ਵਾਸ਼ਿੰਗਟਨ: ਜਿੱਥੇ ਜਾਰਜ ਫਲਾਇਡ ਦੇ ਨਸਲੀ ਕਤਲੇਆਮ ਲਈ ਪੂਰਾ ਅਮਰੀਕਾ ਗੁੱਸੇ ਵਿਚ ਹੈ, ਉੱਥੇ ਜੇਫਰਸਨ ਕਾਉਂਟੀ ‘ਚ ਇੱਕ ਬਜ਼ੁਰਗ ਸਿੱਖ ‘ਤੇ ਨਸਲੀ ਹਮਲੇ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਲਖਵੰਤ ਸਿੰਘ ਨਾਮ ਦੇ ਇੱਕ 61 ਸਾਲਾ ਸਿੱਖ ਬਜ਼ੁਰਗ ਨੂੰ ਇਸ ਸਾਲ 29 ਅਪ੍ਰੈਲ ਨੂੰ ਇੱਕ 36 ਸਾਲਾ ਗੋਰੇ ਨੇ ਬਜ਼ੁਰਗ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਕੇ ਗੇਰ ਦਿੱਤਾ ਤੇ ਫਿਰ ਕਾਰ ਉਪਰ ਚੜ੍ਹਾ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ।
ਲਖਵੰਤ ਸਿੰਘ ‘ਤੇ ਹਮਲਾ ਕਰਨ ਤੋਂ ਬਾਅਦ, ਗੋਰੇ ਵਿਅਕਤੀ ਏਰਿਕ ਬ੍ਰੀਮਨ ਨੇ ਉਨ੍ਹਾਂ ‘ਤੇ ਨਫ਼ਰਤੀ ਟਿੱਪਣੀਆਂ ਕਰਦੇ ਕਿਹਾ, “ਵਾਪਸ ਆਪਣੇ ਦੇਸ਼ ਜਾਓ”।
ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ਵਿਚ ਲਖਵੰਤ ਸਿੰਘ ਦੀ ਬਾਂਹ ਟੁੱਟ ਗਈ ਹੈ, ਪੱਸਲੀਆਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਅੰਦਰੂਨੀ ਸੱਟਾਂ ਵੀ ਹਨ। ਇਸ ਤੋਂ ਇਲਾਵਾ ਕਈ ਹੱਡੀਆਂ ਦੇ ਟੁੱਟਣ ਦੇ ਨਾਲ ਰੀੜ੍ਹ ਦੀ ਹੱਡੀ ਵਿਚ ਵੀ ਫਰੈਕਚਰ ਹੈ ਤੇ ਸਿਰ ‘ਤੇ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੀ ਧੀ ਨੇ ਦੱਸਿਆ ਕਿ ਇੰਨੇ ਸਮੇਂ ਬਾਅਦ ਵੀ ਉਨ੍ਹਾਂ ਦੇ ਪਿਤਾ ਲਖਵੰਤ ਸਿੰਘ ਹਾਲੇ ਤੱਕ ਆਪਣੇ ਪੈਰਾਂ ‘ਤੇ ਖੜ੍ਹੇ ਨਹੀਂ ਹੋ ਸਕਦੇ ਹਨ।
ਉੱਥੇ ਹੀ ਜੈਫਰਸਨ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਇਸ ਹਮਲੇ ਨੂੰ ਨਸਲੀ ਜਾਂ ਨਫ਼ਰਤ ਅਪਰਾਧ ਵਜੋਂ ਨਹੀਂ ਮੰਨ ਰਹੀ ਹੈ। ਜ਼ਿਲ੍ਹਾ ਅਟਾਰਨੀ ਅਨੁਸਾਰ ਨਫ਼ਰਤ ਦੇ ਜ਼ੁਰਮ ਦੇ ਦੋਸ਼ਾਂ ਲਈ “ਆਪਣੇ ਦੇਸ਼ ਵਾਪਸ ਜਾਓ” ਕਹਿਣਾ ਕਾਫ਼ੀ ਨਹੀਂ ਹੈ।
ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਸ.ਲਖਵੰਤ ਸਿੰਘ ‘ਤੇ ਇਕ ਗੋਰੇ ਵੱਲੋਂ ਕਾਰ ਚੜ੍ਹਾ ਕੇ ਉਨ੍ਹਾਂ ਵਿਰੁੱਧ ਨਫ਼ਰਤੀ ਟਿੱਪਣੀਆਂ ਨੂੰ ਮੰਦਭਾਗਾ ਕਰਾਰ ਦਿੱਤਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਕ ਪਾਸੇ ਤਾਂ ਕੋਰੋਨਾ ਦੌਰਾਨ ਲੋੜਵੰਦਾਂ ਦੀ ਸੇਵਾ ਕਰਕੇ ਸਿੱਖਾਂ ਦੀ ਪੂਰੀ ਦੁਨੀਆਂ ਅੰਦਰ ਪ੍ਰਸ਼ੰਸਾ ਹੋ ਰਹੀ ਹੈ, ਜਦਕਿ ਦੂਜੇ ਪਾਸੇ ਅਜਿਹੀਆਂ ਘਟਨਾਵਾਂ ਸਵਾਲ ਪੈਦਾ ਕਰ ਰਹੀਆਂ ਹਨ।
ਭਾਈ ਲੌਂਗੋਵਾਲ ਨੇ ਕਿਹਾ ਕਿ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਵੀ ਦੇਸ਼ ਅੰਦਰ ਵਸਣ ਵਾਲੇ ਆਪਣੇ ਨਾਗਰਿਕਾਂ ਦੀ ਹਿਫ਼ਾਜ਼ਤ ਕਰਨ, ਬੇਸ਼ੱਕ ਉਹ ਕਿਸੇ ਵੀ ਧਰਮ ਦੇ ਹੋਣ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਵਿਦੇਸ਼ਾਂ ‘ਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਉਠਾਉਣ ਦੀ ਅਪੀਲ ਕੀਤੀ।
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: