿਹਾ।

ਸਕੂਲ ਪੜਦਿਆਂ ਹੀ ਉਹਨੇ ਅਮਰੀਕਾ ਜਾਣ ਦਾ ਨਿਰਣਾ ਲਿਆ। ਉਸਦੀ ਪਹਿਲੀ ਯਾਤਰਾ ਤਿੰਨ ਮਹੀਨੇ ਲਈ ਸੀ ਜੋ ਜ਼ਿੰਦਗੀ ਦੀਆਂ ਅਗਲੀਆਂ ਯਾਤਰਾਵਾਂ ਦਾ ਮੁੱਢ ਹੋ ਨਿੱਬੜੀ। ਯਾਤਰਾ ਤੋਂ ਪਰਤਦਿਆਂ 19 ਸਾਲਾ ਗੱਭਰੂ ਚੀ ਯੂਨੀਵਰਸਿਟੀ ‘ਚ ਪ੍ਰੀ-ਮੈਡੀਕਲ ਦਾ ਵਿਦਿਆਰਥੀ ਬਣ ਜਾਂਦਾ ਹੈ। ਉਸਨੇ ਭਰ ਜੁਆਨੀ ‘ਚ ਡਾਕਟਰ ਬਣਕੇ ਬਿਮਾਰ ਤੇ ਗਰੀਬ ਕੋਹੜੀਆਂ ਦੀ ਸੇਵਾ ਕਰਨ ਦਾ ਸੁਪਨਾ ਲਿਆ।

ਉਸਨੇ ਸੱਤ ਸਾਲਾ ਡਾਕਟਰੀ ਕੋਰਸ ਤਿੰਨ ਸਾਲਾਂ ‘ਚ ਪਾਸ ਕਰ ਲਿਆ। 1947 ਤੋਂ 1953 ਦੇ ਸਾਲਾਂ ਦੌਰਾਨ ਚੀ ਪੀਰੂ, ਚਿੱਲੀ, ਕੋਲੰਬੀਆ ਅਤੇ ਵੈਨਜ਼ੁਏਲਾ ਦੀ ਯਾਤਰਾ ਕਰ ਚੁੱਕਾ ਸੀ, ਇਹਨਾਂ ਯਾਤਰਾਵਾਂ ਦੌਰਾਨ ਉਸਨੇ ਲੋਕਾਂ ਦੀਆਂ ਤੰਗੀਆਂ-ਤੁਰਸ਼ੀਆਂ ਭਰੀ ਜ਼ਿੰਦਗੀ ਅਤੇ ਕਿਸਾਨ ਮਜ਼ਦੂਰਾਂ ਤੇ ਬਿਮਾਰ ਕੋਹੜੀਆਂ ਦੀ ਹਾਲਤ ਨੂੰ ਨੇੜਿਓਂ ਤੱਕਿਆ।

ਉਸਨੇ ਬੋਲੀਵੀਆ ਵਿੱਚ ਇੱਥੋਂ ਦੇ ਮੂਲ ਵਸਨੀਕਾਂ ਤੇ ਰੈੱਡ ਇੰਡੀਅਨਾਂ ਦੀ ਮਾੜੀ ਹਾਲਤ ਨੂੰ ਵੀ ਅਨੁਭਵ ਕੀਤਾ। 1953 ਤੋਂ ਚੀ ਗੁਵੇਰਾ ਨੇ ਸਦਾ ਲਈ ਅਰਜਨਟੀਨਾ ਨੂੰ ਛੱਡ ਦਿੱਤਾ। 1954 ‘ਚ ਗੁਆਟੇਮਾਲਾ ਦੀਆਂ ਰਾਜਨੀਤਿਕ ਗਤੀਵਿਧੀਆਂ ‘ਚ ਚੀ ਨੇ ਸਿੱਧਾ ਭਾਗ ਲਿਆ। ਇੱਥੇ ਉਸਦੀ ਮੁਲਾਕਾਤ ਖੱਬੇ ਪੱਖੀ ਵਰਕਰ ਹਿਲਡਾ ਰਾਡੀਆ ਨਾਲ ਹੋਈ, ਚੀ ਨੇ 1956 ‘ਚ ਮੈਕਸੀਕੋ ‘ਚ ਪ੍ਰੇਮ ਵਿਆਹ ਕਰਵਾ ਲਿਆ।

