ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉੱਘੇ ਉਦਯੋਗਪਤੀ ਰਤਨ ਟਾਟਾ (86) ਦੇ ਦੇ.ਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਦੇਸ਼ ਵਿੱਚ ਉਦਯੋਗਿਕ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਿੱਚ ਰਤਨ ਟਾਟਾ ਦੇ ਲਾਮਿਸਾਲ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਟਾਟਾ ਸੰਨਜ਼ ਨੂੰ ‘ਗਲੋਬਲ ਪਾਵਰਹਾਊਸ’ ਬਣਾਉਣ ਲਈ ਰਤਨ ਟਾਟਾ ਦੀ ਸ਼ਲਾਘਾ ਕੀਤੀ ਜਿਸ ਨਾਲ ਦੇਸ਼ ਵਿੱਚ ਸਨਅਤੀ ਵਿਕਾਸ ਦੀ ਰਫ਼ਤਾਰ ਵੀ ਤੇਜ਼ ਹੋਈ। ਉਨ੍ਹਾਂ ਕਿਹਾ ਕਿ ਰਤਨ ਟਾਟਾ ਦੀ ਸਖ਼ਤ ਮਿਹਨਤ, ਵਚਨਬੱਧਤਾ, ਸਮਰਪਿਤ ਭਾਵਨਾ ਅਤੇ ਸਾਦਗੀ ਨੌਜਵਾਨ ਪੀੜ੍ਹੀ ਨੂੰ ਹਮੇਸ਼ਾ ਆਪਣੀ ਪਸੰਦ ਦੇ ਖੇਤਰ ਵਿੱਚ ਮੁਕਾਮ ਬਣਾਉਣ ਲਈ ਪ੍ਰੇਰਿਤ ਕਰਦੀ ਰਹੇਗੀ।
ਇਹ ਵੀ ਪੜ੍ਹੋ: ਰਤਨ ਟਾਟਾ ਦੇ ਦੇਹਾਂਤ ‘ਤੇ ਮਹਾਰਾਸ਼ਟਰ ‘ਚ ਇਕ ਦਿਨ ਦਾ ਸੋਗ, ਸਰਕਾਰੀ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਾਇਆ ਜਾਵੇਗਾ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸਿੱਧ ਸਨਅਤੀ ਦਿੱਗਜ਼ ਦੇ ਦੇਹਾਂਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਕਿਉਂਕਿ ਉਨ੍ਹਾਂ ਦੇ ਤੁਰ ਜਾਣ ਨਾਲ ਅਜਿਹਾ ਖਲਾਅ ਪੈਦਾ ਹੋ ਗਿਆ ਜਿਸ ਨੂੰ ਭਵਿੱਖ ਵਿੱਚ ਪੂਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਭਾਰਤ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਆਂ ਬੁਲੰਦੀਆਂ ਉੱਤੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਉੱਘੇ ਕਾਰੋਬਾਰੀ ਦੇ ਦੇਹਾਂਤ ਨਾਲ ਪੂਰਾ ਦੇਸ਼ ਸਦਮੇ ਵਿੱਚ ਹੈ।