ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰ ਕਾਂਗਰਸ ਨੇਤਾਵਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਪਹਿਲੀ ਵਾਰ ਹੈ ਕਿ ਗਾਂਧੀ ਮਾਂ-ਬੇਟੇ ਵਿਰੁੱਧ ਇਸ ਮਾਮਲੇ ਵਿੱਚ ਚਾਰਜਸ਼ੀਟ ਫਾਈਲ ਹੋਈ ਹੈ। ਸੁਣਵਾਈ ਲਈ ਅਦਾਲਤ ਨੇ 25 ਅਪ੍ਰੈਲ ਦੀ ਮਿਤੀ ਨਿਰਧਾਰਤ ਕੀਤੀ ਹੈ।
ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵਿੱਚ ਦਰਜ ਕੀਤੀ ਚਾਰਜਸ਼ੀਟ ਵਿੱਚ ਕਾਂਗਰਸ ਦੇ ਓਵਰਸੀਜ਼ ਪ੍ਰਧਾਨ ਸੈਮ ਪਿਤਰੋਦਾ, ਸੁਮਨ ਦੂਬੇ ਅਤੇ ਹੋਰ ਨਾਮੀ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ED ਵੱਲੋਂ 751.9 ਕਰੋੜ ਦੀ ਜਾਇਦਾਦ ਜ਼ਬਤ
ED ਨੇ ਇਸ ਮਾਮਲੇ ਵਿੱਚ ਹੁਣ ਤੱਕ ਕਰੀਬ 751.9 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ, ਜਿਸ ਵਿੱਚੋਂ 661.69 ਕਰੋੜ ਦੀ ਜਾਇਦਾਦ ਏਜੇਐਲ (Associated Journals Ltd) ਨਾਲ ਅਤੇ 90.21 ਕਰੋੜ ਯੰਗ ਇੰਡੀਆ ਨਾਲ ਸਬੰਧਿਤ ਹੈ। ਇਹ ਕਾਰਵਾਈ ਪੀਐਮਐਲਏ ਤਹਿਤ ਦਿੱਲੀ, ਮੁੰਬਈ ਅਤੇ ਲਖਨਊ ‘ਚ ਕੀਤੀ ਗਈ।
ਕੀ ਹੈ ਮਾਮਲਾ?
2014 ਵਿੱਚ ED ਨੇ AJL ਅਤੇ Young India ਖ਼ਿਲਾਫ਼ ਜਾਂਚ ਦੀ ਸ਼ੁਰੂਆਤ ਕੀਤੀ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ Young India ਨੇ ਇੱਕ ਅਪਰਾਧਿਕ ਸਾਜ਼ਿਸ਼ ਰਾਹੀਂ AJL ਦੀਆਂ ਕੀਮਤੀ ਜਾਇਦਾਦਾਂ ਹਾਸਲ ਕੀਤੀਆਂ। AJL ਨੂੰ ਪੁਰਾਣੇ ਸਮੇਂ ਵਿੱਚ ਸਰਕਾਰ ਵੱਲੋਂ ਅਖਬਾਰ ਚਲਾਉਣ ਲਈ ਰਿਆਯਤੀ ਜ਼ਮੀਨ ਦਿੱਤੀ ਗਈ ਸੀ, ਪਰ 2008 ਵਿੱਚ ਅਖਬਾਰ ਬੰਦ ਹੋਣ ਤੋਂ ਬਾਅਦ ਇਹ ਜਾਇਦਾਦਾਂ ਵਪਾਰਕ ਉਦੇਸ਼ਾਂ ਲਈ ਵਰਤੀਆਂ ਜਾਣ ਲੱਗੀਆਂ।
ਸੂਤਰਾਂ ਮੁਤਾਬਕ, ਕਾਂਗਰਸ ਪਾਰਟੀ ਨੇ AJL ਨੂੰ ਦਿੱਤਾ 90.21 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਇਸ ਨੂੰ ਸਿਰਫ਼ 50 ਲੱਖ ਰੁਪਏ ਵਿੱਚ Young India ਨੂੰ ਦੇਣ ਦੀ ਯੋਜਨਾ ਬਣਾਈ। ਇਸ ਯੋਜਨਾ ਰਾਹੀਂ ਗਾਂਧੀ ਪਰਿਵਾਰ ਨੇ Young India ਰਾਹੀਂ AJL ਦੀਆਂ ਜਾਇਦਾਦਾਂ ਉੱਤੇ ਅਸਿੱਧਾ ਕੰਟਰੋਲ ਹਾਸਲ ਕਰ ਲਿਆ।
ਇਸ ਮਾਮਲੇ ਵਿੱਚ ਸੋਨੀਆ ਅਤੇ ਰਾਹੁਲ ਗਾਂਧੀ ਤੋਂ ਪਹਿਲਾਂ ਵੀ ਪੁੱਛਗਿੱਛ ਹੋ ਚੁੱਕੀ ਹੈ। ਮਾਮਲਾ ਹੁਣ ਅਦਾਲਤ ਦੇ ਸਾਹਮਣੇ ਹੈ, ਜਿੱਥੇ 25 ਅਪ੍ਰੈਲ ਨੂੰ ਅਗਲੀ ਕਾਰਵਾਈ ਹੋਣੀ ਹੈ।