ਇਸ ਪ੍ਰੇਮੀ ਜੋੜੇ ਦੇ ਘਰ ਇਕ ਲੜਕੀ ਨੇ ਜਨਮ ਲਿਆ। 1955 ‘ਚ ਚੀ ਦਾ ਸੰਪਰਕ ਨੌਜਵਾਨ ਵਕੀਲ ਫੀਦਲ ਕਾਸਤਰੋ ਨਾਲ ਹੋਇਆ ਤੇ ਉਹ ਦੋਵੇਂ ਇਨਕਲਾਬੀ ਨੌਜਵਾਨ ਕਿਊਬਾ ‘ਚ ਕ੍ਰਾਂਤੀ ਦੀਆਂ ਵਿਉਂਤਾ ‘ਚ ਰੁੱਝ ਗਏ। ਫੀਦਲ ਜੋਸ਼ੀਲਾ ਨੌਜਵਾਨ ਸੀ। ਉਸਨੇ ਦ੍ਰਿੜ ਵਿਸ਼ਵਾਸ ਨਾਲ ਕਿਹਾ ਕਿ ‘ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅਸੀਂ 1956 ‘ਚ ਆਜ਼ਾਦੀ ਪ੍ਰਾਪਤ ਕਰ ਲਵਾਂਗੇ ਜਾਂ ਸ਼ਹੀਦ ਹੋ ਜਾਵਾਂਗੇ।’

ਇਸ ਜੋਸ਼ ਭਰਪੂਰ ਐਲਾਨ ਉਪਰੰਤ ਕਿਊਬਾ ‘ਤੇ ਚੜਾਈ ਦੀਆਂ ਮੁਹਿੰਮਾਂ ਤੇਜ਼ ਹੋਣ ਲੱਗੀਆਂ। ਚੀ ਗੁਰੀਲਾ ਟਰੇਨਿੰਗ ਦੇ ਨਾਲ-ਨਾਲ ਡਾਕਟਰ ਵਜੋਂ ਕੰਮ ਕਰਦਾ ਹੈ। ਹਥਿਆਰ, ਹਥਿਆਰਾਂ ਲਈ ਪੈਸਾ, ਹਥਿਆਰ ਚਲਾਉਣ ਲਏ ਫੈਸਲਾਕੁਨ ਗੁਰੀਲੇ, ਰਾਜਸੀ ਵਿਚਾਰਾਂ ਲਈ ਸਕੂਲਿੰਗ ਤੇ ਹੋਰਨਾਂ ਇਨਕਲਾਬੀ ਗਰੁੱਪਾਂ ਨਾਲ ਤਾਲਮੇਲ ਦਾ ਇਕ ਲੰਮਾ ਤੇ ਤੇਜ਼ ਸਿਲਸਿਲਾ ਸ਼ੁਰੂ ਹੋਇਆ।

22 ਜੂਨ 1956 ਨੂੰ ਮੈਕਸੀਕੋ ਪੁਲਿਸ ਨੇ ਫੀਦਲ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਵਿਰੁੱਧ ਪ੍ਰਗਤੀਸ਼ੀਲ ਹਲਕੇ ਹਰਕਤ ‘ਚ ਆਏ। ਜਲਦ ਗੁਰੀਲੇ ਰਿਹਾਅ ਕਰਵਾ ਲਏ ਗਏ। ਬਾਹਰ ਆਉਂਦਿਆਂ 12 ਹਜ਼ਾਰ ਡਾਲਰ ‘ਚ ਅੱਠ-ਦਸ ਸਵਾਰੀਆਂ ਵਾਲੀ ਕਿਸ਼ਤੀ ਖਰੀਦੀ ਤੇ ਅੱਠ-ਦਸ ਯਾਤਰੂਆਂ ਦੀ ਸਮਰੱਥਾ ਵਾਲੀ ਕਿਸ਼ਤੀ ‘ਚ ਖੁਰਾਕ ਤੇ ਹਥਿਆਰਾਂ ਨਾਲ ਲੈੱਸ 82 ਗੁਰੀਲੇ ਸਵਾਰ ਹੋ ਸਮੁੰਦਰੀ ਤੂਫਾਨਾਂ ਨੂੰ ਚੀਰਦੇ ਹੋਏ ਮੈਕਸੀਕੋ ਤੋਂ ਕਿਊਬਾ ਵੱਲ ਨੂੰ ਕੂਚ ਕਰਨ ਲੱਗੇ। ਅਨੇਕਾ ਮੁਸੀਬਤਾਂ ਝਲਦੇ ਹੋਏ 2 ਦਸੰਬਰ ਕਿਉਬਾ ਦੇ ਤਟ ‘ਤੇ ਪਹੁੰਚੇ ਜਿਥੇ ਗੁਰੀਲਿਆਂ ਦਾ ਗੋਲੀਆਂ ਨਾਲ ਸਵਾਗਤ ਹੋਇਆ 82 ਵਿਚੋਂ 62 ਸ਼ਹੀਦ ਹੋ ਗਏ।

ਹਾਰ ਤੋਂ ਸਬਕ ਲੈਂਦਿਆਂ ਪੂਰੇ ਯੋਜਨਾਬੱਧ ਢੰਗ ਨਾਲ ਵੱਡਾ ਹਮਲਾ ਕੀਤਾ। ਇਸ ਤੋਂ ਪਹਿਲਾਂ ’26 ਜੁਲਾਈ ਲਹਿਰ’ ਨਾਂ ਦੀ ਗੁਪਤ ਜਥੇਬੰਦੀ ਬਣਾਈ।ਪਹਿਲੀ ਪਤਨੀ ਨੂੰ ਤਲਾਕ ਦੇ ਕੇ ਚੀ ਨੇ ਅਲੀਡਾ ਨਾਲ ਦੂਜਾ ਵਿਆਹ ਕਰਾਇਆ ਤੇ ਚਾਰ ਬੱਚੇ ਪੈਦਾ ਹੋਏ। 2 ਜੁਲਾਈ 1959 ਨੂੰ ਅਮਰੀਕੀ ਪਿੱਠੂ ਬਾਟਸਿਟਾ ਸਰਕਾਰ ਨੂੰ ਹਰਾ ਕੇ ਹਵਾਨਾ ‘ਤੇ ਕਬਜਾ ਕਰ ਲਿਆ। ਉਸਨੇ ਅਨੇਕਾਂ ਪੈਂਫਲਿਟ ਤੇ 100 ਤੋਂ ਵਧ ਰਚਨਾਵਾਂ ਲਿਖੀਆਂ। ਪਹਿਲਾਂ ਉਹ ਕਾਂਗੋ ਤੇ ਫਿਰ ਬੋਲੇਵੀਆ ਦੇਸ਼ ਵਿੱਚ ਭੇਸ ਬਦਲ ਕੇ ਚਲਾ ਗਿਆ।

ਚੀ ਗੁਵੇਰਾ ਬਾਰੇ ਪੁੱਛਣ ਤੇ 20 ਅਪ੍ਰੈਲ 1965 ਨੂੰ ਫੀਦਲ ਕਾਸਤਰੋ ਨੇ ਕਿਹਾ, “ਮੈਂ ਸਿਰਫ ਇਹ ਦਸ ਸਕਦਾ ਹਾਂ ਕਿ ਮੇਜਰ ਚੀ ਉਥੇ ਹੀ ਹੋਵੇਗਾ ਜਿਥੇ ਉਹ ਇਨਕਲਾਬ ਲਈ ਸਭ ਤੋਂ ਵਧ ਲੋੜੀਂਦਾ ਹੋਵੇਗਾ।” ਅਮਰੀਕੀ ਫੌਜ ਵਲੋਂ ਬੋਲੇਵੀਆ ਵਿਚ ਗਿਰਫਤਾਰ ਕਰਕੇ 9 ਅਕਤੂਬਰ 1967 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿਤਾ। ਕਿਸੇ ਠੀਕ ਹੀ ਕਿਹਾ ‘ਬਹਾਦਰ ਦੀ ਕਦਰ ਇਕ ਬਹਾਦਰ ਹੀ ਕਰ ਸਕਦਾ ਹੈ।’ ਅੱਜ ਵੀ ਦੁਨੀਆਂ ਭਰ ਦੇ ਬਹਾਦਰ ਲੋਕ ਉਹਨਾਂ ਸੂਰਮਿਆਂ ਦੀ ਦ੍ਰਿੜ ਪ੍ਰਤੀਬੱਧਤਾ ਵਾਲੀਆਂ ਕਾਰਵਾਈਆਂ ਨੂੰ ਸਲਾਮ ਕਰਦੇ ਹਨ।

ਸੰਪਰਕ : 78889-73676

Share This Article
Leave a Comment