ਬਿਜਲੀ ਦੀ ਮਾਰ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, ਕੈਪਟਨ ਅਮਰਿੰਦਰ ਸਿੰਘ ਨੇ ਲਿਆ ਅਜਿਹਾ ਫੈਸਲਾ

TeamGlobalPunjab
3 Min Read

[alg_back_button]

ਚੰਡੀਗੜ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਪਾਵਰਕੌਮ (ਪੀ.ਐਸ.ਪੀ.ਸੀ.ਐਲ.) ਵੱਲੋਂ ਆਪਣੀਆਂ ਇਮਾਰਤਾਂ ਉਤੋਂ/ਨੇੜਿਓਂ ਲੰਘ ਰਹੀਆਂ 11 ਕੇ.ਵੀ. ਐਚ.ਟੀ/ਐਲ.ਟੀ. ਦੀਆਂ ਲਾਈਨਾਂ ਦੀ ਤਬਦੀਲੀ ਲਈ ਘਰੇਲੂ ਅਤੇ ਵਪਾਰਕ ਖਪਤਕਾਰਾਂ ਨੂੰ ਸਮੱਗਰੀ ਅਤੇ ਭੰਡਾਰਨ ਦੀ ਲਾਗਤ ਦੀ ਛੋਟ ਦੇ ਨਾਲ ਨਾਲ ਨਿਗਰਾਨੀ ਖਰਚਿਆਂ ਤੋਂ ਵੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਖਪਤਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਮੁੱਖ ਮੰਤਰੀ ਵੱਲੋਂ ਪਾਵਰਕੌਮ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਹ ਫੈਸਲਾ ਹਾਈ ਟੈਂਸ਼ਨ ਤਾਰਾਂ ਤੋਂ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਵੀ ਸਹਾਈ ਹੋਵੇਗਾ। ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਵਰਕੌਮ ਦੁਆਰਾ ਦਿੱਤੇ ਲਾਭਾਂ ਦਾ ਲਾਹਾ ਲੈਣ ਲਈ ਅੱਗੇ ਆਉਣ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਖਪਤਕਾਰ ਮੌਕੇ ’ਤੇ ਕੀਤੇ ਜਾਂਦੇ ਖਰਚਿਆਂ ਦੇ ਕਾਰਨ ਵਾਧੂ ਸਮੱਗਰੀ ਦੀ ਲਾਗਤ ਦਾ 4 ਫੀਸਦ ਖਰਚਾ ਝੱਲ ਰਹੇ ਸਨ ਜਿਸ ਤੋਂ ਹੁਣ ਛੋਟ ਦਿੱਤੀ ਗਈ ਹੈ। ਵਾਧੂ ਸਮੱਗਰੀ ਦੀ ਕੀਮਤ ’ਤੇ ਪਹਿਲਾ ਲਗਾਏ ਜਾਂਦੇ 1.5 ਫੀਸਦ ਸਟੋਰੇਜ ਖਰਚੇ ਵੀ ਮੁਆਫ ਕੀਤੇ ਗਏ ਹਨ। ਸਮੱਗਰੀ ਦੀ ਢੋਆ-ਢੋਆਈ ਅਤੇ ਲੇਬਰ ਖਰਚਿਆਂ ਤੋਂ ਵੀ ਛੋਟ ਮਿਲੇਗਾ ਜੇਕਰ ਖਪਤਕਾਰ ਇਸ ਦੀ ਵਿਵਸਥਾ ਖੁਦ ਕਰਦਾ ਹੈ।
ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਫੁਟਕਲ ਖ਼ਰਚੇ ਜੋ ਕਿ ਲਾਗਤ ਦਾ 1 ਫੀਸਦੀ ਸੀ, ਵੀ ਹਟਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੁਪਰਵਿਜ਼ਨ ਚਾਰਜ ਜੋ ਕਿ ਲੇਬਰ ਚਾਰਜ਼ਜ਼ ਉੱਤੇ 15 ਫੀਸਦੀ ਲਿਆ ਜਾਂਦਾ ਸੀ, ਵੀ ਹਟਾ ਦਿੱਤਾ ਗਿਆ ਹੈ। ਭਾਵੇਂ ਕਿ ਨਿਰਮਾਣ ਕਾਰਜ ਦੀ ਨਿਗਰਾਨੀ ਪੀ.ਐਸ.ਪੀ.ਸੀ.ਐਲ. ਵੱਲੋਂ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਆਡਿਟ ਤੇ ਅਕਾਊਂਟਸ ਅਤੇ ਟੀ ਐਂਡ ਪੀ ਚਾਰਜ਼ਿਜ਼ ਜੋ ਕਿ ਕੁੱਲ ਅਨੁਮਾਨਿਤ ਖ਼ਰਚੇ ’ਤੇ ਪਹਿਲਾਂ 1.5 ਫੀਸਦ ਦੇ ਹਿਸਾਬ ਨਾਲ ਲਗਾਏ ਜਾਂਦੇ ਸਨ, ਵੀ ਖ਼ਤਮ ਕਰ ਦਿੱਤੇ ਗਏ ਹਨ।
ਪਾਵਰਕੌਮ ਵੱਲੋਂ ਦਿੱਤੀਆਂ ਹੋਰ ਰਿਆਇਤਾਂ ਨੂੰ ਗਿਣਾਉਂਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਜੇਕਰ ਕੰਡਕਟਰ/ਕੇਬਲ ਆਦਿ ਵਿੱਚ ਕੋਈ  ਵਾਧਾ ਹੁੰਦਾ ਹੈ  ਤਾਂ ਬਿਨੈਕਾਰ ਤੋਂ ਕੇਵਲ ਕੰਡਕਟਰ/ਕੇਬਲ ਆਦਿ ਦੇ ਅਸਲ ਸਾਈਜ਼ ਦਾ ਹੀ ਖ਼ਰਚਾ ਲਿਆ ਜਾਵੇਗਾ। ਇਸੇ ਤਰਾਂ ਟਰਾਂਸਫਾਰਮਰ ਵਿੱਚ ਵਾਧੇ ਦੀ ਲੋੜ ਪੈਣ ’ਤੇ ਇਸ ਦਾ ਖ਼ਰਚਾ ਪੀ.ਐਸ.ਪੀ.ਸੀ.ਐਲ. ਵੱਲੋਂ ਚੁੱਕਿਆ ਜਾਵੇਗਾ।
ਜੇਕਰ ਕਿਸੇ ਸਮੇਂ ਪ੍ਰਣਾਲੀ ਸੁਧਾਰ ਵਰਗੇ ਕਾਰਜਾਂ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਪੀ.ਐਸ.ਪੀ.ਸੀ.ਐਲ. ਵੱਲੋਂ ਚਲਾਏ ਜਾਣਗੇ। ਇਸ ਤੋਂ ਇਲਾਵਾ ਲੋੜ ਪੈਣ ’ਤੇ ਲਾਈਨ, ਟਰਾਂਸਫਾਰਮਰ ਆਦਿ ਦੀ ਜਾਂਚ ਲਈ ਮੁੱਖ ਇਲੈਕਟ੍ਰੀਕਲ ਇੰਸਪੈਕਟਰ ਦੀ ਫੀਸ ਦਾ ਭੁਗਤਾਨ ਵੀ ਪੀ.ਐਸ.ਪੀ.ਸੀ.ਐਲ. ਵੱਲੋਂ ਹੀ ਕੀਤਾ ਜਾਵੇਗਾ।

[alg_back_button]

Share this Article
Leave a comment