ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪਣੇ ਜੱਦੀ ਪਿੰਡ ਸਤੌਜ ਤੋਂ ਬਿਜਲੀ ਦੀਆਂ ਤਾਰਾਂ ਨੂੰ ਪੂਰੀ ਤਰ੍ਹਾਂ ਜ਼ਮੀਨਦੋਜ਼ ਕਰਨ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਿਸੇ ਹੋਰ ਸੂਬੇ ਨੇ ਅੱਜ ਤੱਕ ਪੇਂਡੂ ਪੱਧਰ ‘ਤੇ ਅਜਿਹੀ ਆਧੁਨਿਕ ਪ੍ਰਣਾਲੀ ਬਾਰੇ ਨਹੀਂ ਸੋਚਿਆ ਹੈ।
ਇਸ ਪ੍ਰੋਜੈਕਟ ਦਾ ਕੁੱਲ ਬਜਟ ਲਗਭਗ 8 ਕਰੋੜ ਰੁਪਏ ਹੈ। ਜ਼ਮੀਨਦੋਜ਼ 41 ਕਿਲੋਮੀਟਰ ਲੰਬੀਆਂ ਤਾਰਾਂ ਵਿਛਾਈਆਂ ਜਾਣਗੀਆਂ। ਪਿੰਡ ਦੀਆਂ ਸੜਕਾਂ ਤੋਂ ਕਰੀਬ 382 ਬਿਜਲੀ ਦੇ ਖੰਭਿਆਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ। 11KV ਹਾਈ-ਵੋਲਟੇਜ ਲਾਈਨਾਂ ਵੀ ਅੰਡਰਗਰਾਊਂਡ ਹੋਣਗੀਆਂ।
ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ‘ਚ ਬਿਜਲੀ ਦੇ ਖੰਭੇ ਲਗਾਉਣ ਦੇ ਨਾਂ ‘ਤੇ ਸਿਰਫ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਹੋਇਆ ਹੈ। ਛੋਟੇ-ਮੋਟੇ ਕੰਮਾਂ ਲਈ ਲੋਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪਿੰਡਾਂ ਵਿੱਚ ਆਧੁਨਿਕ ਫਾਈਬਰ ਕੇਬਲ ਵਿਛਾਈਆਂ ਜਾ ਰਹੀਆਂ ਹਨ ਜੋ ਹਰ ਮੌਸਮ ਦੇ ਅਨੁਕੂਲ ਹਨ।
ਬਿਜਲੀ ਦੀਆਂ ਢਿੱਲੀਆਂ ਅਤੇ ਲਟਕਦੀਆਂ ਤਾਰਾਂ ਦੇ ਖਤਰਿਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਹੀ ਪਿੰਡ ਸਤੌਜ ਦੇ ਤਿੰਨ ਹੋਣਹਾਰ ਨੌਜਵਾਨਾਂ ਦੀ ਇਸ ਬਿਜਲੀ ਦੇ ਨੈੱਟਵਰਕ ਦੀ ਅਣਗਹਿਲੀ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਅੰਡਰਗਰਾਊਂਡ ਪ੍ਰਾਜੈਕਟ ਉਨ੍ਹਾਂ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਨਾਲ ਨਾ ਸਿਰਫ ਮਨੁੱਖੀ ਜੀਵਨ ਸੁਰੱਖਿਅਤ ਹੋਵੇਗਾ, ਸਗੋਂ ਸ਼ਾਰਟ ਸਰਕਟ ਕਾਰਨ ਹਰ ਸਾਲ ਕਿਸਾਨਾਂ ਦੀਆਂ ਫਸਲਾਂ ਨੂੰ ਲੱਗਣ ਵਾਲੀਆਂ ਭਿਆਨਕ ਅੱਗਾਂ ਨੂੰ ਵੀ ਪੂਰੀ ਤਰ੍ਹਾਂ ਰੋਕਿਆ ਜਾ ਸਕੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਖਾੜੀ ਦੇਸ਼ਾਂ ਦੇ ਹਾਲਾਤ ‘ਤੇ ਆਪਣੀਆਂ ਆਰਥਿਕ ਨਾਕਾਮੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸੰਸਦ ਵਿੱਚ ਆ ਕੇ ਆਪਣੇ ਸਾਰੇ ਵਿਦੇਸ਼ੀ ਦੌਰਿਆਂ ਦੇ ਸਮਝੌਤਿਆਂ ਨੂੰ ਜਨਤਕ ਕਰਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਦੌਰਿਆਂ ਕਾਰਨ ਦੇਸ਼ ਦਾ ਗਰੀਬ ਹੋਰ ਗਰੀਬ ਹੋ ਰਿਹਾ ਹੈ, ਜਦਕਿ ਪ੍ਰਧਾਨ ਮੰਤਰੀ ਦੇ ਸਨਅਤਕਾਰ ਦੋਸਤਾਂ ਦੇ ਵਿਦੇਸ਼ਾਂ ਵਿੱਚ ਕੰਮ ਸ਼ੁਰੂ ਹੋ ਰਹੇ ਹਨ। ਮਾਨ ਨੇ ਕਿਹਾ ਕਿ ‘ਵਿਸ਼ਵ ਗੁਰੂ’ ਬਣਾਉਣ ਦੇ ਨਾਂ ‘ਤੇ ਦੇਸ਼ ਨੂੰ ਆਰਥਿਕ ਤੌਰ ‘ਤੇ ਪਛੜਿਆ ਜਾ ਰਿਹਾ ਹੈ।

