ਰਣਇੰਦਰ ਅਤੇ ਕੈਪਟਨ ਪਰਿਵਾਰ ਦੇ ਬਾਕੀ ਮੈਂਬਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸਾਂ ਕਾਰਨ ਕੈਪਟਨ ਮੋਦੀ ਖ਼ਿਲਾਫ਼ ਮੂੰਹ ਨਹੀਂ ਖੋਲ੍ਹਦੇ-ਹਰਪਾਲ ਚੀਮਾ

TeamGlobalPunjab
3 Min Read

ਚੰਡੀਗੜ੍ਹ: ਬੀਤੇ ਦਿਨੀਂ ਈਡੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੀ ਵੱਖ-ਵੱਖ ਕੇਸਾਂ ਵਿੱਚ ਕੀਤੀ ਪੁੱਛਗਿੱਛ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਕੇਸਾਂ ਵਿਚ ਪੁੱਛਗਿੱਛ ਹੋ ਰਹੀ ਹੈ। ਇਸ ਲਈ ਹੁਣ ਇਸ ਮਾਮਲੇ ਵਿੱਚ ਕਿਸੇ ਸਾਰਥਿਕ ਨਤੀਜੇ ਉੱਤੇ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਿਸਾਨਾਂ ਦੇ ਹੱਕ ਵਿੱਚ ਇਸ ਲਈ ਕੋਈ ਫ਼ੈਸਲਾ ਨਹੀਂ ਲੈ ਰਹੇ, ਕਿਉਂਕਿ ਕੈਪਟਨ ਅਮਰਿੰਦਰ ਅਤੇ ਪਰਿਵਾਰ ਉੱਤੇ ਭ੍ਰਿਸ਼ਟਾਚਾਰ ਦੇ ਕੇਸਾਂ ਕਾਰਨ ਹੀ ਨਰਿੰਦਰ ਮੋਦੀ ਕੈਪਟਨ ਦੀ ਬਾਂਹ ਮਰੋੜਨ ਵਿੱਚ ਕਾਮਯਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ, ਪਤਨੀ ਅਤੇ ਬੇਟੇ ਦੇ ਸਵਿਸ ਬੈਂਕਾਂ ਦੇ ਕੇਸ ਅਤੇ ਹੋਰ ਵਿਦੇਸ਼ੀ ਹਵਾਲੇ ਦੇ ਮਾਮਲੇ ਦੇ ਕੇਸ ਖੁੱਲਣ ਦੇ ਡਰੋਂ ਹੀ ਕੈਪਟਨ ਅਮਰਿੰਦਰ ਹੁਣ ਤਕ ਕਿਸਾਨਾਂ ਦੇ ਮੁੱਦੇ ਹੱਲ ਕਰਾਉਣ ਲਈ ਮੋਦੀ ਉੱਤੇ ਦਬਾਅ ਪਾਉਣ ਜਾਂ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਮਿਲਣ ਤੋਂ ਕਤਰਾ ਰਹੇ ਹਨ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਵਿਦੇਸ਼ੀ ਜਾਇਦਾਦਾਂ ਦਾ ਵੇਰਵਾ ਜਨਤਕ ਕਰਨਾ ਚਾਹੀਦਾ ਹੈ ।

ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਚੋਣਾਂ ਵਿਚ ਵੱਡਾ ਬਹੁਮਤ ਦੇ ਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ, ਪ੍ਰੰਤੂ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਦਬਾਅ ਕਾਰਨ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਉਣ ਤੋਂ ਗੁਰੇਜ਼ ਕੀਤਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੀ ਸਰਕਾਰ ਅਤੇ ਉਸ ਦੇ ਨੇਤਾ ਇਮਾਨਦਾਰ ਹੋਣ ਤਾਂ ਕੇਂਦਰ ਸਰਕਾਰ ਉਨ੍ਹਾਂ ਖ਼ਿਲਾਫ਼ ਕੁੱਝ ਵੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸਬਕ ਸਿੱਖਣ ਜਿਹਨਾ ਨੇ ਇਮਾਨਦਾਰੀ ਦੇ ਰਾਹ ‘ਤੇ ਚੱਲਦਿਆਂ ਲੋਕਾਂ ਦੇ ਹਿੱਤਾਂ ਨੂੰ ਦਾਅ ‘ਤੇ ਨਹੀਂ ਲਗਾਇਆ। ਉਨ੍ਹਾਂ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਇੱਕ ਮਿਸਾਲ ਹੈ। ਜਿਸ ਨੂੰ ਧਮਕਾਉਣ, ਦਬਾਉਣ ਲਈ ਜਿੱਥੇ ਮੋਦੀ ਨੇ ਅਨੇਕਾਂ ਵਾਰ ਸੀਬੀਆਈ ਅਤੇ ਈਡੀ ਦਾ ਡਰਾਵਾ ਦੇ ਕੇ ਸਰਕਾਰ ਨੂੰ ਝੁਕਾਉਣ ਦਾ ਯਤਨ ਕੀਤਾ ਹੈ, ਪ੍ਰੰਤੂ ਅਰਵਿੰਦ ਕੇਜਰੀਵਾਲ ਦੇ ਇਮਾਨਦਾਰ ਹੋਣ ਕਾਰਨ ਉਹ ਕੁੱਝ ਵੀ ਨਹੀਂ ਕਰ ਸਕਿਆ।

Share this Article
Leave a comment