ਚੰਡੀਗੜ੍ਹ – ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਇਕ ਨੋਟੀਫਿਕੇਸ਼ਨ ਚ ਨਵੀਂ ਸਿਆਸੀ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਲੋੜੀਂਦੇ ‘ਨੋਟਿਸ ਪੀਰੀਅਡ’ ਨੂੰ ਲੈ ਕੇ ਤਾਜ਼ਾ ਤਰੀਨ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੇਂ ਹੁਕਮਾਂ ਮੁਤਾਬਕ ਸਿਆਸੀ ਪਾਰਟੀ ਨੂੰ ਰਜਿਸਟਰੇਸ਼ਨ ਕਰਵਾਉਣ ਲਈ 30 ਦਿਨਾਂ ਦੇ ਸਮੇਂ ਨੂੰ ਘਟਾ ਕੇ 7 ਦਿਨ ਕਰ ਦਿੱਤਾ ਗਿਆ ਹੈ l
ਜਾਰੀ ਪੱਤਰ ਚ ਕਮਿਸ਼ਨ ਵੱਲੋਂ ਇਹ ਦੱਸਿਆ ਗਿਆ ਹੈ ਕਿ ਸੰਵਿਧਾਨ ਮੁਤਾਬਕ ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ “Representation of People Act – 1951” ਦੀ ਧਾਰਾ 29A ਹੇਠ ਕੀਤੀ ਜਾਂਦੀ ਹੈ । ਚੋਣ ਕਮਿਸ਼ਨ ਨਾਲ ਰਜਿਸਟ੍ਰੇਸ਼ਨ ਕਰਾਉਣ ਲਈ ਚਾਹਵਾਨ ਸੰਗਠਨ ਨੂੰ ਪਾਰਟੀ ਬਣਾਉਣ ਵਾਲੇ ਦਿਨ ਤੋਂ 30 ਦਿਨ ਦੇ ਵਿਚਕਾਰ ਕਮਿਸ਼ਨ ਨੂੰ ਇਕ ਅਰਜ਼ੀ ਲਿਖ ਕੇ ਦੇਣੀ ਹੁੰਦੀ ਹੈ। ਇਸ ਤੋਂ ਉਪਰੰਤ ਪਾਰਟੀ ਲਈ ਚੁਣੇ ਗਏ ਨਾਮ ਦਾ ਇਸ਼ਤਿਹਾਰੀ ਨੋਟਿਸ ਦੋ ਕੌਮੀ ਤੇ ਦੋ ਖੇਤਰੀ ਅਖ਼ਬਾਰਾਂ ਚ ਦੋ ਵਾਰ ਛਪਵਾਉਣਾ ਲਾਜ਼ਮੀ ਹੁੰਦਾ ਹੈ ਤਾਂ ਜੋ ਪਾਰਟੀ ਦੇ ਰੱਖੇ ਨਾਮ ਨੂੰ ਲੈ ਕੇ ਇਤਰਾਜ਼ ਦੀਆਂ ਸ਼ਿਕਾਇਤਾਂ ਦਰਜ ਹੋ ਸਕਣ । ਇਸ ਨੋਟਿਸ ਨੂੰ ਕਮਿਸ਼ਨ ਦੀ ਵੈੱਬਸਾਈਟ ਤੇ ਵੀ ਨਸ਼ਰ ਕੀਤਾ ਜਾਂਦਾ ਹੈ ।

ਕਮਿਸ਼ਨ ਨੇ ਜਾਰੀ ਪੱਤਰ ਚ ਅੱਗੇ ਕਿਹਾ ਗਿਆ ਹੈ ਕਿ ਜਿਵੇਂ ਕਿ 8 ਜਨਵਰੀ ਨੂੰ ਕਮਿਸ਼ਨ ਵੱਲੋਂ ਗੋਆ , ਮਣੀਪੁਰ , ਉਤਰਾਖੰਡ , ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਐਲਾਨ ਦਿੱਤੀਆਂ ਗਈਆਂ ਹਨ । ਕਵਿਡ-19 ਮਹਾਂਮਾਰੀ ਕਰਕੇ ਲਾਗੂ ਕੀਤੀਆਂ ਗਈਆਂ ਰੋਕਾਂ ਨਾਲ ਸਿਆਸੀ ਪਾਰਟੀਆਂ ਅਰਜ਼ੀਆਂ ਸਮੇਂ ਸਿਰ ਦਾਖ਼ਲ ਨਹੀਂ ਕਰ ਸਕੀਆਂ ਤੇ ਇਸੇ ਕਰਕੇ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਵੀ ਦੇਰ ਹੋ ਰਹੀ ਹੈ ।
ਅਸਾਮ, ਬਿਹਾਰ , ਤਾਮਿਲਨਾਡੂ , ਕੇਰਲਾ , ਪਾਂਡੀਚਰੀ ਤੇ ਪੱਛਮ ਬੰਗਾਲ ਦੀਆਂ ਵਿਧਾਨਸਭਾ ਚੋਣਾਂ ਵੇਲੇ ਵੀ ਕਮਿਸ਼ਨ ਨੇ ਹਾਲਾਤਾਂ ਦੇ ਮੱਦੇਨਜ਼ਰ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਚ ‘ਨੋਟਿਸ ਪੀਰੀਅਡ’ ਨੂੰ ਲੈ ਕੇ ਤਬਦੀਲੀ ਕੀਤੀ ਸੀ ਤੇ 30 ਦਿਨਾਂ ਨੂੰ ਘਟਾ ਕੇ 7 ਦਿਨ ਕਰ ਦਿੱਤੇ ਗਏ ਸਨ । ਇਸੇ ਤਰਜ਼ ਤੇ ਜਿਹੜੀਆਂ ਪਾਰਟੀਆਂ ਨੇ 8 ਜਨਵਰੀ ਤੋਂ ਬਾਅਦ ਰਜਿਸਟ੍ਰੇਸ਼ਨ ਦੀ ਅਰਜ਼ੀ ਤੇ ਅਖ਼ਬਾਰਾਂ ਚ ਇਸ਼ਤਿਹਾਰ ਦਿੱਤੇ ਹਨ ਉਨ੍ਹਾਂ ਦਾ ਨੋਟਿਸ ਪੀਰੀਅਡ ਘਟਾ ਕੇ 7 ਦਿਨ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਇਤਰਾਜ਼ ਦਰਜ ਕਰਵਾਉਣ ਦੀ ਆਖਰੀ ਤਾਰੀਖ 21 ਜਨਵਰੀ ਸ਼ਾਮ 5.30 ਵਜੇ ਤਕ ਹੋਵੇਗੀ ।