ਚੰਡੀਗੜ੍ਹ: ਪੰਜਾਬ ਸਰਕਾਰ ਜਿੱਥੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰ ਰਹੀ ਹੈ, ਉੱਥੇ ਹੀ ED ਨੇ ਵੀ ਇੱਕ ਵੱਡੀ ਕਾਰਵਾਈ ਕੀਤੀ ਹੈ। ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ‘ਤੇ ED ਨੇ ਨਸ਼ਾ ਤਸਕਰੀ ਮਾਮਲੇ ਨਾਲ ਜੁੜੇ ਲੈਣ-ਦੇਣ ਨੂੰ ਲੈ ਕੇ ਕਾਰਵਾਈ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ, ED ਨੇ ਖਹਿਰਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ੀ ਕੋਠੀ ਨੂੰ ਅਟੈਚ ਕਰ ਲਿਆ ਹੈ, ਜਿਸ ਦੀ ਕੁੱਲ ਕੀਮਤ 3 ਕਰੋੜ 82 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਕਾਰਵਾਈ ED ਵੱਲੋਂ ਨਸ਼ਾ ਤਸਕਰ ਗੁਰਦੇਵ ਸਿੰਘ ਨਾਲ ਸੰਭਾਵਿਤ ਲੈਣ-ਦੇਣ ਦੇ ਦੋਸ਼ਾਂ ‘ਤੇ ਕੀਤੀ ਗਈ।
ਖਹਿਰਾ ਨੇ ED ਦੀ ਕਾਰਵਾਈ ਨੂੰ ਦੱਸਿਆ ਸਿਆਸੀ ਪ੍ਰੇਰਿਤ
ਦੂਜੇ ਪਾਸੇ, ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ‘ਤੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਇਸਨੂੰ ਨਾਇੰਸਾਫ਼ੀ ਅਤੇ ਸਿਆਸੀ ਬਦਲੇਖੋਰੀ ਦਾ ਹਿੱਸਾ ਕਰਾਰ ਦਿੱਤਾ। ਉਨ੍ਹਾਂ ਨੇ ਲਿਖਿਆ, “ਮੈਨੂੰ ਮੀਡੀਆ ਰਾਹੀਂ ਪਤਾ ਲੱਗਾ ਕਿ ED ਨੇ ਮੇਰੀ ਚੰਡੀਗੜ੍ਹ ਰਿਹਾਇਸ਼ ਅਟੈਚ ਕਰ ਲਈ ਹੈ, ਪਰ ਮੈਨੂੰ ਇਸ ਬਾਰੇ ਕੋਈ ਅਧਿਕਾਰਿਕ ਨੋਟਿਸ ਨਹੀਂ ਮਿਲਿਆ। ਜੇਕਰ ਇਹ ਖਬਰ ਸਹੀ ਵੀ ਹੈ, ਤਾਂ ਮੀਡੀਆ ਨੂੰ ਵਧਾਅ ਚੜ੍ਹਾ ਕੇ ਪੇਸ਼ ਕਰਨ ਦੀ ਬਜਾਏ ਮੈਨੂੰ ਸਿੱਧਾ ਸੂਚਿਤ ਕੀਤਾ ਜਾਣਾ ਚਾਹੀਦਾ ਸੀ।”
ਉਨ੍ਹਾਂ ਅੱਗੇ ਕਿਹਾ, “ਇਹ ਕੇਵਲ ਮੇਰੀ ਛਵੀ ਨੂੰ ਖ਼ਰਾਬ ਕਰਨ ਦੀ ਇੱਕ ਸਾਜ਼ਿਸ਼ ਹੈ। BJP ਨੇ ED ਨੂੰ ਇੱਕ ਹਥਿਆਰ ਵਜੋਂ ਵਰਤ ਕੇ ਦੇਸ਼ ਭਰ ‘ਚ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ।”