CM ਮਾਨ ਸਮੇਤ ਉੱਘੀਆਂ ਸਖਸ਼ੀਅਤਾਂ ਨੇ ਪ੍ਰੋਂ ਬੀ.ਸੀ. ਵਰਮਾ ਨੂੰ ਭੇਂਟ ਕੀਤੀਆਂ ਸ਼ਰਧਾਂਜਲੀਆਂ

Rajneet Kaur
2 Min Read
ਚੰਡੀਗੜ੍ਹ: ਅੱਜ ਸੂਬੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਪਿਤਾ ਪ੍ਰੋਫੈਸਰ ਬੀ.ਸੀ. ਵਰਮਾ ਨਮਿੱਤ ਪ੍ਰਾਥਨਾ ਸਭਾ ਵਿੱਚ ਸ਼ਿਰਕਤ ਕਰਦਿਆਂ CM  ਮਾਨ ਸਣੇ ਉੱਘੀਆਂ ਸਖਸ਼ੀਅਤਾਂ ਨੇ  ਪ੍ਰੋ. ਵਰਮਾ ਨੂੰ ਮਾਤਾ ਮਨਸਾ ਦੇਵੀ ਕੰਪਲੈਕਸ ਵਿਖੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਇਸ ਮੌਕੇ CM ਮਾਨ ਨੇ ਕਿਹਾ ਕਿ ਅਕਾਦਮਿਕ ਖੇਤਰ ਨੂੰ ਉਨ੍ਹਾਂ ਦੀ ਦੇਣ ਕਦੇ ਨਹੀਂ ਭੁਲਾਈ ਜਾ ਸਕਦੀ।  ਪਿੰਡ ਚਲੈਲਾ ਤੋਂ ਉੱਠ ਕੇ ਉਨ੍ਹਾਂ ਆਪਣੀ ਸਖਤ ਮਿਹਨਤ ਨਾਲ ਉੱਚ ਵਿਦਿਆ ਹਾਸਿਲ ਕਰਕੇ ਅਧਿਆਪਨ ਦੇ ਖੇਤਰ ਵਿੱਚ ਲਾਮਿਸਾਲ ਸੇਵਾਵਾਂ ਨਿਭਾਈਆਂ। ਉਨ੍ਹਾਂ ਕਿਹਾ ਕਿ ਜਿਵੇਂ ਫੁੱਲਾਂ ਤੇ ਟਹਿਣੀਆਂ ਤੋਂ ਪਤਾ ਲੱਗਦਾ ਹੈ ਕਿ ਦਰਖੱਤ ਕਿੰਨਾ ਮਜ਼ਬੂਤ ਹੈ, ਉਵੇਂ ਇਕ ਸੁਹਿਰਦ ਤੇ ਸਮਰਪਿਤ ਅਧਿਆਪਕ ਦੇ ਕਾਮਯਾਬ ਵਿਦਿਆਰਥੀ ਅਤੇ ਉਨ੍ਹਾਂ ਦੀ ਔਲਾਦ ਦੱਸਦੀ ਹੈ ਕਿ ਉਨ੍ਹਾਂ ਨੂੰ ਕਿਹੋ ਜਿਹੇ ਸੰਸਕਾਰ ਮਿਲੇ ਹਨ।
ਉਨ੍ਹਾਂ ਕਿਹਾ ਕਿ ਪ੍ਰੋ. ਵਰਮਾ ਉੱਘੇ ਸਿੱਖਿਆ ਸ਼ਾਸਤਰੀ ਸਨ ਜੋ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਮਰਪਿਤ ਸਨ।  ਪ੍ਰੋ. ਵਰਮਾ ਵੱਲੋਂ ਦਿਖਾਏ ਮਾਰਗ ਸਦਕਾ ਸਮੁੱਚੇ ਪਰਿਵਾਰ ਨੇ ਆਪਣੇ ਜੀਵਨ ਵਿੱਚ ਬੁਲੰਦੀਆਂ ਨੂੰ ਛੂਹਿਆ ਅਤੇ ਸਮਰਪਿਤ ਹੋ ਕੇ ਮਿਸ਼ਨਰੀ ਭਾਵਨਾ ਨਾਲ ਦੇਸ਼ ਦੀ ਸੇਵਾ ਕਰ ਰਿਹਾ ਹੈ।ਉਨ੍ਹਾ ਵਰਮਾ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜਾਹਰ ਕਰਦਿਆਂ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।
ਇਸ ਦੌਰਾਨ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਬੋਰਡ ਆਫ ਡਾਇਰੈਕਟਰ ਦੇ ਚੇਅਰਮੈਨ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੇ ਆਪਣੇ ਅਧਿਆਪਕ ਪ੍ਰੋ. ਵਰਮਾ ਨੂੰ ਸਿਜਦਾ ਕਰਦਿਆਂ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪ੍ਰੋ ਵਰਮਾ ਸਾਡੇ ਆਦਰਸ਼ ਅਧਿਆਪਕ ਸਨ ਜੋ ਵਿਦਿਆਰਥੀਆਂ ਦੇ ਰੋਲ ਮਾਡਲ ਸਨ ਜਿਨ੍ਹਾਂ ਦੀ ਤਰਜੀਹ ਹਮੇਸ਼ਾ ਵਿਦਿਆਰਥੀ ਰਹੇ ਹਨ। ਪ੍ਰੋ ਵਰਮਾ ਹਮੇਸ਼ਾ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਘਰ ਮੁਫ਼ਤ ਪੜ੍ਹਾਉਂਦੇ। ਰਸਮ ਪਗੜੀ ਤੇ ਆਰਤੀ ਤੋਂ ਪਹਿਲਾਂ ਸ੍ਰੀ ਗਰੁੜ ਪੁਰਾਣ ਜੀ ਦਾ ਭੋਗ ਪਾਇਆਂ ਗਿਆ ਅਤੇ ਲੀਜ਼ਾ ਡਾਬਰ ਦੀ ਮੰਡਲੀ ਵੱਲੋਂ ਭਜਨ ਕੀਤਾ ਗਿਆ।

Share this Article
Leave a comment