ਜ਼ਮੀਨ ਘੁਟਾਲੇ ਦੇ ਮਾਮਲੇ ‘ਚ ED ਨੇ IAS ਛਵੀ ਰੰਜਨ ਨੂੰ ਕੀਤਾ ਗ੍ਰਿਫਤਾਰ

Rajneet Kaur
2 Min Read

ਨਿਊਜ਼ ਡੈਸਕ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਝਾਰਖੰਡ ਦੇ IAS ਅਧਿਕਾਰੀ ਛਵੀ ਰੰਜਨ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਨੇ ਛਵੀ ਰੰਜਨ ਨੂੰ ਝਾਰਖੰਡ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਦੋਸ਼ੀਆਂ ਦੀ ਮਦਦ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਛਵੀ ਰੰਜਨ 2011 ਬੈਚ ਦਾ IAS ਅਧਿਕਾਰੀ ਹਨ ਅਤੇ ਜਦੋਂ ਇਹ ਜ਼ਮੀਨ ਘੁਟਾਲਾ ਹੋਇਆ ਸੀ ਤਾਂ ਉਹ ਰਾਂਚੀ ਵਿੱਚ ਡੀਐਮ ਵਜੋਂ ਤਾਇਨਾਤ ਸਨ। ਏਜੰਸੀ ਨੇ ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ ਵੀ ਮੁਲਜ਼ਮਾਂ ਤੋਂ ਲੰਬੀ ਪੁੱਛਗਿੱਛ ਕੀਤੀ ਸੀ।

ਦਸ ਦਈਏ ਕਿ  ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਝਾਰਖੰਡ, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ 22 ਥਾਵਾਂ ‘ਤੇ ਛਾਪੇਮਾਰੀ ਕਰਕੇ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਪਹਿਲੇ ਦੋਸ਼ੀਆਂ ਦੇ ਨਾਂ ਅਫਸਾਰ ਅਲੀ, ਇਮਤਿਆਜ਼ ਅਹਿਮਦ, ਪ੍ਰਦੀਪ ਬਾਗਚੀ, ਮੁਹੰਮਦ ਸੱਦਾਮ ਹੁਸੈਨ, ਤਲਹਾ ਖਾਨ, ਭਾਨੂ ਪ੍ਰਤਾਪ ਪ੍ਰਸਾਦ ਅਤੇ ਫਯਾਜ਼ ਖਾਨ ਹਨ। IAS ਅਧਿਕਾਰੀ ਤੋਂ ਇਲਾਵਾ ਫੜੇ ਗਏ ਸਾਰੇ ਮੁਲਜ਼ਮ ਵਿਚੋਲੇ ਹਨ ਅਤੇ ਜ਼ਮੀਨਾਂ ’ਤੇ ਕਬਜ਼ਾ ਕਰਨ ਤੋਂ ਬਾਅਦ ਜਾਅਲੀ ਦਸਤਾਵੇਜ਼ ਬਣਾ ਕੇ ਵੇਚਦੇ ਸਨ। ਇਸ ਕੰਮ ਵਿੱਚ ਸਰਕਾਰੀ ਅਧਿਕਾਰੀ ਵੀ ਉਨ੍ਹਾਂ ਦੀ ਮਦਦ ਕਰ ਰਹੇ ਸਨ, ਜਿਸ ਵਿੱਚ ਛਵੀ ਰੰਜਨ ਵੀ ਸ਼ਾਮਲ ਸੀ।

ਦਸ ਦਈਏ ਕਿ ਇਹ ਮੁਲਜ਼ਮ ਸਾਲ 1932 ਦੇ ਜ਼ਮੀਨੀ ਦਸਤਾਵੇਜ਼ ਬਣਾ ਕੇ ਲੋਕਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਦੇ ਸਨ ਅਤੇ ਪੀੜਤਾਂ ਨੂੰ ਦੱਸਦੇ ਸਨ ਕਿ ਉਨ੍ਹਾਂ ਦੇ ਪਿਓ-ਦਾਦੇ ਨੇ ਉਨ੍ਹਾਂ ਦੀਆਂ ਜ਼ਮੀਨਾਂ ਵੇਚ ਦਿੱਤੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਨ੍ਹਾਂ ਤੋਂ ਸੈਂਕੜੇ ਫਰਜ਼ੀ ਡੀਡ ਬਰਾਮਦ ਕੀਤੇ ਹਨ। IAS ਛਵੀ ਰੰਜਨ ‘ਤੇ ਵੀ ਇਸ ਮਾਮਲੇ ‘ਚ ਉਨ੍ਹਾਂ ਦੀ ਮਦਦ ਕਰਨ ਦਾ ਦੋਸ਼ ਹੈ ਅਤੇ ਇਸ ਲਈ ਈਡੀ ਨੇ ਉਨ੍ਹਾਂ ‘ਤੇ ਛਾਪੇਮਾਰੀ ਕੀਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment