ਏਕਨਾਥ ਸ਼ਿੰਦੇ ਨੇ ਰੋਂਦੇ ਹੋਏ ਕਿਹਾ ਸੀ ਜੇਕਰ ਭਾਜਪਾ ‘ਚ ਸ਼ਾਮਿਲ ਨਾ ਹੋਇਆ ਤਾਂ ਜਾਣਾ ਪਵੇਗਾ ਜੇਲ੍ਹ: ਆਦਿਤਿਆ ਠਾਕਰੇ

Rajneet Kaur
3 Min Read

ਸ਼ਿਵ ਸੈਨਾ ਨੇਤਾ ਆਦਿਤਿਆ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਰਟੀ ਖ਼ਿਲਾਫ਼ ਜਾਣ ਤੋਂ ਪਹਿਲਾਂ ਏਕਨਾਥ ਸ਼ਿੰਦੇ ਉਨ੍ਹਾਂ ਦੇ ਘਰ ਆ ਕੇ ਬਹੁਤ ਰੋਇਆ ਸੀ। ਉਸ ਦੌਰਾਨ ਸ਼ਿੰਦੇ ਨੇ ਕਿਹਾ ਸੀ ਕਿ ਜੇਕਰ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਏ ਤਾਂ ਕੇਂਦਰ ਸਰਕਾਰ ਦੀ ਏਜੰਸੀ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦੇਵੇਗੀ। ਆਦਿਤਿਆ ਠਾਕਰੇ ਦੇ ਇਸ ਬਿਆਨ ਤੋਂ ਬਾਅਦ ਸ਼ਿੰਦੇ ਗਰੁੱਪ ‘ਚ ਹੰਗਾਮਾ ਮਚ ਗਿਆ ।

ਮਹਾਰਾਸ਼ਟਰ ਵਿੱਚ ਇੱਕ ਨਵਾਂ ਸਿਆਸੀ ਹੰਗਾਮਾ ਸ਼ੁਰੂ ਹੋ ਗਿਆ ਹੈ। ਕਈ ਨੇਤਾਵਾਂ ਨੇ ਇਕ ਤੋਂ ਬਾਅਦ  ਜਵਾਬੀ ਕਾਰਵਾਈਆਂ ਵੀ ਕੀਤੀਆਂ ਹਨ। ਇਸ ਦਾਅਵੇ ਦਾ ਖੰਡਨ ਕਰਦਿਆਂ ਸ਼ਿੰਦੇ ਧੜੇ ਦੇ ਵਿਧਾਇਕ ਸੰਤੋਸ਼ ਬੰਗੜ ਨੇ ਕਿਹਾ ਕਿ ਭਾਜਪਾ ਤੋਂ ਕੋਈ ਖਤਰਾ ਨਹੀਂ ਹੈ। ਠਾਕਰੇ ਪਰਿਵਾਰ ਦੇ ਖਿਲਾਫ ਜਾਣ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਸ਼ਿਵ ਸੈਨਾ ਦਾ ਕਾਂਗਰਸ ਅਤੇ ਐਨਸੀਪੀ ਨਾਲ ਗਠਜੋੜ ਸੀ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਏਕਨਾਥ ਸ਼ਿੰਦੇ ਬਹੁਤ ਮਜ਼ਬੂਤ ​​ਨੇਤਾ ਹਨ। ਉਹ ਰੋਣ ਵਾਲਿਆਂ ‘ਚੋਂ ਨਹੀਂ ਹਨ। ਉਨ੍ਹਾਂ ਕਿਹਾ ਕਿ ਆਦਿਤਿਆ ਠਾਕਰੇ ਵਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ।

ਦਸ ਦਈਏ ਕਿ ਆਦਿਤਿਆ ਠਾਕਰੇ ਵਿਸ਼ਾਖਾਪਟਨਮ ਦੀ ਇੱਕ ਯੂਨੀਵਰਸਿਟੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ 40 ਵਿਧਾਇਕਾਂ ਨੇ ਪੈਸੇ ਖਾਤਰ ਆਪਣੀਆਂ ਸੀਟਾਂ ਅਤੇ ਵਿਧਾਨ ਸਭਾ ਦਾਅ ‘ਤੇ ਲਗਾ ਕੇ ਸਾਡੇ ਖਿਲਾਫ ਬਗਾਵਤ ਦਾ ਬਿਗਲ ਵਜਾਇਆ ਹੈ। ਇਸ ਦੌਰਾਨ ਉਨ੍ਹਾਂ ਕਿਹਾ, ‘ਮੌਜੂਦਾ ਮੁੱਖ ਮੰਤਰੀ (ਸ਼ਿੰਦੇ) ਸਾਡੇ ਘਰ ਆਏ ਅਤੇ ਰੋਣ ਲੱਗੇ ਕਿਉਂਕਿ ਇਕ ਕੇਂਦਰੀ ਏਜੰਸੀ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਵਾਲੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਣਾ ਪਵੇਗਾ ਨਹੀਂ ਤਾਂ ਉਹ ਮੈਨੂੰ ਗ੍ਰਿਫਤਾਰ ਕਰ ਲੈਣਗੇ। ਆਦਿਤਿਆ ਠਾਕਰੇ ਨੇ ਕਾਂਗਰਸ ਨਾਲ ਆਪਣੀ ਪਾਰਟੀ ਦੇ ਗੱਠਜੋੜ ਦਾ ਬਚਾਅ ਕੀਤਾ ਅਤੇ ਬਾਲ ਠਾਕਰੇ ਦੇ ਸਮੇਂ ਨੂੰ ਯਾਦ ਕਰਦਿਆਂ ਕਿਹਾ, ‘ਮੇਰੇ ਦਾਦਾ ਜੀ ਦਾ ਕਾਂਗਰਸ ਨਾਲ ਪਹਿਲਾਂ ਵੀ ਗੱਠਜੋੜ ਸੀ। ਗਾਂਧੀ ਪਰਿਵਾਰ ਨਾਲ ਪਹਿਲਾਂ ਵੀ ਉਨ੍ਹਾਂ ਦੇ ਚੰਗੇ ਸਬੰਧ ਸਨ। ਉਨ੍ਹਾਂ ਨੇ ਪ੍ਰਣਬ ਮੁਖਰਜੀ ਅਤੇ ਪ੍ਰਤਿਭਾ ਪਾਟਿਲ ਦੀ ਖੁੱਲ੍ਹ ਕੇ ਹਮਾਇਤ ਕੀਤੀ, ਜਦੋਂ ਕਿ ਭਾਜਪਾ ਰਾਸ਼ਟਰਪਤੀ ਚੋਣ ਦੌਰਾਨ ਕਿਸੇ ਹੋਰ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰ ਰਹੀ ਸੀ।

ਭਾਜਪਾ ਨੂੰ ਨਿਸ਼ਾਨੇ ‘ਤੇ ਲੈਂਦਿਆ ਠਾਕਰੇ ਨੇ ਕਿਹਾ ਕਿ ਇਹ ਉਹੀ ਪਾਰਟੀ ਹੈ ਜਿਸ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਨਾਲ ਗਠਜੋੜ ਕੀਤਾ ਸੀ। ਜਿਸ ਨੇ ਅੱਤਵਾਦੀਆਂ ਦਾ ਸਮਰਥਨ ਕੀਤਾ ਸੀ। ਸ਼ਿਵ ਸੈਨਾ (ਯੂਬੀਟੀ) ਧੜੇ ਦੇ ਨੇਤਾ ਸੰਜੇ ਰਾਉਤ ਨੇ ਆਦਿਤਿਆ ਠਾਕਰੇ ਦੇ ਦਾਅਵਿਆਂ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਸ਼ਿੰਦੇ  ਉਨ੍ਹਾਂ ਦੇ ਘਰ ਆਏ ਸਨ ਅਤੇ ਕਿਹਾ ਸੀ ਕਿ ਉਹ ਜੇਲ੍ਹ ਨਹੀਂ ਜਾਣਾ ਚਾਹੁੰਦੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment