ਆਪ’ ਨੇ ਵਕੀਲ ਆਗੂ ਗਿਆਨ ਸਿੰਘ ਮੂੰਗੋ ਨੂੰ ਸੌਂਪੀ ਸਟੇਟ ਲੀਗਲ ਵਿੰਗ ਦੀ ਕਮਾਨ

TeamGlobalPunjab
4 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਪਣੇ ਸਟੇਟ ਲੀਗਲ ਵਿੰਗ ‘ਚ ਵੱਡਾ ਫੇਰਬਦਲ ਕਰਦਿਆਂ ਵਕੀਲਾਂ ਦੇ ਵੱਡੇ ਆਗੂ ਗਿਆਨ ਸਿੰਘ ਮੂੰਗੋ  ਨੂੰ ਲੀਗਲ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।
ਸੋਮਵਾਰ ਇੱਥੇ ਪ੍ਰੈੱਸ ਕਾਨਫ਼ਰੰਸ ਰਾਹੀਂ ਇਹ ਐਲਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਇਸ ਮੌਕੇ ਲੀਗਲ ਵਿੰਗ ਦੇ ਸਾਬਕਾ ਪ੍ਰਧਾਨ ਐਡਵੋਕੇਟ ਜਸਤੇਜ ਸਿੰਘ ਅਰੋੜਾ, ਸਿਆਸੀ ਰਿਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਕੋਰ ਕਮੇਟੀ ਮੈਂਬਰ ਅਤੇ ਖਜਾਨਚੀ ਸੁਖਵਿੰਦਰ ਸੁੱਖੀ, ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ, ਸੀਨੀਅਰ ਆਗੂ ਕਰਨਬੀਰ ਸਿੰਘ ਟਿਵਾਣਾ, ਪ੍ਰਦੀਪ ਸਿੰਘ ਮਲਹੋਤਰਾ ਫਤਿਹਗੜ੍ਹ ਸਾਹਿਬ, ਜਗਤਾਰ ਸਿੰਘ ਰਾਜਲਾ ਸਾਬਕਾ ਵਿਧਾਇਕ, ਐਡਵੋਕੇਟ ਮੱਖਣ ਸਿੰਘ, ਐਡਵੋਕੇਟ ਪਰਮਜੀਤ ਵਰਮਾ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ ਫਤਿਹਗੜ੍ਹ, ਐਡਵੋਕੇਟ ਹਰਜਿੰਦਰ ਸਿੰਘ, ਗੁਰਜੰਟ ਸਿੰਘ ਘਨੌਰ, ਐਡਵੋਕੇਟ ਸਮਰਵੀਰ ਸਿੰਘ ਫਾਜਿਲਕਾ, ਐਡਵੋਕੇਟ ਯਾਦਵਿੰਦਰ ਸਿੰਘ ਗੋਲਡੀ ਪਟਿਆਲਾ, ਸੁਖਦੀਪ ਹੁੰਦਲ, ਮਦਨ ਅਰੋੜਾ ਅਤੇ ਗੁਰਦੇਵ ਸਿੰਘ (ਦੇਵ ਮਾਨ) ਸਮੇਤ ਵੱਡੀ ਗਿਣਤੀ ‘ਚ ਵਕੀਲ ਭਾਈਚਾਰਾ ਮੌਜੂਦ ਸੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਤੌਰ ਪੇਸ਼ੇਵਰ ਵਕੀਲ ਹੋਣ ਦੇ ਨਾਤੇ ਮੈਂ (ਚੀਮਾ) ਦਾਅਵੇ ਨਾਲ ਕਹਿ ਸਕਦਾ ਹਾਂ ਕਿ ਐਡਵੋਕੇਟ ਗਿਆਨ ਸਿੰਘ ਮੂੰਗੋ ਪਾਰਟੀ ਦੇ ਨਾਲ-ਨਾਲ ਵਕੀਲ ਜਗਤ ਦਾ ਭਰੋਸੇਯੋਗ ਚਿਹਰਾ ਹਨ। ਜੋ 19 ਵਾਰ ਬਾਰ ਐਸੋਸਇਏਸ਼ਨ ਨਾਭਾ ਦੇ ਪ੍ਰਧਾਨ ਚੱਲੇ ਆ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਦਸ ਸਾਲ ਬਾਦਲਾਂ ਦੇ ਮਾਫ਼ੀਆ ਰਾਜ ਅਤੇ ਹੁਣ ਤਿੰਨ ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਨਖਿੱਧ ਅਤੇ ਗਈ-ਗੁਜਰੀ ਸਰਕਾਰ ਨੇ ਜੋ ਤਰਸਯੋਗ ਹਾਲਾਤ ਪੈਦਾ ਕਰ ਦਿੱਤੇ ਹਨ, ਅਜਿਹੇ ਔਖੇ ਸਮੇਂ ‘ਚ ਵਕੀਲ ਭਾਈਚਾਰਾ ਆਮ ਲੋਕਾਂ ਲਈ ਬੇਹੱਦ ਅਹਿਮ ਅਤੇ ਜ਼ਿੰਮੇਵਾਰ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਜੰਗਲ ਰਾਜ ਦੌਰਾਨ ਸਰਕਾਰੀ ਜਬਰ ਜ਼ੁਲਮ ਅਤੇ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਵਕੀਲ ਭਾਈਚਾਰੇ ਤੋਂ ਵੱਧ ਕੇ ਕੌਣ ਲੜ ਸਕਦਾ ਹੈ? ਇਸ ਲਈ ਆਮ ਆਦਮੀ ਪਾਰਟੀ ਨੇ ਪਾਰਟੀ ਸਫ਼ਬੰਦੀ ਤੋਂ ਉੱਪਰ ਉੱਠ ਕੇ ਹਰੇਕ ਪੀੜਤ ਪਰਿਵਾਰ ਦੀ ਕਾਨੂੰਨੀ ਲੜਾਈ ਮੁਫ਼ਤ ਅਤੇ ਨਿਰਸਵਾਰਥ ਲੜਨ ਦਾ ਬੀੜਾ ਚੁੱਕਿਆ ਹੈ। ਵਿਸ਼ਵਾਸ ਹੈ ਕਿ ਗਿਆਨ ਸਿੰਘ ਮੂੰਗੋ ਅਤੇ ਪਾਰਟੀ ਲੀਗਲ ਵਿੰਗ ਟੀਮ ਮਿਸਾਲੀਆ ਕੰਮ ਕਰੇਗੀ। ਚੀਮਾ ਨੇ ਲੀਗਲ ਵਿੰਗ ਦੇ ਪਹਿਲੇ ਪ੍ਰਧਾਨ ਜਸਤੇਜ ਸਿੰਘ ਅਰੋੜਾ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਸਤੇਜ ਸਿੰਘ ਅਰੋੜਾ ਪਾਰਟੀ ਦੇ ਬੁਲਾਰੇ ਸਮੇਤ ਕੁੱਝ ਹੋਰ ਵੱਡੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ।
ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਵਕਤ ਸੂਬੇ ‘ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ। ਕਾਨੂੰਨ ਵਿਵਸਥਾ ਦੀ ਬਦਤਰ ਸਥਿਤੀ ਕਾਰਨ ਅੱਜ ਆਮ ਲੋਕਾਂ ਦਾ ਜੀਵਨ ਨਰਕ ਬਣ ਗਿਆ ਹੈ। ਸਰਕਾਰੀ ਤੰਤਰ ਢਹਿ ਢੇਰੀ ਹੋਣ ਕਾਰਨ ਸਰਕਾਰ-ਦਰਬਾਰ ‘ਚ ਨਾ ਫ਼ਰਿਆਦ ਦੀ ਸੁਣਵਾਈ ਹੈ ਅਤੇ ਨਾ ਹੀ ਇਨਸਾਫ਼ ਦੀ ਉਮੀਦ ਬਚੀ ਹੈ। ਇਨ੍ਹਾਂ ਹਾਲਾਤ ‘ਚ ‘ਆਪ’ ਦਾ ਲੀਗਲ ਵਿੰਗ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਿਹਾ ਹੈ ਅਤੇ ਭਵਿੱਖ ‘ਚ ਹੋਰ ਵੀ ਯੋਜਨਾਬੱਧ ਤਰੀਕੇ ਨਾਲ ਨਿਭਾਵੇਗਾ।
ਇਸ ਮੌਕੇ ਲੀਗਲ ਵਿੰਗ ਦੇ ਨਵਨਿਯੁਕਤ ਸੂਬਾ ਪ੍ਰਧਾਨ, ਐਡਵੋਕੇਟ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਅਹਿਮ ਜ਼ਿੰਮੇਵਾਰੀ ਲਈ ਪਾਰਟੀ ਅਤੇ ਜਨਤਾ ਦੀ ਕਸੌਟੀ ‘ਤੇ ਖਰਾ ਉੱਤਰਨ ਲਈ ਦਿਨ-ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਦਿੱਲੀ ਅਸੰਬਲੀ ਚੋਣਾਂ ਦੀ ਡਿਊਟੀ ਖ਼ਤਮ ਹੁੰਦਿਆਂ ਹੀ 1 ਮਹੀਨੇ ਦੇ ਅੰਦਰ-ਅੰਦਰ ਆਮ ਆਦਮੀ ਪਾਰਟੀ ਦੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਲੈ ਕੇ ਤਹਿਸੀਲ ਪੱਧਰ ਤੱਕ ‘ਆਮ ਆਦਮੀ ਲੀਗਲ ਹੈਲਪ ਡੈਸਕ’ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਉਨ੍ਹਾਂ ਇਸ ਜ਼ਿੰਮੇਵਾਰੀ ਲਈ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਸਮੇਤ ਸਮੁੱਚੀ ਸਟੇਟ ਲੀਡਰਸ਼ਿਪ ਦਾ ਧੰਨਵਾਦ ਕੀਤਾ।

Share this Article
Leave a comment